ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਪਰਪੱਕ ਖੂਬਸੂਰਤ ਹੈ ਕਨੇਡਾ ਵਿਚ ਪਤਝੜ ਦਾ ਰੁਮਾਂਚਿਕ ਮੌਸਮ | ਪਿਛਲੇ ਦਿਨੀਂ ਐਡਮਿੰਟਨ ਤੋਂ ਕਈ-ਕਈ ਸੌ ਮੀਲ ਦੂਰ ਘੁੰਮਣ ਫਿਰਨ ਦਾ ਮੌਕਾ ਮਿਲਿਆ | ਇੱਥੇ ਪਤਝੜ ਸਿਤੰਬਰ ਮਹੀਨੇ ਦੇ ਦੂਸਰੇ ਹਫਤੇ ਤੋਂ ਵੱਖ-ਵੱਖ ਰੰਗਾਂ ਦੀ ਸਿਰਜਨਾਤਮਿਕ ਵਿਖਾਇਆ ਦਾ ਢੋਲ ਵਜਾਅ ਦਿੰਦੀ ਹੈ | ਕਨੇਡਾ ਦੇ ਲੈਂਡ ਸਕੇਪਿੰਗ ਦੇ ਮਾਹਿਰ ਵਿਗਿਆਨੀਆਂ ਨੇ ਕਈ ਪ੍ਰਕਾਰ ਦੀਆਂ ਜਾਤੀਆਂ, ਸਵਰੂਪਾਂ, ਅਕਾਰਾਂ, ਪ੍ਰਕਾਰਾਂ ਦੇ ਰੁੱਖਾਂ ਨੂੰ  ਇਸ ਵਿਉਂਤਬੰਦੀ ਨਾਲ ਸੜਕਾਂ, ਝੀਲਾਂ, ਨਹਿਰਾਂ, ਚੌਂਕਾਂ, ਜੰਗਲਾਂ ਦੁਆਲੇ, ਪਰਬਤਾਂ ਵਿਚ ਲਗਾਇਆ ਹੈ ਕਿ ਰੁੱਖਾਂ ਦੀ ਤਰਤੀਬ, ਤਾਮੀਰ, ਤਾਸੀਰ, ਦਿਸ਼ਾ, ਉਚੀ-ਨੀਵੀਂ ਤਕਸੀਮ ਸ਼ੈਲੀ ਨੂੰ  ਇਸ ਖ਼ੂਬਸੂਰਤ ਪ੍ਰਯੋਗਮਈ ਖੋਜਮਈ ਢੰਗ ਨਾਲ ਸ਼ਿਲਪਗਤ ਕੀਤਾ ਹੈ ਕਿ ਅੱਖਾਂ ਜਦ ਇਨ੍ਹਾਂ ਸੁੰਦਰ ਰੰਗ-ਬਿਰੰਗੇ ਰੱਖਾਂ ਨੂੰ  ਅਪਣਾਉਂਦੀਆਂ ਹੋਈਆਂ, ਦਿਲ, ਦਿਮਾਗ, ਰੂਹ ਵਿਚ ਪ੍ਰਵੇਸ਼ ਕਰਦੀਆਂ ਹਨ ਤਾਂ ਰੰਗਾਂ ਦੀ ਨਵੀਨ ਵਿਰਾਸਤ, ਰੰਗਾਂ ਦਾ ਸਭਿਆਚਾਰ ਸ਼ੋਖੀਆ ਵਿਚ ਤਬਦੀਲ ਹੋ ਕੇ ਸਵਰਣਯੁਗ ਵਿਚ ਆ ਜਾਂਦਾ ਹੈ | ਐਡਮਿੰਟਨ ਤੋਂ ਲੈ ਕੇ ਵੈਨਕੂਵਰ ਤੱਕ ਬਾਈ ਰੋਡ ਜਾਂਦਿਆਂ ਰੁੱਖਾਂ ‘ਤੇ ਰੰਗੀਲੀ, ਫਬੀਲੀ, ਨਸ਼ੀਲੀ ਅਹਿਮੀਅਤ ਵੇਖ ਕੇ ਰੂਹ ਆਨੰਦਿਤ ਹੋ ਜਾਂਦੀ ਹੈ | ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕੁਦਰਤ ਨੇ ਸਾਰੀ ਸੁੰਦਰਤਾ ਪਤਝੜ ਵਿਚ ਵਿਭਾਜਨ ਕਰ ਦਿੱਤੀ ਹੋਵੇ | ਜਿਸ ਤਰ੍ਹਾਂ ਕੁਦਰਤੀ ਮੁਸਵਿੱਰ ਨੇ ਅਮੂਰਤ ਬਿੰਬਾਂ ਦਾ ਵਿਆਪਕ ਯਥਾਰਥ ਚਿੱਤਰਣ ਕੀਤਾ ਹੋਵੇ |

ਜਿੱਥੇ ਬਹਾਰਾਂ ਦੇ ਮੌਸਮ ਵਿਚ ਵੱਖ-ਵੱਖ ਦਿਲਕਸ਼-ਦਿਮਾਗਕਸ਼ ਖ਼ੁਸ਼ਬੂਆਂ ਦਾ ਸੰਤੌਸ਼ਜਨਕ ਆਨੰਦ ਉਥੇ ਪਤਝੜ ਵਿਚ ਬਹਾਰਾਂ ਨਾਲੋਂ ਕਿਤੇ ਜ਼ਿਆਦਾ ਰੰਗਾਂ ਦੀ ਸੁੰਦਰ ਨਿਰਾਲੇਪਨ ਵਿਚ ਇਕ ਫਿੱਕੀ-ਫਿੱਕੀ ਅਜੀਬ ਜਿਹੀ ਬੀਅਰ ਦੇ ਸਵਾਦ ਵਰਗੀ ਸੁਗੰਧ ਫੈਲਦੀ ਹੋਈ ਸਾਰੇ ਜਿਸਮ ਵਿਚ ਇਕ ਸਕੂਨ ਉਤਪੰਨ ਕਰ ਦਿੰਦੀ ਹੈ |ਤੜਕ ਸਵੇਰ ਦੀ ਪਤਝੜ ਦਾ ਮੌਸਮ ਠੰਢਾ ਅਲਬੇਲਾ, ਮਰਮਸਪਰਸ਼ੀ ਅਨੁਭਵ ਨੂੰ  ਮੰਥਨ ਕਰਕੇ ਕੋਈ ਹਿਲੋਰਾ ਆਤਮਸਾਤ ਕਰਦਾ ਹੈ |ਜਦ ਤਰ੍ਹਾਂ-ਤਰ੍ਹਾਂ ਦੇ ਰੁੱਖਾਂ ਦੇ ਪੱਤਿਆਂ ਉਪਰ ਸੂਰਜ ਦੀਆਂ ਉਜਵਲ ਕੋਸੀਆਂ-ਕੋਸੀਆਂ ਕਿਰਨਾਂ ਆਪਣੇ ਗੁਨਗਨੇ ਚੁੰਮਣ ਧਰਦੀਆਂ ਹਨ ਤਾਂ ਰੰਗੀਨ ਪੱਤਿਆਂ ਉਪਰ ਪਈਆਂ ਸ਼ਬਨਮ ਦੀਆਂ ਬੂੰਦਾਂ ਆਲਿੰਗਨਤਾ ਵਿਚ ਓਤ-ਪੋਤ ਹੋ ਕੇ ਮੌਸਮ ਤੋਂ ਸਭ ਕੁਝ ਨੌਛਾਵਰ ਕਰ ਦਿੰਦੀਆਂ ਹਨ | ਕੂਲੇਪਣ ਦਾ ਅਹਿਸਾਸ ਅੰਗੜਾਈ ਲੈ ਕੇ ਕੁਦਰਤ ਦੇ ਅਨੋਖੇ ਸਿਰਜਨ ਦੀ ਤਪਸਿਆ ਵਿਚ ਮਗਨ ਹੋ ਜਾਂਦਾ ਹੈ |

ਇਸ ਮੌਸਮ ਵਿਚ ਲੋਕੀਂ ਸੈਰ ਦਾ ਪੂਰਾ-ਪੂਰਾ ਲੁਤਫ਼ ਉਠਾਉਂਦੇ ਹੋਏ ਰੰਗਾਂ ਦੇ ਤਲਿਸਮੀ ਨਜ਼ਾਰੇ ਨੂੰ  ਧਮਣੀਆਂ-ਸਿਰਾਵਾਂ ਵਿਚ ਸ਼ਾਮਿਲ ਕਰਦੇ ਹੋਏ ਆਨੰਦਵਿਭੋਰ ਹੋ-ਹੋ ਜਾਂਦੇ ਹਨ | ਸੁੰਦਰ ਦਿ੍ਸ਼, ਠੰਢਕਦਾਰ ਮੌਸਮ ਜਿਸਮ ਨੂੰ  ਤਾਜ਼ਗੀ, ਸਫੁਰਤੀ ਨਾਲ ਨਿਹਾਲ ਕਰ ਦਿੰਦਾ ਹੈ |  ਸੁੰਦਰ ਮੌਸਮ ਵਰਗੇ ਸੁੰਦਰ ਲੋਕ ਹਨ ਏਧਰ | ਰੱਖਾਂ ਦੇ ਸੁਭਾਅ ਵਰਗੇ, ਰੰਗ-ਢੰਗ ਵਰਗੇ |

ਦੁਪਹਿਰ ਨੂੰ  ਰੰਗ-ਬਿਰੰਗੇ ਰੁੱਖਾਂ ਉਪਰ ਚਮਕਦਾਰ ਰੰਗੀਨੀ ਆਪਣੇ ਪਹਿਲੇ ਅਹਿਸਾਸ ਦੇ ਸੁਖਦ ਪਲਾਂ ਦੀ ਮਹਿਸੂਸਨ ਹਿਰਦੇ ਵਿਚ ਛੱਡਦੀ ਹੈ | ਦੁਪਹਿਰ ਵੇਲੇ ਗਿਰਗਿਟ ਵਾਂਗੂ ਰੰਗ ਬਦਲਦੇ ਪੱਤੇ ਇਵੇਂ ਪ੍ਰਤੀਤ ਹੁੰਦੇ ਜਿਵੇਂ ਰੰਗ-ਬਿਰੰਗੇ ਦੀਵੇ ਝਿਲਮਿਲਾ ਰਹੇ ਹੋਣ |

ਸ਼ਾਮ ਦਾ ਮੌਸਮ ਪਤਝੜ ਨੂੰ  ਖਾਮੋਸ਼ ਲਹਿਰੀਏ ਦੇ ਨਿਰਾਲੇਪਣ ਵਿਚ ਠੰਢੀਆਂ ਠਾਰ ਹਵਾਵਾਂ ਨਾਲ ਹੋਰ ਝੂਮਦੇ ਪਲਾਂ ਦਾ ਅਹਿਸਾਸ ਕਰਵਾ ਕੇ ਆਪਣੀ ਸਾਰੇ ਬੀਤੇ ਜੀਵਨ ਦੀ ਵਰਤਮਾਨ ਆਤਮਕਥਾ ਰੰਗਾਂ ਦੀ ਛਹਿਬਰ ਵਿਚ ਪਿਰੋ ਦਿੰਦਾ ਹੈ | ਸ਼ਾਮ ਦਾ ਡੁੱਬ ਰਿਹਾ ਸੂਰਜ ਜਦ ਰੰਗ-ਬਿਰੰਗੇ ਰੁੱਖਾਂ ਵਿਚ ਮੱਧਮ-ਮੰਥਨ ਲੋਅ ਵਿਚ ਪਰਿਪੂਰਨ ਹੋ ਕੇ ਰੁੱਖਾਂ ਦੀਆਂ ਰੰਗੀਨ ਟਹਿਣੀਆਂ ਵਿਚਕਾਰ ਫਸ ਜਾਂਦਾ ਹੈ ਤਾਂ ਆਲੌਕਿਕਤਾ ਦੀ ਪ੍ਰਭੂਸੱਤਾ ਨਾਲ ਧਰਦੀ ਦੀ ਗੋਦੀ ਵਿਚ ਵਿਆਪਕ ਸੁੰਦਰਤਾ ਮਾਨਵਤਾ-ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ |

ਕੁਦਰਤ ਜੀਵਨ ਦਾ ਨਾਮ ਹੈ ਅਤੇ ਖੁਸ਼ਬੂ ਉਸ ਦੀ ਮਿਠਾਸ, ਇਕ ਜੀਵਨ ਨੂੰ  ਸੁਰਖਿਅਤ ਰੱਖਦਾ ਹੈ ਤੇ ਦੂਸਰਾ ਉਸ ਨੂੰ  ਮਧੁਰ ਬਣਾਉਂਦਾ ਹੈ |ਚਾਂਦਨੀ ਰਾਤ ਵਿਚ ਰੰਗ-ਬਿਰੰਗੇ ਲਹਿ-ਲਹਿਰਾਂਦੇ ਰੁੱਖਾਂ ਦੇ ਪੱਤੇ ਚਾਂਦਨੀ ਨੂੰ  ਅਪਣਾਉਂਦੇ ਹੋਏ ਗਠੀਲਾ ਆਕਰਸ਼ਣ ਅਤੇ ਸੁਗਬੁਗਾਹਟ ਦਾ ਗੁਨਗੁਨਾ ਜਿਹਾ ਸਵਾਦ, ਸੰਤੋਸ਼ ਤੇ ਸੁੱਖ ਦੇ ਸੰਸਕਾਰ ਨਿਰਮਾਣ ਕਰਦਾ ਹੈ | ਕੁਦਰਤ ਦੇ ਰੰਗ ਹੀ ਧਰਮ ਭੂਮੀ, ਕਰਮ ਭੂਮੀ, ਪੁੰਨ ਭੂਮੀ ਨੂੰ  ਸਵਰਗ ਦਾ ਰੂਪ ਦੇ ਕੇ ਸੁੰਦਰਤਾ ਨੂੰ  ਮਨੁੱਖ ਲਈ ਮਖਮੂਰ ਕਿਰਿਆਵਾਂ ਦੀ ਲੱਜ਼ਤ ਦਿੰਦੀ ਹੈ |

ਪਤਝੜ ਦੇ ਰੁੱਖ ਬਰਫ ਦੇ ਤੋਂਦਿਆਂ ਦੀ ਭਰਮਾਰ ਨਾਲ ਲੱਧੇ ਜਾਂਦੇਹਨ | ਸਫ਼ੇਦ ਰੰਗ ਦੀ ਬਰਫ਼ੀਲੀ ਚਾਦਰ ਆਪਣੇ ਆਸ਼ੀਰਵਾਦ ਨਾਲ ਇਕ ਬੇਇੰਤਹਾ ਨਜ਼ਾਰਾ ਦੇ ਕੇ ਭਵਿੱਖ ਦੀ ਮੁੱਖ ਕ੍ਰਿਤੀ ਤੋਂ ਵਾਕਿਫ਼ ਕਰਵਾ ਦਿੰਦੀ ਹੈ | ਇਹ ਮੌਸਮ ਮੁਸ਼ਕਿਲਾਂ ਅਤੇ ਪਰਵਾਹ ਦਾ ਮੌਸਮ ਹੁੰਦਾ ਹੈ |ਝੀਲਾਂ ਦੁਆਲੇ ਰੰਗ-ਬਿਰੰਗੇ ਰੁੱਖਾਂ ਦੇ ਝੁਰਮਟ ਪਾਣੀਆਂ ਦੀ ਹਿੱਕ ਉਪਰ ਪਰਛਾਇਆ ਦੀ ਲੈਆਤਮਿਕ ਕ੍ਰਿਤੀ ਬਣਾ ਕੇ ਪਾਣੀ ‘ਤੇ ਨੰਗੀ ਚਿੱਤਰਕਾਰੀ ਉਕੇਰ ਦਿੰਦੇ ਹਨ | ਪਹਾੜਾਂ ਉਪਰ ਤਰ੍ਹਾਂ-ਤਰ੍ਹਾਂ ਦੇ ਰੁੱਖਾਂ ਦੀਆਂ ਪਰਜਾਤੀਆਂ ਤੋਂ ਇਲਾਵਾ ਇਕ ਹੀ ਸ਼੍ਰੇਣੀ ਦੇ ਅਨੇਕਾਂ ਰੁੱਖਾਂ ਨੂੰ  ਆਇਤਕਾਰ, ਗੋਲਾਕਾਰ, ਚੌਰਸ, ਚੌਪਟ ਆਦਿ ਰੂਪਾਂ ਵਿਚ ਅਲੰਕਾਰਿਤ ਕੀਤਾ ਹੋਇਆ ਹੈ | ਦੂਰ ਤੋਂ ਪਤਝੜ ਦੇ ਰੰਗਾਂ ਦੀ ਖਾਮੋਸ਼ੀ ਇਕ ਸਿਮਰਤੀ ਦਾ ਜਨਮ ਉਤਪਨ ਕਰਕੇ ਦਿਮਾਗ਼ ਵਿਚ ਸਦੀਵੀ ਸੁੰਦਰ ਚਿਤਰਨ ਉਕੇਰ ਦਿੰਦੀ ਹੈ ਜੋ ਸਾਲਾਂ ਤੱਕ ਮਸਤਕ ਵਿਚ ਜੀਵੰਤ ਰਹਿੰਦੀ ਹੈ | ਕਨੇਡਾ ਵਿਚ ਰੁੱਖਾਂ ਦੀ ਮਨੁੱਖ ਨਾਲੋਂ ਵੀ ਜ਼ਿਆਦਾ ਸਮਰਥਵਾਨ ਕਦਰਾਂ ਕੀਮਤਾਂ ਹਨ | ਕਨੇਡਾ ਦਾ ਰਾਸ਼ਟਰੀਏ ਝੰਡਾ ਇਸ ਗੱਲ ਦੀ ਸਹਿਮਤੀ ਭਰਦਾ ਹੈ | ਕਨੇਡਾ ਦੇ ਝੰਡੇ ਵਿਚ ਗਿਆਰਾਂ ਨੁਕਰੀ ਲਾਲ ਰੰਗ ਦਾ ਪੱਤਾ ਹੈ | ਦੋਵੇਂ ਪਾਸੇ ਲਾਲ ਰੰਗ ਵਿਚਕਾਰ ਚਿੱਟੇ ਰੰਗ ਉਪਰ ਲਾਲ ਰੰਗ ਦਾ ਪੱਤਾ ਹੈ ਜਿਸ ਦਾ ਮਤਲਬ ਕਿ ਸਾਰੀ ਦੁਨੀਆਂ, ਕਾਏਨਾਤ ਦੇ ਪ੍ਰਾਣੀਆਂ ਦੇ ਲਹੂ ਦਾ ਰੰਗ ਲਾਲ ਹੁੰਦਾ ਹੈ | ਸਾਂਝੀਵਾਲਤਾ ਦਾ ਸੰਦੇਸ਼ | ਲਾਲ ਰੰਗ ਗੌਰਵ ਸ਼ਕਤੀ ਦਾ ਪ੍ਰਤੀਕ | ਖ਼ੂਨ ਦਾ ਰੰਗ ਲਾਲ, ਟਮਾਟਰ ਦਾ ਰੰਗ ਲਾਲ ਜੋ ਸੂਖਮ ਹੈ | ਫਾਇਰ ਇੰਜ਼ਨ ਦਾ ਰੰਗ ਲਾਲ, ਤਰੱਕੀ ਪਸੰਦ ਪ੍ਰਤੀਕ ਹੈ ਇਹ ਪਤਝੜ ਦਾ ਪੱਤਾ |

ਬਲਵਿੰਦਰ ‘ਬਾਲਮ’ ਗੁਰਦਾਸਪੁਰ

ਓਾਕਾਰ ਨਗਰ, ਗੁਰਦਾਸਪੁਰ (ਪੰਜਾਬ )

ਮੋ. 98156-25409

ਐਡਮਿੰਟਨ, ਕਨੇਡਾ : 780-807-6007

You must be logged in to post a comment Login