ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਮੌਕੇ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ : ਵਾੜਾਦਰਾਕਾ

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਮੌਕੇ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ : ਵਾੜਾਦਰਾਕਾ

ਕੋਟਕਪੂਰਾ : ਅੱਜ ਧਰਮ ਦੇ ਅਖੌਤੀ ਠੇਕੇਦਾਰਾਂ ਨੇ ਗੁਰਬਾਣੀ ਦੇ ਪਾਠ ਵੀ ਮੁਲ ਦੇ ਕਰ ਦਿਤੇ ਹਨ ਅਤੇ ਗੁਰਦਵਾਰਿਆਂ ‘ਚ ਅਜਿਹੇ ਅਖੌਤੀ ਪੰਥਕ ਪ੍ਰਚਾਰਕਾਂ ਵਲੋਂ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਕੱਟਣ ਵਾਲਾ ਪ੍ਰਚਾਰ ਹੀ ਸ਼ੁਰੂ ਨਹੀਂ ਕੀਤਾ ਬਲਕਿ ਗੁਰਦਵਾਰਿਆਂ ‘ਚ ਅੰਧ ਵਿਸ਼ਵਾਸ਼, ਵਹਿਮ-ਭਰਮ ਅਤੇ ਕਰਮ ਕਾਂਡ ਆਦਿਕ ਕੁਰੀਤੀਆਂ ਨੂੰ ਵੀ ਘੁਸੇੜ ਦਿਤਾ ਗਿਆ ਹੈ। ਸਥਾਨਕ ਮੁਹੱਲਾ ਹਰਨਾਮਪੁਰਾ ਵਿਖੇ ਸਥਿਤ ਗੁਰਦਵਾਰਾ ਸਾਹਿਬ ਬਾਬਾ ਜੀਵਨ ਸਿੰਘ ‘ਚ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਕਥਾਵਾਚਕ ਤੇ ਸਿੱਖ ਚਿੰਤਕ ਭਾਈ ਰਣਜੀਤ ਸਿੰਘ ਵਾੜਾਦਰਾਕਾ ਨੇ ਆਖਿਆ ਕਿ ਬਾਬਰ ਨੂੰ ਜਾਬਰ ਆਖਣ ਵਾਲੇ ਬਾਬੇ ਨਾਨਕ ਦੀ ਗੁਰਬਾਣੀ ਦੇ ਗ਼ਲਤ ਅਰਥ ਕਰ ਕੇ ਰੱਬ ਨੂੰ ਉਲਾਂਭਾ ਦੇਣ ਵਾਲੀਆਂ ਗੱਲਾਂ ਬਾਬੇ ਨਾਨਕ ਦੇ ਫ਼ਲਸਫ਼ੇ ਦੀ ਕਸਵੱਟੀ ‘ਤੇ ਪੂਰੀਆਂ ਨਹੀਂ ਉਤਰਦੀਆਂ। ਉਨ੍ਹਾਂ ਆਖਿਆ ਕਿ ਪਿਛਲੀਆਂ ਸ਼ਤਾਬਦੀਆਂ ਦੀ ਤਰ੍ਹਾਂ ਬਾਬੇ ਨਾਨਕ ਦੀ 550 ਸਾਲਾ ਸ਼ਤਾਬਦੀ ਮੌਕੇ ਵੀ ਅਰਬਾਂ-ਖਰਬਾਂ ਰੁਪਿਆ ਪਾਣੀ ਵਾਂਗ ਰੋੜ ਦਿਤਾ ਜਾਵੇਗਾ ਪਰ ਕੌਮ ਲਈ ਪ੍ਰਾਪਤੀ ਜ਼ੀਰੋ ਹੋਵੇਗੀ। ਉਨ੍ਹਾਂ ਵਰਤਮਾਨ ਸਮੇਂ ਦੀਆਂ ਅਨੇਕਾਂ ਉਦਾਹਰਣਾਂ ਦਿੰਦਿਆਂ ਦਸਿਆ ਕਿ ਬਾਬੇ ਨਾਨਕ ਦੇ ਫ਼ਲਸਫ਼ੇ, ਸਿਧਾਂਤ, ਵਿਚਾਰਧਾਰਾ ‘ਤੇ ਹਮਲੇ ਨਿਰੰਤਰ ਜਾਰੀ ਹਨ, ਕੌਮ ‘ਚ ਸਮੇਂ ਸਮੇਂ ਦੁਬਿਧਾ ਖੜੀ ਕਰਨ ਲਈ ਦੁਸ਼ਮਣ ਤਾਕਤਾਂ ਯਤਨਸ਼ੀਲ ਰਹਿੰਦੀਆਂ ਹਨ, ਅਜਿਹੀਆਂ ਸ਼ਤਾਬਦੀਆਂ ਮੌਕੇ ਜੇਕਰ ਪੰਥਕ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਨਾਲ ਸਲਾਹਮਸ਼ਵਰਾ ਕਰ ਕੇ ਵਿਉਂਤਬੰਦੀ ਕੀਤੀ ਜਾਵੇ ਤਾਂ ਨਵੀਂ ਪੀੜ੍ਹੀ ਦਾ ਬਹੁਤ ਫ਼ਾਇਦਾ ਕੀਤਾ ਜਾ ਸਕਦਾ ਹੈ। ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਅੱਜ ਨਾਮ-ਸਿਮਰਨ ਮੌਕੇ ਅੱਖਾਂ ਬੰਦ ਕਰਨ ਦੀ ਬਜਾਇ ਅੱਖਾਂ ਖੋਲ੍ਹਣ ਦਾ ਸਮਾਂ ਆ ਗਿਆ ਹੈ। ਇਸ ਲਈ ਸਾਡੀਆਂ ਆਤਮਕ ਤੌਰ ‘ਤੇ ਅੱਖਾਂ ਖੁੱਲ੍ਹੀਆਂ ਰਹਿਣੀਆਂ ਚਾਹੀਦੀਆਂ ਹਨ। ਇਸ ਮੌਕੇ ਭਾਈ ਚਰਨਜੀਤ ਸਿੰਘ ਚੰਨੀ ਅਤੇ ਭਾਈ ਰੇਸ਼ਮ ਸਿੰਘ ਦੇ ਰਾਗੀ ਜਥਿਆਂ ਵਲੋਂ ਵੀ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ।

You must be logged in to post a comment Login