ਬਾਇਡਨ ਪ੍ਰਸ਼ਾਸਨ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਰਨਜੀਤ ਸਿੰਘ ਸੰਧੂ ਦੀ ਪ੍ਰਸ਼ੰਸਾ ਕੀਤੀ

ਵਾਸ਼ਿੰਗਟਨ, 23 ਜਨਵਰੀ- ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ​​ਕਰਨ ’ਚ ਅਹਿਮ ਭੂਮਿਕਾ ਨਿਭਾਉਣ ਲਈ ਇਥੇ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਸ਼ਲਾਘਾ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਕਿਹਾ ਕਿ ਇਥੋਂ ਜਾ ਰਹੇ ਭਾਰਤੀ ਰਾਜਦੂਤ ਨੇ ਕਈ ਵਿਕਾਸ ਕਾਰਜਾਂ ਦਾ ਆਧਾਰ ਤਿਆਰ ਕੀਤਾ ਹੈ। ਵਾਈਟ ਹਾਊਸ ਵਿਖੇ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਦੇ ਦਫ਼ਤਰ ਦੇ ਡਾਇਰੈਕਟਰ ਡਾ. ਰਾਹੁਲ ਗੁਪਤਾ ਨੇ ਕਿਹਾ, ‘ਰਾਜਦੂਤ ਨੇ ਭਾਰਤ ਦੀ ਚੰਗੀ ਸੇਵਾ ਕੀਤੀ ਅਤੇ ਕਈ ਵਿਕਾਸ ਪਹਿਲਕਦਮੀਆਂ ਲਈ ਆਧਾਰ ਬਣਾਇਆ। ਭਾਰਤ ਅਤੇ ਅਮਰੀਕਾ ਵਿਚਾਲੇ ਇਹ ਸਫਲਤਾ ਲੰਬੇ ਸਮੇਂ ਤੱਕ ਜਾਰੀ ਰਹੇਗੀ। ਤੁਹਾਡੀ ਅਗਵਾਈ, ਤੁਹਾਡੀਆਂ ਪ੍ਰਾਪਤੀਆਂ ਅਤੇ ਤੁਹਾਡੇ ਦੁਆਰਾ ਨਿਰਧਾਰਿਤ ਕੀਤੇ ਗਏ ਆਧਾਰ ਲਈ ਧੰਨਵਾਦ।’ ਡਾ. ਗੁਪਤਾ ਨੇ ਸ੍ਰੀ ਸੰਧੂ ਦੇ ਸਨਮਾਨ ਵਿੱਚ ਵਿਦਾਇਗੀ ਸਮਾਰੋਹ ਨੂੰ ਸੰਬੋਧਨ ਕੀਤਾ। ਸ੍ਰੀ ਸੰਧੂ ਤਿੰਨ ਦਹਾਕਿਆਂ ਤੋਂ ਵੱਧ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਇਸ ਮਹੀਨੇ ਦੇ ਅੰਤ ਵਿੱਚ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋ ਰਹੇ ਹਨ।

You must be logged in to post a comment Login