ਬਾਬੇ ਨਾਨਕ ਦੇ ਰੰਗ ਵਿੱਚ ਰੰਗੀ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ

ਬਾਬੇ ਨਾਨਕ ਦੇ ਰੰਗ ਵਿੱਚ ਰੰਗੀ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ

ਸੁਲਤਾਨਪੁਰ ਲੋਧੀ, 4 ਨਵੰਬਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸੰਤ ਘਾਟ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਾ ਕੇ ਸੰਪਨ ਹੋਵੇਗਾ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਇਆ ਨਗਰ ਕੀਰਤਨ ਦਾ ਸ਼ਹਿਰ ਵਿੱਚ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ।ਪਾਲਕੀ ਸਾਹਿਬ ਨੂੰ ਬਹੁਤ ਹੀ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਸੀ। ਨਗਰ ਕੀਰਤਨ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਸੁਲਤਾਨਪੁਰ ਲੋਧੀ ਨਗਰੀ ਬਾਬੇ ਨਾਨਕ ਦੇ ਰੰਗ ਵਿੱਚ ਰੰਗੀ ਗਈ। ਹਰ ਪਾਸੇ ਤੋਂ ਬਾਬੇ ਨਾਨਕ ਦੀ ਅਨਹਦ ਬਾਣੀ ਦੀਆਂ ਧੁਨਾਂ ਸਣਾਈ ਦੇ ਰਹੀਆਂ ਸਨ। ਨਾਨਕ ਹੱਟ ਨੇੜੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰਨ ਉਪਰੰਤ ਪੰਜਾਂ ਪਿਆਰਿਆਂ ਦਾ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਵਿੱਚ ਰਾਗੀ ਜਥਿਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।

You must be logged in to post a comment Login