ਬਿਲਕੀਸ ਬਾਨੋ ਕੇਸ: ਆਤਮ-ਸਮਰਪਣ ਲਈ ਮੋਹਲਤ ਸਬੰਧੀ ਦੋਸ਼ੀਆਂ ਦੀ ਅਪੀਲ ਖਾਰਜ

ਬਿਲਕੀਸ ਬਾਨੋ ਕੇਸ: ਆਤਮ-ਸਮਰਪਣ ਲਈ ਮੋਹਲਤ ਸਬੰਧੀ ਦੋਸ਼ੀਆਂ ਦੀ ਅਪੀਲ ਖਾਰਜ

ਨਵੀਂ ਦਿੱਲੀ, 20 ਜਨਵਰੀ- ਸੁਪਰੀਮ ਕੋਰਟ ਨੇ ਗੁਜਰਾਤ ’ਚ 2002 ਦੇ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਤੇ ਉਸ ਦੇ ਪਰਿਵਾਰ ਦੇ ਸੱਤ ਜੀਆਂ ਦੀ ਹੱਤਿਆ ਦੇ ਮਾਮਲੇ ’ਚ ਆਤਮਸਮਰਪਣ ਕਰਨ ਲਈ ਹੋਰ ਮੋਹਲਤ ਦੇਣ ਸਬੰਧੀ 11 ਦੋਸ਼ੀਆਂ ਦੀ ਅਪੀਲ ਅੱਜ ਖਾਰਜ ਕਰ ਦਿੱਤੀ ਹੈ। ਇਨ੍ਹਾਂ ਦੋਸ਼ੀਆਂ ਨੂੰ 21 ਜਨਵਰੀ ਨੂੰ ਆਤਮਸਮਰਪਣ ਕਰਨਾ ਪਵੇਗਾ। ਦੋਸ਼ੀਆਂ ਨੇ ਬੀਤੇ ਦਿਨ ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕੀਤੀ ਸੀ। ਜਸਟਿਸ ਬੀ.ਵੀ. ਨਾਗਰਤਨਾ ਤੇ ਜਸਟਿਸ ਉੱਜਲ ਭੁਯਾਨ ਦੇ ਬੈਂਚ ਨੇ ਕਿਹਾ ਕਿ ਦੋਸ਼ੀਆਂ ਵੱਲੋਂ ਦੱਸੇ ਗਏ ਕਾਰਨਾਂ ’ਚ ਕੋਈ ਦਮ ਨਹੀਂ ਹੈ। ਬੈਂਚ ਨੇ ਕਿਹਾ, ‘ਅਸੀਂ ਸੀਨੀਅਰ ਵਕੀਲ, ਦੋਸ਼ੀਆਂ ਦੇ ਵਕੀਲ ਤੇ ਅਰਜ਼ੀ ਨਾ ਦੇਣ ਵਾਲਿਆਂ ਦੇ ਵਕੀਲ ਦੀਆਂ ਦਲੀਲਾਂ ਵੀ ਸੁਣੀਆਂ ਹਨ। ਅਰਜ਼ੀਕਾਰਾਂ ਵੱਲੋਂ ਆਤਮਸਮਰਪਣ ਲਈ ਹੋਰ ਸਮਾਂ ਦਿੱਤੇ ਜਾਣ ਲਈ ਦੱਸੇ ਗਏ ਕਾਰਨਾਂ ’ਚ ਕੋਈ ਦਮ ਨਹੀਂ ਹੈ ਕਿਉਂਕਿ ਇਹ ਕਾਰਨ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਨੂੰ ਸਾਡੀਆਂ ਹਦਾਇਤਾਂ ਦਾ ਪਾਲਣ ਕਰਨ ਤੋਂ ਨਹੀਂ ਰੋਕਦੇ। ਇਸ ਲਈ ਇਹ ਅਰਜ਼ੀਆਂ ਖਾਰਜ ਕੀਤੀਆਂ ਜਾਂਦੀਆਂ ਹਨ।’ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ 11 ਦੋਸ਼ੀਆਂ ਨੂੰ ਸਜ਼ਾ ’ਚ ਛੋਟ ਦੇਣ ਦੇ ਗੁਜਰਾਤ ਸਰਕਾਰ ਦੇ ਫ਼ੈਸਲੇ ਨੂੰ ਅੱਠ ਜਨਵਰੀ ਨੂੰ ਰੱਦ ਦਿੱਤਾ ਸੀ ਅਤੇ ਇੱਕ ਦੋਸ਼ੀ ਨਾਲ ਮਿਲੀਭੁਗਤ ਕਰਨ ਤੇ ਆਪਣੇ ਅਧਿਕਾਰ ਦੀ ਦੁਰਵਰਤੋਂ ਕਰਨ ਲਈ ਸੂਬਾ ਸਰਕਾਰ ਦੀ ਝਾੜਝੰਬ ਕੀਤੀ ਸੀ। ਸੁਪਰੀਮ ਕੋਰਟ ਨੇ 2022 ’ਚ ਆਜ਼ਾਦੀ ਦਿਹਾੜੇ ਮੌਕੇ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਗਏ ਦੋਸ਼ੀਆਂ ਨੂੰ ਦੋ ਹਫ਼ਤਿਆਂ ਅੰਦਰ ਵਾਪਸ ਜੇਲ੍ਹ ਜਾਣ ਦੇ ਹੁਕਮ ਦਿੱਤੇ ਗਏ ਹਨ। ਆਤਮ ਸਮਰਪਣ ਲਈ ਸਮਾਂ ਸੀਮਾ ਵਧਾਉਣ ਲਈ ਦੱਸੇ ਗਏ ਕਾਰਨਾਂ ’ਚ ਖਰਾਬ ਸਿਹਤ, ਸਰਜਰੀ, ਪੁੱਤ ਦਾ ਵਿਆਹ ਤੇ ਫਸਲਾਂ ਦੀ ਵਾਢੀ ਸ਼ਾਮਲ ਹਨ। ਰਾਹਤ ਦਿੱਤੇ ਜਾਣ ਦੀ ਸਭ ਤੋਂ ਪਹਿਲਾਂ ਮੰਗ ਕਰਨ ਵਾਲੇ ਪੰਜ ਜਣਿਆਂ ’ਚ ਗੋਵਿੰਦ, ਪ੍ਰਦੀਪ ਮੋਰਧੀਆ, ਬਿਪਿਨ ਚੰਦਰ ਜੋਸ਼ੀ, ਰਮੇਸ਼ ਚਾਂਦਨਾ ਤੇ ਮਿਤੇਸ਼ ਭੱਟ ਸ਼ਾਮਲ ਹਨ। ਬਾਅਦ ਹੋਰਨਾਂ ਨੇ ਵੀ ਇਸੇ ਤਰ੍ਹਾਂ ਦੀ ਪਟੀਸ਼ਨ ਦਾਇਰ ਕੀਤੀ ਸੀ। ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਗਏ ਛੇ ਹੋਰ ਦੋਸ਼ੀਆਂ ’ਚ ਬਕਾਭਾਈ ਵੋਹਾਨੀਆ, ਕੇਸਰ ਭਾਈ ਵੋਹਾਨੀਆ, ਜਸਵੰਤ ਨਾਈ, ਰਾਧੇਸ਼ਿਆਮ ਸ਼ਾਹ, ਰਾਜਭਾਈ ਸੋਨੀ ਅਤੇ ਸ਼ੈਲੇਸ਼ ਭੱਟ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਘਟਨਾ ਸਮੇਂ ਬਿਲਕੀਸ ਬਾਨੋ 21 ਸਾਲ ਦੀ ਸੀ ਅਤੇ ਉਹ ਪੰਜ ਮਹੀਨਿਆਂ ਦੀ ਗਰਭਵਤੀ ਸੀ। ਗੋਧਰਾ ਰੇਲ ਅਗਨੀ ਕਾਂਡ ਤੋਂ ਬਾਅਦ 2002 ’ਚ ਭੜਕੇ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਜਬਰ ਜਨਾਹ ਕੀਤਾ ਗਿਆ ਸੀ। ਦੰਗਿਆਂ ’ਚ ਮਾਰੇ ਗਏ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ’ਚ ਉਸ ਦੀ ਤਿੰਨ ਸਾਲਾ ਧੀ ਵੀ ਸ਼ਾਮਲ ਸੀ।

You must be logged in to post a comment Login