ਬਾਬਾ ਤਰਸੇਮ ਸਿੰਘ ਹੱਤਿਆ ਕਾਂਡ ’ਚ 3 ਹੋਰ ਮੁਲਜ਼ਮ ਗ੍ਰਿਫ਼ਤਾਰ

ਬਾਬਾ ਤਰਸੇਮ ਸਿੰਘ ਹੱਤਿਆ ਕਾਂਡ ’ਚ 3 ਹੋਰ ਮੁਲਜ਼ਮ ਗ੍ਰਿਫ਼ਤਾਰ

ਦੇਹਰਾਦੂਨ (ਉੱਤਰਾਖੰਡ), 8 ਅਪਰੈਲ- ਊਧਮ ਸਿੰਘ ਨਗਰ ਵਿੱਚ ਨਾਨਕਮੱਤਾ ਗੁਰਦੁਆਰੇ ਦੇ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਮੁਲਜ਼ਮ ਹਥਿਆਰਾਂ ਦੀ ਸਪਲਾਈ ਕਰਕੇ ਅਪਰਾਧ ਨੂੰ ਅੰਜਾਮ ਦੇਣ ਵਿਚ ਕਥਿਤ ਤੌਰ ’ਤੇ ਸ਼ਾਮਲ ਸਨ। ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ 28 ਮਾਰਚ ਨੂੰ ਊਧਮ ਸਿੰਘ ਨਗਰ ਦੇ ਨਾਨਕਮੱਤਾ ਗੁਰਦੁਆਰਾ ਸਾਹਿਬ ਵਿਖੇ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਸਾਬਕਾ ਆਈਏਐੱਸ ਅਧਿਕਾਰੀ ਹਰਬੰਸ ਸਿੰਘ ਚੁੱਘ ਅਤੇ ਦੋ ਹੋਰਾਂ ਪ੍ਰੀਤਮ ਸਿੰਘ ਅਤੇ ਬਾਬਾ ਅਨੂਪ ਸਿੰਘ ਵਿਰੁੱਧ ਕਥਿਤ ਤੌਰ ‘ਤੇ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸੇ ਦੌਰਾਨ ਊਧਮ ਸਿੰਘ ਨਗਰ ਦੇ ਸੀਨੀਅਰ ਪੁਲੀਸ ਕਪਤਾਨ ਨੇ ਦੋਨਾਂ ਫਰਾਰ ਮੁੱਖ ਮੁਲਜ਼ਮਾਂ (ਸ਼ੂਟਰਾਂ) ਅਮਰਜੀਤ ਸਿੰਘ ਅਤੇ ਸਰਬਜੀਤ ਸਿੰਘ ਲਈ ਇਨਾਮੀ ਰਾਸ਼ੀ 50 ਹਜ਼ਾਰ ਰੁਪਏ ਤੋਂ ਵਧਾ ਕੇ ਇੱਕ-ਇੱਕ ਲੱਖ ਰੁਪਏ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 4 ਅਪਰੈਲ ਨੂੰ ਉੱਤਰਾਖੰਡ ਪੁਲਿਸ ਨੇ ਕਥਿਤ ਤੌਰ ‘ਤੇ ਹਮਲਾਵਰਾਂ ਦੀ ਮਦਦ ਕਰਨ ਦੇ ਦੋਸ਼ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜੋ ਫ਼ਰਾਰ ਹਨ।

You must be logged in to post a comment Login