ਬਰੈਂਪਟਨ ਸਰਕਾਰ ਦੀ ਚੀਫ਼ ਵ੍ਹਿਪ ਬਣਨ ’ਤੇ ਰੂਬੀ ਸਹੋਤਾ ਦਾ ਸਨਮਾਨ

ਬਰੈਂਪਟਨ ਸਰਕਾਰ ਦੀ ਚੀਫ਼ ਵ੍ਹਿਪ ਬਣਨ ’ਤੇ ਰੂਬੀ ਸਹੋਤਾ ਦਾ ਸਨਮਾਨ

ਮੰਡੀ ਅਹਿਮਦਗੜ੍ਹ, 29 ਫਰਵਰੀ- ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਵੱਲੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਪਿੰਡ ਜੰਡਾਲੀ ਕਲਾਂ ਦੀ ਧੀ ਅਤੇ ਬਰੈਂਪਟਨ (ਕੈਨੇਡਾ) ਦੀ ਸੰਸਦ ਮੈਂਬਰ ਰੂਬੀ ਸਹੋਤਾ ਨੂੰ ਉਸ ਦੀ ਗੈਰ-ਹਾਜ਼ਰੀ ਵਿੱਚ ਸਨਮਾਨਿਤ ਕੀਤਾ ਗਿਆ। ਓਂਟਾਰੀਓ ਸਿੱਖ ਗੁਰਦੁਆਰਾ ਕੌਂਸਲ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਜੰਡਾਲੀ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਨੇ ਆਪਣੀ ਧੀ, ਜੋ ਹਾਲ ਹੀ ਵਿੱਚ ਬਰੈਂਪਟਨ ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਚੀਫ਼ ਗਵਰਨਮੈਂਟ ਵ੍ਹਿਪ ਨਿਯੁਕਤ ਕੀਤੀ ਗਈ ਹੈ, ਨੂੰ ਭੇਟ ਕੀਤੇ ਜਾਣ ਵਾਲੇ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਪ੍ਰਾਪਤ ਕੀਤੇ। ਸਮਾਗਮ ਦੇ ਕਨਵੀਨਰ ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰ ਪੁਰੀ ਨੇ ਦੱਸਿਆ ਕਿ ਰੂਬੀ ਸਹੋਤਾ ਅਤੇ ਜੰਡਾਲੀ ਪਰਿਵਾਰ ਵੱਲੋਂ ਬਰੈਂਪਟਨ ਅਤੇ ਕੈਨੇਡਾ ਦੇ ਹੋਰਨਾਂ ਹਿੱਸਿਆਂ ਵਿੱਚ ਰਹਿ ਰਹੇ ਪੰਜਾਬੀਆਂ ਦੀ ਸੇਵਾ ਵਿੱਚ ਪਾਏ ਯੋਗਦਾਨ ਨੂੰ ਦੇਖਦਿਆਂ ਕਰੀਬ ਦੋ ਦਰਜਨ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਨੇ ਰੂਬੀ ਸਹੋਤਾ ਨੂੰ ਸਨਮਾਨਿਤ ਕੀਤਾ ਹੈ। ਇਸ ਮੌਕੇ ਰਵਿੰਦਰ ਪੁਰੀ, ਸੁਰਿੰਦਰ ਕੁਰੜਛਾਪਾ (ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ), ਕੇਦਾਰ ਕਪਿਲਾ (ਪ੍ਰਬੰਧਕ ਅਹਿਮਦਗੜ੍ਹ ਵਿੱਦਿਆ ਪ੍ਰਚਾਰਕ ਸਭਾ), ਸ਼ਿਰਾਜ ਮੁਹੰਮਦ, ਕਮਲਜੀਤ ਸਿੰਘ ਉੱਭੀ, ਅਵਤਾਰ ਸਿੰਘ ਜੱਸਲ (ਸਾਬਕਾ ਪ੍ਰਧਾਨ ਨਗਰ ਕੌਂਸਲ) ਤੇ ਡਾ. ਸੁਨੀਤ ਹਿੰਦ ਪ੍ਰਧਾਨ ਸੋਸ਼ਲ ਵੈੱਲਫੇਅਰ ਆਰਗੇਨਾਈਜੇਸ਼ਨ ਨੇ ਰੂਬੀ ਸਹੋਤਾ ਦੀ ਸ਼ਲਾਘਾ ਕੀਤੀ।

You must be logged in to post a comment Login