ਚੰਡੀਗੜ੍ਹ, 7 ਅਗਸਤ- ਵੱਖ-ਵੱਖ ਘਟਨਾਵਾਂ ਵਿੱਚ ਬੀਐੱਸਐੱਫ ਨੇ ਐਤਵਾਰ ਰਾਤ ਅੰਮ੍ਰਿਤਸਰ ਅਤੇ ਤਰਨਤਾਰਨ ਸੈਕਟਰਾਂ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਦੋ ਪਾਕਿਸਤਾਨੀ ਡਰੋਨਾਂ ਨੂੰ ਡੇਗ ਦਿੱਤਾ। ਅੱਜ ਸਵੇਰੇ ਬੀਐੱਸਐੱਫ-ਪੰਜਾਬ ਪੁਲੀਸ ਦੀ ਸਾਂਝੀ ਟੀਮ ਨੇ ਦੋਵੇਂ ਡਰੋਨ ਬਰਾਮਦ ਕਰ ਲਏ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ 6 ਅਗਸਤ ਨੂੰ ਰਾਤ ਕਰੀਬ 10 ਵਜੇ ਸਰਹੱਦ ‘ਤੇ ਤਾਇਨਾਤ ਜਵਾਨਾਂ ਨੇ ਰਤਨ ਖੁਰਦ ਪਿੰਡ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਡਰੋਨ ਦੀ ਗੂੰਜ ਸੁਣੀ ਤੇ ਜਵਾਨਾਂ ਨੇ ਡਰੋਨ ਨੂੰ ਗੋਲੀ ਮਾਰ ਡੇਗ ਲਿਆ। ਅੱਜ ਸਵੇਰ ਨੂੰ ਪੰਜਾਬ ਪੁਲੀਸ ਦੇ ਨਾਲ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪਿੰਡ ਦੇ ਨੇੜੇ ਖੇਤਾਂ ਵਿੱਚੋਂ ਡਰੋਨ ਬਰਾਮਦ ਕਰ ਲਿਆ। ਦੂਸਰੀ ਘਟਨਾ ਵਿੱਚ ਬੀਐੱਸਐੱਫ ਦੇ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਜੋਕੇ ਨੇੜੇ ਤੜਕੇ 3.30 ਵਜੇ ਦੇ ਕਰੀਬ ਡਰੋਨ ਦੀ ਆਵਾਜ਼ ਸੁਣੀ ਅਤੇ ਉਸ ਉੱਤੇ ਗੋਲੀਬਾਰੀ ਕੀਤੀ। ਡਰੋਨ ਨੂੰ ਪੁਲੀਸ ਤੇ ਬੀਐੱਸਐੱਫ ਦੀ ਸਾਂਝੀ ਟੀਮ ਨੇ ਪਿੰਡ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਬਰਾਮਦ ਕੀਤਾ।

You must be logged in to post a comment Login