ਬੀਤੇ ਦੀ ਬਾਤ ਪਾਉਂਦਾ ਸਰਹਿੰਦ

ਬੀਤੇ ਦੀ ਬਾਤ ਪਾਉਂਦਾ ਸਰਹਿੰਦ

ਬਹਾਦਰ ਸਿੰਘ ਗੋਸਲ

ਸੰਨ 1707 ਵਿੱਚ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਹੋ ਗਈ ਤਾਂ ਇੱਕ ਤਰ੍ਹਾਂ ਨਾਲ ਮੁਗ਼ਲ ਸਾਮਰਾਜ ਦਾ ਸੂਰਜ ਡੁੱਬਣ ਲੱਗਾ। ਦੂਜੇ ਪਾਸੇ ਸਿੱਖਾਂ ਦੀ ਚੜ੍ਹਤ ਬੁਲੰਦੀਆਂ ਛੂਹਣ ਲੱਗੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਸਿੱਖਾਂ ਦਾ ਮੁੱਖ ਨਿਸ਼ਾਨਾ ਸਰਹਿੰਦ ਹੀ ਰਿਹਾ ਕਿਉਂਕਿ ਇਹ ਉਹ ਸਥਾਨ ਸੀ ਜਿੱਥੇ ਮੁਗ਼ਲ ਸੂਬੇਦਾਰ ਵਜ਼ੀਰ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਸੀ। ਇਸ ਸਥਾਨ ਪਰ ਹੀ ਮਾਤਾ ਗੁਜਰੀ ਜੀ ਵੀ ਪ੍ਰਲੋਕ ਸਿਧਾਰ ਗਏ ਸਨ। ਇਸ ਤਰ੍ਹਾਂ ਸਰਹਿੰਦ ਦੇ ਨਵਾਬ ਵਿਰੁੱਧ ਸਿੱਖਾਂ ਦੇ ਮਨਾਂ ਵਿੱਚ ਡਾਹਢਾ ਗੁੱਸਾ ਸੀ। ਨਤੀਜਾ ਇਹ ਹੋਇਆ ਕਿ ਸੰਨ 1710 ਵਿੱਚ ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਰਹਿੰਦ ਕਿਸੇ ਸਮੇਂ ਮੁਗ਼ਲਾਂ ਦਾ ਪੰਜਾਬ ਵਿੱਚ ਦੂਜਾ ਵੱਡਾ ਸ਼ਹਿਰ ਅਤੇ ਮੁਗ਼ਲ ਵਿਉਪਾਰ ਦਾ ਕੇਂਦਰ ਸੀ। ਚੰਗਾ ਵਿਕਸਿਤ ਸ਼ਹਿਰ ਹੋਣ ਕਾਰਨ ਸ਼ਾਨਦਾਰ ਇਮਾਰਤਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ। ਉਸ ਸ਼ਹਿਰ ਨੂੰ ਸਿੰਘਾਂ ਨੇ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਇਆ ਅਤੇ ਕਬਜ਼ੇ ਵਿੱਚ ਲੈ ਲਿਆ।

1862-1865 ਦੇ ਅਲੈਗਜ਼ੈਂਡਰ ਕਨਿੰਘਮ ਦੇ ਪੁਰਾਤਤਵ ਸਰਵੇਖਣ ਦੀ ਰਿਪੋਰਟ ਅਨੁਸਾਰ ਸਿੰਘਾਂ ਨੇ 1764 ਵਿੱਚ ਇਸ ਸ਼ਹਿਰ ਨੂੰ ਦੁਬਾਰਾ ਢਹਿ-ਢੇਰੀ ਕੀਤਾ ਜਿਸ ਅਨੁਸਾਰ ਇੱਥੋਂ ਦੀਆਂ ਬਹੁਤ ਸਾਰੀਆਂ ਇਮਾਰਤਾਂ ਖੰਡਰਾਂ ਦਾ ਰੂਪ ਧਾਰਨ ਕਰ ਗਈਆਂ ਅਤੇ ਕੁਝ ਖੰਡਰ ਜਾਂ ਖਸਤਾ ਹਾਲਤ ਵਿੱਚ ਅੱਜ ਵੀ ਦੇਖੀਆਂ ਜਾਂ ਸਕਦੀਆਂ ਹਨ। ਇਨ੍ਹਾਂ ਵਿੱਚ ਕਿਲ੍ਹਾ ਰੋਜ਼ਾ ਸ਼ਰੀਫ਼, ਬੇਗ਼ਮ ਹੱਜ-ਉਨ-ਨਿਸਾ ਅਤੇ ਬੇਗ਼ਮ ਤਾਜ-ਉਨ-ਨਿਸਾ ਦੇ ਮਕਬਰੇ ਵੀ ਸ਼ਾਮਲ ਸਨ। ਇਸੇ ਸਬੰਧ ਵਿੱਚ 1891 ’ਚ ਪੰਜਾਬ ਸਰਕਲ ਦੇ ਪੁਰਾਤਤਵ ਸਰਵੇਖਣ ਦੀ ਰਿਪੋਰਟ ਛਪੀ ਸੀ ਜਿਸ ਵਿੱਚ ਵੀ ਕੁਝ ਇਮਾਰਤਾਂ ਦਾ ਜ਼ਿਕਰ ਕੀਤਾ ਗਿਆ ਸੀ। 1904 ਵਿੱਚ ਛਪੇ ਫੂਲਕੀਆਂ ਸਟੇਟ ਦੇ ਗਜ਼ਟ ਵਿੱਚ ਵੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਮਿਲਦੀਆਂ ਹਨ। ਉਨ੍ਹਾਂ ਵਿੱਚੋਂ ਕੁਝ ਦਾ ਜ਼ਿਕਰ ਅਸੀਂ ਇੱਥੇ ਕਰਾਂਗੇ। ਅੱਜਕੱਲ੍ਹ ਸਰਹਿੰਦ ਸ਼ਹਿਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਪੈਂਦਾ ਹੈ ਜਿੱਥੇ ਬਹੁਤ ਸਾਰੇ ਗੁਰੂਧਾਮ ਸੁਸ਼ੋਭਿਤ ਹਨ। ਕੁਝ ਖੰਡਰ ਜਾਂ ਖ਼ਸਤਾਹਾਲ ਪੁਰਾਤਨ ਇਮਾਰਤਾਂ ਦੇ ਇਤਿਹਾਸ ਬਾਰੇ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ:

ਸ਼ਾਗਿਰਦ ਦਾ ਮਕਬਰਾ।

ਕਿਲ੍ਹਾ ਫਿਰੋਜ਼ਸ਼ਾਹ ਤੁਗਲਕ: ਪ੍ਰਸਿੱਧ ਖੋਜ ਸ਼ਾਸਤਰੀ ਅਤੇ ਲੇਖਕ ਸ. ਫੌਜਾ ਸਿੰਘ ਨੇ ਸਰਹਿੰਦ ਬਾਰੇ ਆਪਣੀ ਪੁਸਤਕ ਵਿੱਚ ਲਿਖਿਆ ਹੈ ਕਿ ਸੰਨ 1360 ਈ. ਵਿੱਚ ਫਿਰੋਜ਼ਸ਼ਾਹ ਤੁਗਲਕ ਨੇ ਸਰਹਿੰਦ ਵਿਖੇ ਬਹੁਤ ਹੀ ਮਜ਼ਬੂਤ ਕਿਲ੍ਹਾ ਬਣਾਇਆ ਸੀ। ਬਾਅਦ ਵਿੱਚ ਲੋਧੀ ਖਾਨਦਾਨ ਅਤੇ ਮੁਗ਼ਲਾਂ ਨੇ ਇਸ ਕਿਲ੍ਹੇ ਨੂੰ ਹੋਰ ਵੀ ਮਜ਼ਬੂਤ ਕੀਤਾ। ਇਹ ਉਹ ਸਥਾਨ ਹੈ ਜਿੱਥੇ ਅੱਜਕੱਲ੍ਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ। ਹੁਣ ਉਸ ਕਿਲ੍ਹੇ ਦੀਆਂ ਕੁੱਝ ਨਿਸ਼ਾਨੀਆਂ ਹੀ ਬਚੀਆਂ ਹਨ ਜਿਨ੍ਹਾਂ ਵਿੱਚ ਕਿਲ੍ਹੇ ਦੀ ਬਾਹਰਲੀ ਢਹਿਢੇਰੀ ਹੋਈ ਕੰਧ, ਪੂਰਬੀ ਪਾਸੇ ਕਿਲ੍ਹੇ ਆਲੇ-ਦੁਆਲੇ ਬਣਾਈ ਗਈ ਇੱਕ ਡੂੰਘੀ ਖਾਈ, ਅੰਦਰ ਵੱਲ ਕਿਲ੍ਹੇ ਦੇ ਕੁਝ ਖੰਡਰ ਜਿਵੇਂ ਠੰਢੇ ਬੁਰਜ ਦਾ ਹੇਠਲਾ ਹਿੱਸਾ ਅਤੇ ਭੋਰਾ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਂਹਾਂ ਵਿੱਚ ਚਿਣਿਆ ਗਿਆ ਸੀ। ਖਸਤਾਹਾਲ ਪੁਰਾਤਨ ਸਥਾਨਾਂ ਦੀ ਸੰਭਾਲ ਦੀ ਲੋੜ ਹੈ।

ਪਿੰਡ ਡੇਰਾ ਮੀਰ ਮੀਰਾਂ ਦੇ ਗੁੰਬਦ: ਮੀਰ ਮੀਰਾਂ ਦਾ ਗੁੰਬਦ ਸਰਹਿੰਦ ਵਿਖੇ ਬਹੁਤ ਹੀ ਮਹੱਤਵਪੂਰਨ ਇਮਾਰਤਾਂ ਵਿੱਚ ਸ਼ੁਮਾਰ ਹੈ ਜੋ ਪੱਥਰਾਂ ਨਾਲ ਬਣਿਆ ਹੋਇਆ ਹੈ। ਪ੍ਰਸਿੱਧ ਇਤਿਹਾਸਕਾਰ ਅਲੈਗਜ਼ੈਂਡਰ ਕਨਿੰਘਮ ਨੇ ਇਸ ਨੂੰ ਸਰਹਿੰਦ ਦੀ ਸਭ ਤੋਂ ਪੁਰਾਤਨ ਅਤੇ ਸ਼ਾਨਦਾਰ ਇਮਾਰਤ ਦੱਸਿਆ ਹੈ। ਉਸ ਦਾ ਲਿਖਣਾ ਹੈ ਕਿ ਇਹ ਪੁਰਾਤਨ ਪਠਾਣ ਜਾਂ ਅਫ਼ਗਾਨ ਇਮਾਰਤ ਕਲਾ ਦਾ ਚੰਗਾ ਨਮੁੂਨਾ ਹੈ। ਇਤਿਹਾਸ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਮੀਰ-ਮੀਰਾਂ ਇਸ ਸਥਾਨ ਦਾ ਸਭ ਤੋਂ ਪ੍ਰਸਿੱਧ ਪੀਰ ਸੀ ਜਿਸ ਨਾਲ ਬਹਿਲੋਲ ਲੋਧੀ ਦੀ ਧੀ ਵਿਆਹੀ ਹੋਈ ਸੀ। ਇਸ ਗੁੰਬਦ ਦੇ ਇਰਦ-ਗਿਰਦ ਦੀ ਜ਼ਮੀਨ ਲੋਧੀ ਖਾਨਦਾਨ ਵੱਲੋਂ ਆਪਣੇ ਜਵਾਈ ਨੂੰ ਜਗੀਰ ਵਜੋਂ ਦਿੱਤੀ ਗਈ ਸੀ। ਜਵਾਈ ਦਾ ਦੇਹਾਂਤ ਹੋ ਜਾਣ ਤੋਂ ਬਾਅਦ ਉਸ ਦੀ ਯਾਦ ਵਿੱਚ ਬਹਿਲੋਲ ਲੋਧੀ ਨੇ ਇਹ ਮਕਬਰਾ ਬਣਵਾਇਆ ਸੀ। ਇਸ ਦੇ ਨੇੜੇ ਹੀ ਬਹਿਲੋਲ ਲੋਧੀ ਦੀ ਧੀ ਦਾ ਮਕਬਰਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦੀ ਧੀ ਦੀ ਮੌਤ ਸਿਕੰਦਰ ਲੋਧੀ ਦੇ ਸਮੇਂ 1493 ਵਿੱਚ ਹੋਈ ਸੀ। ਇਸੇ ਤਰ੍ਹਾਂ ਉਸਤਾਦ ਦੇ ਮਕਬਰੇ ਦੇ ਉੱਤਰ ਵੱਲ ਦੋ ਛੋਟੇ ਹੋਰ ਮਕਬਰੇ ਬਣੇ ਹੋਏ ਹਨ ਜਿਨ੍ਹਾਂ ਨੂੰ ਹੱਜ-ਓ-ਤਾਜ ਦਾ ਨਾਂ ਦਿੱਤਾ ਗਿਆ ਹੈ। ਬਹੁਤ ਲੋਕ ਇਨ੍ਹਾਂ ਨੂੰ ਹਾਜੀ-ਤਾਜੀ ਦੇ ਮਕਬਰੇ ਵਜੋਂ ਵੀ ਜਾਣਦੇ ਹਨ। ਅਸਲ ਵਿੱਚ ਹੱਜ-ਓ-ਤਾਜ ਦੋ ਬੇਗ਼ਮਾਂ ਸਨ ਜਿਨ੍ਹਾਂ ਦੇ ਨਾਂ ਹਜ-ਉਨ-ਨਿਸਾ ਅਤੇ ਹਜ-ਉਨ-ਤਾਜ ਸਨ। ਕਈ ਇਤਿਹਾਸਕਾਰ ਉਨ੍ਹਾਂ ਨੂੰ ਸਿਕੰਦਰ ਲੋਧੀ ਦੀਆਂ ਧੀਆਂ ਦੱਸਦੇ ਹਨ ਜੋ ਕੁਆਰੀਆਂ ਹੀ ਮਰ ਗਈਆਂ ਸਨ। ਮੀਰ ਮੀਰਾਂ ਮਕਬਰੇ ਦੇ ਨੇੜੇ ਇੱਕ ਤਲਾਬ ਹੈ ਜਿਸ ਨੂੰ ਬੀਬੀ ਸਰ ਜਾਂ ਲੇਡੀ ਤਲਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਈਆਂ ਦਾ ਕਹਿਣਾ ਹੈ ਕਿ ਇਹ ਤਲਾਬ ਬਹਿਲੋਲ ਲੋਧੀ ਦੀ ਧੀ ਨੇ ਆਪਣੇ ਖਾਵੰਦ ਦੀ ਮੌਤ ਤੋਂ ਬਾਅਦ ਬਣਾਇਆ ਸੀ। ਕਈ ਇਤਿਹਾਸਕਾਰ ਇਸ ਨੂੰ ਮੀਰ-ਮੀਰਾਂ ਦੀ ਪਤਨੀ ਤੇ ਆਪਣੀ ਭੈਣ ਦੀ ਯਾਦ ਵਿੱਚ ਸਿਕੰਦਰ ਲੋਧੀ ਦਾ ਬਣਾਇਆ ਦੱਸਦੇ ਹਨ।

ਰੋਜ਼ਾ ਮੁਜੱਦਦ ਅਲਫਸਾਨੀ (ਸ਼ੇਖ਼ ਅਹਿਮਦ ਫ਼ਾਰੂਕੀ ਸਰਹਿੰਦੀ) ਅਤੇ ਉਸ ਦੇ ਵੰਸ਼ਜ: ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਥੋੜ੍ਹੀ ਦੂਰ ਉੱਤਰ ਵੱਲ ਕੁਝ ਬਹੁਤ ਸ਼ਾਨਦਾਰ ਮਕਬਰੇ ਬਣੇ ਹੋਏ ਹਨ। ਇਨ੍ਹਾਂ ਵਿੱਚ ਕਈ ਵੱਡੇ-ਛੋਟੇ ਗੁੰਬਦ ਬਹੁਤ ਹੀ ਸੰਭਾਲ ਨਾਲ ਰੱਖੇ ਗਏ ਹਨ। ਇਨ੍ਹਾਂ ਦਾ ਸਿੰਘਾਂ ਨੇ ਵੀ ਕੋਈ ਨੁਕਸਾਨ ਨਹੀਂ ਸੀ ਕੀਤਾ। ਇਹ ਰੋਜ਼ਾ ਸਰੀਫ਼ ਮੁਸਲਮਾਨਾਂ ਲਈ ਬਹੁਤ ਹੀ ਪਵਿੱਤਰ ਅਤੇ ਖ਼ਾਸਕਰ ਕਾਬੁਲ ਦੇ ਸ਼ਾਹੀ ਘਰਾਣਿਆਂ ਲਈ ਸ਼ਰਧਾ ਦੇ ਸਥਾਨ ਵਜੋਂ ਮਾਨਤਾ ਰੱਖਦੇ ਹਨ। ਇਤਿਹਾਸ ਅਨੁਸਾਰ ਸ਼ੇਖ਼ ਅਹਿਮਦ ਫ਼ਾਰੂਕੀ ਸਰਹਿੰਦੀ ਨੇ 1560 ਤੋਂ 1623 ਈਸਵੀ ਤੱਕ ਸਰਹਿੰਦ ਨੂੰ ਆਪਣੇ ਰਾਜ ਵਿੱਚ ਸੁਲਤਾਨ ਦਾ ਨਕਸ਼ਬੰਦੀ ਸਿਲਸਿਲਾ ਬਣਾਇਆ ਜਿਸ ਨੂੰ ਉਹ ਮੁਜਾਦਦੀਨ ਅਲੀ ਸਾਨੀ ਕਹਿੰਦਾ ਸੀ ਜੋ ਅਕਬਰ ਦੀ ਨਰਮ ਧਾਰਮਿਕ ਨੀਤੀ ਦਾ ਵਿਰੋਧ ਕਰਦਾ ਸੀ। ਉਹ ਖ਼ੁਦ-ਬਖ਼ੁਦ ਕੱਟੜਵਾਦੀ ਮੁਸਲਮਾਨਾਂ ਦਾ ਨੇਤਾ ਬਣ ਗਿਆ, ਪਰ ਇਸ ਦਾ ਅਸਲੀ ਅਸਰ ਬਾਦਸ਼ਾਹ ਔਰਗਜ਼ੇਬ ਦੇ ਰਾਜ ਸਮੇਂ ਨਜ਼ਰ ਆਇਆ ਕਿਉਂਕਿ ਅਹਿਮਦ ਫ਼ਾਰੂਕੀ ਦੇ ਜਾਨਸ਼ੀਨ ਖ਼ੁਆਜਾ ਮੁਹੰਮਦ ਮਾਸੁਮ ਅਤੇ ਸੈਫੂਦੀਨ ਨੇ ਇਸ ਨੂੰ ਰਾਜ ਧਰਮ ਦਾ ਦਰਜਾ ਦਿਵਾ ਦਿੱਤਾ।

ਪ੍ਰਸਿੱਧ ਲੇਖਕ ਫੌਜਾ ਸਿੰਘ ਅਨੁਸਾਰ ਰੋਜ਼ਾ ਸ਼ਰੀਫ਼ ਵਿਖੇ ਪਹਿਲਾ ਸਥਾਨ ਮੁਜਾਦਦੀਨ ਦਾ ਰੋਜ਼ਾ ਹੈ ਜਿਸ ਨੂੰ ਰੋਜ਼ਾ ਸ਼ਰੀਫ਼ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਰਫ਼ੀ-ਉਦ-ਦੀਨ ਅਤੇ ਮੁਜਾਦਦੀਨ ਦੇ ਪੁੱਤਰ ਖ਼ਵਾਜਾ ਮੁਹੰਮਦ ਸਦੀਕ ਅਤੇ ਖ਼ਵਾਜਾ ਮੁਹੰਮਦ ਮਸੁਮ ਦੇ ਰੋਜ਼ੇ ਹਨ। ਇਤਿਹਾਸ ਮੁਤਾਬਿਕ ਸੰਨ 1876-1900 ਦੇ ਵਿਚਕਾਰ ਪਟਿਆਲਾ ਦੇ ਮਹਾਰਾਜਾ ਰਾਜਿੰਦਰ ਸਿੰਘ ਵੱਲੋਂ 37 ਵਿੱਘੇ ਅਤੇ 6 ਵਿਸਵੇ ਥਾਂ ਮੁਹੰਮਦ ਸਦੀਕ ਅਤੇ ਬੇਗ਼ਮ ਮੁਹੰਮਦ ਸਦੀਕ ਦੇ ਮਕਬਰਿਆਂ ਲਈ ਮੁਕੱਰਰ ਕਰ ਦਿੱਤੀ ਗਈ ਸੀ। ਇਨ੍ਹਾਂ ਦੇ ਸੱਜੇ ਪਾਸੇ ਕਾਬੁਲ ਦੇ ਬਾਦਸ਼ਾਹ ਦੇ ਪੋਤਰੇ ਮੁਹੰਮਦ ਯਾਕੂਬਖਾਨ ਦਾ ਚਿੱਟੇ ਪੱਥਰ ਦਾ ਬਹੁਤ ਸੁੰਦਰ ਮਕਬਰਾ ਹੈ। ਬਿਲਕੁਲ ਸੱਜੇ ਜਾ ਕੇ ਸ਼ਾਹਜ਼ਮਾਨ ਅਤੇ ਉਸ ਦੀ ਬੇਗ਼ਮ ਦੀਆਂ ਕਬਰਾਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਹਜ਼ਮਾਨ ਧਾੜਵੀ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਸੀ। ਆਪਣੇ ਦਾਦੇ ਦੀ ਤਰ੍ਹਾਂ ਹੀ ਅਠਾਰਵੀਂ ਸਦੀ ਵਿੱਚ ਸ਼ਾਹਜ਼ਮਾਨ ਨੇ ਵੀ ਭਾਰਤ ਦੇ ਕਈ ਹਮਲੇ ਕਰਨ ਦਾ ਯਤਨ ਕੀਤਾ, ਪਰ ਸਫ਼ਲ ਨਾ ਹੋਇਆ। 1800 ਈਸਵੀ ਵਿੱਚ ਆਪਣੇ ਵਿਰੋਧੀ ਭਰਾਵਾਂ ਦੀ ਲੜਾਈ ਵਿੱਚ ਉਸ ਨੂੰ ਤਖ਼ਤ ਅਤੇ ਆਪਣੀ ਨਿਗਾਹ ਦੋਵੇਂ ਗੁਆਉਣੇ ਪਏ ਅਤੇ ਉਹ ਪੈਨਸ਼ਨਰ ਬਣ ਕੇ 1813 ਤੋਂ 1845 ਤੱਕ ਬਰਤਾਨਵੀ ਰਾਜ ਵਿੱਚ ਭਾਰਤ ਵਿੱਚ ਰਹਿੰਦਾ ਰਿਹਾ। ਰੋਜ਼ਾ ਸ਼ਰੀਫ਼ ਵਿੱਚ ਪ੍ਰਸਿੱਧ ਵਿਅਕਤੀਆਂ ਦੀਆਂ ਹੋਰ ਵੀ ਕਬਰਾਂ ਹਨ।

ਰੋਜ਼ਾ ਸ਼ਰੀਫ਼ ਦੀਆਂ ਖ਼ੂਬਸੂਰਤ ਇਮਾਰਤਾਂ ਦੀ ਦੇਖਭਾਲ ਲਈ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ 120 ਵਿੱਘੇ ਜ਼ਮੀਨ ਦਿੱਤੀ। ਇਸੇ ਤਰ੍ਹਾਂ ਮਹਾਰਾਜਾ ਮਹਿੰਦਰ ਸਿੰਘ (1862-1876) ਦੇ ਸਮੇਂ ਰੋਜ਼ਾ ਸ਼ਰੀਫ਼ ਦੀ ਹੱਦਬੰਦੀ ਕੀਤੀ ਗਈ ਅਤੇ ਉਸ ਸਮੇਂ ਦੇ ਸਿਜਦਾਨਸ਼ੀਨ ਮਹਿਬੂਬ ਅਲੀ ਸ਼ਾਹ ਨੇ ਪੱਕੀ ਦੀਵਾਰ ਬਣਵਾ ਦਿੱਤੀ। ਫੌਜਾ ਸਿੰਘ ਅੱਗੇ ਲਿਖਦੇ ਹਨ ਕਿ ਸੰਨ 1947 ਵਿੱਚ ਪਟਿਆਲਾ ਸਟੇਟ ਨੇ ਇਸ ਦੀ ਰਖਵਾਲੀ ਕੀਤੀ। ਅਜੋਕੀ ਇਮਾਰਤ 1929 ਵਿੱਚ ਬਣਾਈ ਗਈ ਜਿਸ ਦਾ ਖ਼ਰਚ ਗੁਜਰਾਤ ਦੇ ਗਾਜ਼ੀ ਹਸ਼ਮ ਅਤੇ ਹਾਜ਼ੀ ਵਲੀ ਮੁਹੰਮਦ ਨੇ ਦਿੱਤਾ।

ਉਸਤਾਦ ਅਤੇ ਸ਼ਾਗਿਰਦ ਦੇ ਮਕਬਰੇ: ਸਰਹਿੰਦ ਵਿੱਚ ਹੀ ਰੋਜ਼ਾ ਸ਼ਰੀਫ਼ ਤੋਂ ਅੱਧਾ ਕੁ ਮੀਲ ਪੱਛਮ ਵੱਲ ਦੋ ਮਕਬਰੇ ਬਣੇ ਹੋਏ ਹਨ। ਇਹ ਦੋਵੇਂ ਸਦਨਾ ਦੀ ਮਜ਼ਾਰ ਤੋਂ ਤਕਰੀਬਨ ਇੱਕ ਮੀਲ ਦੀ ਦੂਰੀ ’ਤੇ ਹਨ। ਇਹ ਮਕਬਰੇ ਕਿਸ ਨੇ ਬਣਾਏ ਕੋਈ ਨਹੀਂ ਜਾਣਦਾ ਪਰ ਇਹ ਉਸਤਾਦ ਅਤੇ ਸ਼ਾਗਿਰਦ ਦੇ ਮਕਬਰਿਆਂ ਵਜੋਂ ਪ੍ਰਸਿੱਧ ਹਨ। ਦੋਵਾਂ ਇਮਾਰਤਾਂ ਵਿੱਚ ਤਕਰੀਬਨ ਇੱਕ ਕਿਲੋਮੀਟਰ ਦਾ ਫ਼ਾਸਲਾ ਹੈ, ਪਰ ਦੋਵੇਂ ਹੀ ਇਮਾਰਤਸਾਜ਼ੀ ਦਾ ਅਦਭੁੱਤ ਨਮੂਨਾ ਹਨ। ਦੋਵਾਂ ਦੀ ਬਣਤਰ ਭਾਵੇਂ ਇੱਕੋ ਜਿਹੀ ਹੈ ਪਰ ਉਨ੍ਹਾਂ ਵਿੱਚ ਕਈ ਪ੍ਰਕਾਰ ਦੀਆਂ ਭਿੰਨਤਾਵਾਂ ਹਨ। ਉਸਤਾਦ ਦੇ ਮਕਬਰੇ ਵਿੱਚ ਕਈ ਜ਼ਮੀਨਦੋਜ਼ ਕਮਰੇ ਹਨ ਅਤੇ ਇਸ ਉੱਪਰ ਜਾਣ ਲਈ ਪੌੜੀਆਂ ਬਣੀਆਂ ਹੋਈਆਂ ਹਨ ਜੋ ਸ਼ਾਗਿਰਦ ਦੇ ਮਕਬਰੇ ਵਿੱਚ ਨਹੀਂ ਹਨ। ਸ਼ਾਗਿਰਦ ਦੇ ਮਕਬਰੇ ਵਿੱਚ ਚਾਰੇ ਕੋਨਿਆਂ ਵਿੱਚ ਚਾਰ ਪੌੜੀਆਂ ਚੜ੍ਹਦੀਆਂ ਹਨ। ਕੋਨਿਆਂ ’ਤੇ ਬਣੇ ਗੁੰਬਦ ਵੀ ਵੱਖ-ਵੱਖ ਆਕਾਰ ਦੇ ਹਨ ਪਰ ਉਹ ਉਸਤਾਦ ਦੇ ਬਣੇ ਗੁੰਬਦਾਂ ਤੋਂ ਵੱਡੇ ਹਨ। ਇਸੇ ਤਰ੍ਹਾਂ ਦੋਵਾਂ ਦੇ ਗੇਟ ਵੀ ਵੱਖ-ਵੱਖ ਹਨ।

ਸ਼ਹਾਬੂਦੀਨ ਦਾ ਮਕਬਰਾ: ਸ਼ਹਾਬੂਦੀਨ ਇੱਕ ਮੁਸਲਮਾਨ ਫ਼ਕੀਰ ਸੀ ਜਿਸ ਦਾ ਮਕਬਰਾ ਗੁਰਦੁਆਰਾ ਜੋਤੀ ਸਰੂਪ ਦੇ ਨਜ਼ਦੀਕ ਹੋਇਆ ਕਰਦਾ ਸੀ, ਪਰ ਇਹ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਪਹਿਲਾਂ ਹੀ ਖੰਡਰ ਬਣ ਚੁੱਕਿਆ ਹੈ। ਇਸ ਇਮਾਰਤ ਦੀ ਕੋਈ ਇਮਾਰਤੀ ਦਿੱਖ ਵੀ ਨਹੀਂ ਸੀ ਹੁੰਦੀ।

ਲਾਲ ਮਸਜਿਦ: ਇਹ ਮਸਜਿਦ ਸ੍ਰੀ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਨੇੜੇ ਹੀ ਹੈ। ਪੁਰਾਣੀ ਮੁਗ਼ਲ ਇਮਾਰਤਕਲਾ ਦਾ ਨਮੂਨਾ ਇਹ ਇਮਾਰਤ ਮੁਜਾਦਦੀਨ ਅਲਫਸਾਨੀ ਦੇ ਪੋਤਰੇ ਸੈਫੂਦੀਨ ਨਾਲ ਸਬੰਧਿਤ ਮੰਨੀ ਜਾਂਦੀ ਹੈ।

ਸਲਾਰ ਜੀ ਦਾ ਮਕਬਰਾ: ਇਕ ਮਕਬਰਾ ਦਿਆਲਪੁਰੀ ਮੰਦਿਰ ਦੇ ਨੇੜੇ ਬਣਿਆ ਹੋਇਆ ਹੈ। ਸਲਾਰ ਜੀ ਪੁਰਾਣੇ ਸਮਿਆਂ ਵਿੱਚ ਆਪਣੀ ਦਿਆਲਤਾ ਖੁੱਲ੍ਹਦਿਲੀ ਅਤੇ ਭਾਈਚਾਰਕ ਪਿਆਰ ਲਈ ਜਾਣਿਆ ਜਾਂਦਾ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੀ ਸੰਗਤ ਲਈ ਆਉਂਦੇ ਅਤੇ ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਸ਼ਰਧਾਜਲੀ ਦੇਣ ਲਈ ਲੋਕਾਂ ਦਾ ਆਉਣ ਜਾਣ ਬਣਿਆ ਹੋਇਆ ਸੀ।

ਜਹਾਜ਼ੀ ਹਵੇਲੀ: ਸ੍ਰੀ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਕੋਈ ਦੋ ਕਿਲੋਮੀਟਰ ਦੀ ਦੂਰੀ ’ਤੇ ਇੱਕ ਆਲੀਸ਼ਾਨ ਇਮਾਰਤ ਦੇ ਖੰਡਰ ਦੇਖਣ ਨੂੰ ਮਿਲਦੇ ਹਨ। ਇਸ ਇਮਾਰਤ ਨੂੰ ਰਾਜਾ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦਾ ਨਾਂ ਦਿੱਤਾ ਗਿਆ ਹੈ। ਇਸ ਨੂੰ ਇਹ ਨਾਂ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਇਸ ਦੀ ਬਣਤਰ ਸਮੁੰਦਰੀ ਜਹਾਜ਼ ਵਰਗੀ ਬਣਾਈ ਗਈ ਸੀ। ਇਹ ਇਮਾਰਤ ਸਿੱਖ ਇਤਿਹਾਸ ਵਿੱਚ ਪ੍ਰਸਿੱਧੀ ਪ੍ਰਾਪਤ ਦੀਵਾਨ ਟੋਡਰ ਮੱਲ ਨਾਲ ਸਬੰਧਤ ਸੀ ਜਿਹੜਾ ਮੁਗ਼ਲ ਕਾਲ ਦੌਰਾਨ ਬਹੁਤ ਹੀ ਅਮੀਰ ਵਿਅਕਤੀ ਸੀ ਅਤੇ ਆਪਣੀ ਕਾਬਲੀਅਤ ਸਦਕਾ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਰਿਹਾ। ਜਦੋਂ ਸਰਹਿੰਦ ਮੁਗ਼ਲਾਂ ਦੇ ਸਮੇਂ ਇੱਕ ਵੱਡੇ ਵਿਉਪਾਰ ਦਾ ਕੇਂਦਰ ਸੀ ਉਸ ਸਮੇਂ ਦੀਵਾਨ ਟੋਡਰ ਮੱਲ ਨੇ ਵੀ ਖ਼ੂਬ ਤਰੱਕੀ ਪਾਈ। ਇਹ ਉਹੀ ਦੀਵਾਨ ਟੋਡਰ ਮੱਲ ਸੀ ਜਿਸ ਨੇ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਜ਼ਮੀਨ ਦਾ ਟੁਕੜਾ ਚੌਧਰੀ ਅੱਟੇ ਪਾਸੋਂ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰ ਕੇ ਖ਼ਰੀਦਿਆ ਸੀ ਜਿੱਥੇ ਅੱਜਕੱਲ੍ਹ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਅੱਜ ਵੀ ਇਹ ਜ਼ਮੀਨ ਦੁਨੀਆਂ ਵਿੱਚ ਸਭ ਤੋਂ ਵੱਧ ਕੀਮਤੀ ਮੰਨੀ ਜਾਂਦੀ ਹੈ। ਰਾਜਾ ਟੋਡਰ ਮੱਲ ਦੀ ਇਹ ਹਵੇਲੀ ਹੁਣ ਖੰਡਰ ਬਣਦੀ ਜਾ ਰਹੀ ਹੈ ਭਾਵੇਂ ਕੁਝ ਸੰਭਾਲ ਦਾ ਯਤਨ ਵੀ ਕੀਤਾ ਜਾ ਰਿਹਾ ਹੈ।

ਦਿਆਲਪੁਰੀ ਮੰਦਿਰ: ਦਿਆਲਪੁਰੀ ਇੱਕ ਪ੍ਰਸਿੱਧ ਹਿੰਦੂ ਫ਼ਕੀਰ ਸੀ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਗਿਆ ਸੀ। ਉਸ ਦਾ ਮੰਦਿਰ ਅਤੇ ਉਸ ਦੀ ਸਮਾਧ ਹਿੰਦੂਆਂ ਲਈ ਸ਼ਰਧਾ ਸਥਲ ਬਣੇ ਹੋਏ ਹਨ।

ਅਸਲਾਮ ਖਾਨ (ਬੰਦੀ ਸਾਹਿਬ) ਦਾ ਮਕਬਰਾ: ਇਹ ਮਕਬਰਾ ਪ੍ਰਸਿੱਧ ਮੁਹੰਮਦ ਅਲਫ਼ਸਾਨੀ ਦੇ ਰੋਜ਼ਾ ਸ਼ਰੀਫ਼ ਤੋਂ ਉੱਤਰ ਦਿਸ਼ਾ ਵੱਲ ਸਥਿਤ ਹੈ। ਹਰ ਸਾਲ ਇੱਥੇ ਮੇਲਾ ਭਰਦਾ ਹੈ ਅਤੇ ਵੱਖ-ਵੱਖ ਫ਼ਿਰਕਿਆਂ ਦੇ ਲੋਕ ਯਾਤਰੂਆਂ ਦੇ ਤੌਰ ’ਤੇ ਇੱਥੇ ਆਉਂਦੇ ਹਨ। ਭਾਵੇਂ ਇਹ ਸੁੰਦਰਤਾ ਦੇ ਪੱਖੋਂ ਬਹੁਤ ਚੰਗਾ ਨਹੀਂ ਹੈ ਪਰ ਦੂਰੋਂ-ਦੂਰੋਂ ਯਾਤਰੂਆਂ ਲਈ ਖਿੱਚ ਦਾ ਕੇਂਦਰ ਹੈ। ਨਕਸ਼ਬੰਦੀ ਦੇ ਉਲਟ ਬੰਦੀ ਸਾਹਿਬ ਇੱਕ ਧਰਮ ਨਿਰਪੱਖ ਵਿਚਾਰਧਾਰਾ ਵਾਲੇ ਵਿਅਕਤੀ ਸਨ ਅਤੇ ਲੋਕਾਂ ਵਿੱਚ ਹਰਮਨ ਪਿਆਰੇ ਸਨ। ਇਸ ਮਕਬਰੇ ਦੇ ਪਾਸ ਹੀ ਉਸ ਦੇ ਇੱਕ ਬ੍ਰਾਹਮਣ ਸੇਵਕ ਦੀ ਛੋਟੀ ਜਿਹੀ ਸਮਾਧ ਹੈ।

ਆਮ-ਖ਼ਾਸ ਬਾਗ਼: ਮੁਗ਼ਲ ਕਾਲ ਦੀਆਂ ਬਹੁਤ ਸਾਰੀਆਂ ਇਮਾਰਤਾਂ ਵਿੱਚ ਆਮ-ਖ਼ਾਸ ਬਾਗ਼ ਵੀ ਵਰਣਨਯੋਗ ਹੈ। ਇਹ ਸਥਾਨ ਸਰਹਿੰਦ ਤੋਂ ਬਸੀ ਪਠਾਣਾਂ ਸੜਕ ’ਤੇ ਬਣਿਆ ਹੋਇਆ ਹੈ। ਕਨਿੰਘਮ ਨੇ ਇਸ ਨੂੰ ਸਟੇਜਿੰਗ ਪਲੇਸ ਦਾ ਨਾਂ ਦਿੱਤਾ ਹੈ। ਇਹ ਇੱਕ ਸਰਾਂ ਵਜੋਂ ਬਣਾਇਆ ਗਿਆ ਸੀ ਪਰ ਜਦੋਂ ਮੁਗ਼ਲ ਬਾਦਸ਼ਾਹ ਸਰਹਿੰਦ ਤੋਂ ਲਾਹੌਰ ਵੱਲ ਜਾਂਦੇ ਸਨ ਤਾਂ ਇਹ ਉਨ੍ਹਾਂ ਦੇ ਸ਼ਾਹੀ ਠਹਿਰਾਅ ਦਾ ਟਿਕਾਣਾ ਬਣਦਾ ਸੀ। ਠਹਿਰਣ ਲਈ ਬਣੀ ਸਰਾਂ ਜਾਂ ਬਾਦਸ਼ਾਹੀ ਮਹਿਲ ਬਾਗ਼ ਦੀ ਚਾਰਦੀਵਾਰੀ ਦੇ ਅੰਦਰ ਹੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸੁਲਤਾਨ ਹਾਫ਼ਜ਼ ਦਾ ਮਕਬਰਾ ਇਸ ਦੇ ਨੇੜੇ ਹੀ ਹੈ। ਉਸ ਨੇ ਹੀ ਇਸ ਚਾਰਦੀਵਾਰੀ ਵਾਲੇ ਬਾਗ਼ ਨੂੰ ਬਣਾਇਆ ਸੀ ਅਤੇ ਫਿਰ ਖਾਂਡੀ ਵੇਗ ਨੇ ਇੱਥੋਂ ਦੇ ਪਾਰਕਾਂ ਅਤੇ ਤਲਾਬ ਨੂੰ ਪਾਣੀ ਦੇਣ ਲਈ ਸਤਲੁਜ ਤੋਂ ਨਹਿਰ ਬਣਾਈ ਸੀ। ਇਹ ਤਲਾਬ ਬਾਗ਼ ਦੇ ਮੱਧ ਵਿੱਚ ਚਾਰੇ ਪਾਸੇ ਬਣੀਆਂ ਪੌੜੀਆਂ ਜੋ ਪਾਣੀ ਦੇ ਤਲ ਤੱਕ ਜਾਂਦੀਆਂ ਸਨ, ਨਾਲ ਸੁੰਦਰ ਬਣਿਆ ਹੋਇਆ ਸੀ।

ਅੱਜਕੱਲ੍ਹ ਆਮ-ਖ਼ਾਸ ਬਾਗ਼ ਵਿੱਚ ਪੀ.ਡਬਲਯੂ.ਡੀ. ਦਾ ਦਫ਼ਤਰ ਹੈ ਅਤੇ ਇਮਾਰਤ ਦੇ ਕੁਝ ਭਾਗ ਵਿੱਚ ਹੋਰ ਦਫ਼ਤਰ ਹਨ। ਬਾਗਬਾਨੀ ਵਿਭਾਗ ਵੱਲੋਂ ਫ਼ਲਦਾਰ ਬੂਟਿਆਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਪੌਦਿਆਂ ਦੀ ਨਰਸਰੀ ਵੀ ਬਣਾਈ ਗਈ ਹੈ। ਸਾਲਾਨਾ ਜੋੜ ਮੇਲ ਸਮੇਂ ਸੰਗਤਾਂ ਵੱਡੀ ਗਿਣਤੀ ਵਿੱਚ ਆਮ-ਖ਼ਾਸ ਬਾਗ਼ ਨੂੰ ਦੇਖਣ ਜਾਂਦੀਆਂ ਹਨ। ਇਸ ਬਾਗ਼ ਵਿੱਚ ਸਥਿਤ ਇਮਾਰਤਾਂ ਨੂੰ ਸਥਾਨਕ ਲੋਕ ਲੁਕਣ-ਮੀਟੀ ਦਾ ਨਾਂ ਦਿੰਦੇ ਹਨ ਜਾਂ ਇਨ੍ਹਾਂ ਨੂੰ ਭੁੱਲ-ਭੁਲੱਈਆ ਕਿਹਾ ਜਾਂਦਾ ਹੈ। ਇਨ੍ਹਾਂ ਇਮਾਰਤਾਂ ਨੂੰ ਅਜਿਹਾ ਨਾਂ ਇਸ ਕਰਕੇ ਦਿੱਤਾ ਗਿਆ ਹੈ ਕਿ ਪ੍ਰਸਿੱਧ ਲੇਖਕ ਫੌਜਾ ਸਿੰਘ ਅਨੁਸਾਰ ਇੱਥੇ ਸ਼ਾਹੀ ਘਰਾਣਿਆਂ ਦੇ ਬਾਲ-ਬੱਚੇ ਲੁਕਣਮੀਟੀ ਖੇਡਿਆ ਕਰਦੇ ਸਨ। ਸਰਹਿੰਦ ਦਾ ਇਹ ਆਮ-ਖ਼ਾਸ ਬਾਗ਼ ਖੰਡਰ ਬਣਦਾ ਜਾ ਰਿਹਾ ਹੈ, ਪਰ ਫਿਰ ਵੀ ਲੋਕਾਂ ਦੀ ਖਿੱਚ ਦਾ ਕਾਰਨ ਹੈ।

ਸਦਨੇ ਕਸਾਈ ਦੀ ਮਸਜਿਦ: ਸ੍ਰੀ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਦੱਖਣ ਵੱਲ ਇੱਕ ਹੋਰ ਪ੍ਰਸਿੱਧ ਇਮਾਰਤ ਬਣੀ ਹੋਈ ਹੈ ਜੋ ਸਿਰਫ਼ ਕੰਧਾਂ ਨਾਲ ਘਿਰੀ ਹੋਈ ਹੈ ਅਤੇ ਇਸ ਦੀ ਛੱਤ ਨਹੀਂ ਹੈ। ਇਸੇ ਨੂੰ ਸਦਨਾ ਕਸਾਈ ਦਾ ਮਕਬਰਾ ਨਾਂ ਨਾਲ ਜਾਣਿਆ ਜਾਂਦਾ ਹੈ। ਭਗਤ ਸਦਨਾ ਕਸਾਈ ਆਪਣੀ ਪ੍ਰਭੂ ਭਗਤੀ ਕਰਕੇ ਪ੍ਰਸਿੱਧ ਭਗਤ ਹੋਏ ਹਨ। ਫੂਲਕੀਆਂ ਸਟੇਟ ਦੇ ਗ਼ਜ਼ਟ ਅਨੁਸਾਰ ਇਹ ਮਸੀਤ ਭਗਤ ਸਦਨਾ ਨੇ ਬਣਾਉਣੀ ਸ਼ੁਰੂ ਕੀਤੀ ਸੀ ਪਰ ਕਦੇ ਵੀ ਪੂਰੀ ਨਹੀਂ ਹੋਈ। ਰੋਡਗਰ ਅਨੁਸਾਰ ਇਸ ਦੇ ਸਾਰੇ ਗੁੰਬਦ ਹੁਣ ਖੰਡਰ ਹੋ ਚੁੱਕੇ ਹਨ ਪਰ ਕਨਿੰਘਮ ਉਨ੍ਹਾਂ ਨੂੰ ਸਹੀ ਸਲਾਮਤ ਦੱਸਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਗੁੰਬਦ ਸੰਨ 1862 ਤੋਂ 1891 ਦੇ ਵਿਚਕਾਰ ਹੀ ਡਿੱਗੇ ਹੋਣਗੇ।

ਸਦਨਾ ਭਗਤ, ਸਿੱਖ ਸੰਗਤਾਂ ਲਈ ਸ਼ਰਧਾ ਦਾ ਪਾਤਰ ਹੈ ਕਿਉਂਕਿ ਉਨ੍ਹਾਂ ਦਾ ਨਾਂ ਉਨ੍ਹਾਂ ਪੰਦਰਾਂ ਭਗਤਾਂ ਵਿੱਚ ਆਉਂਦਾ ਹੈ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪ੍ਰਸਿੱਧ ਇਤਿਹਾਸਕਾਰ ਮੈਕਾਲਫ਼ ਅਨੁਸਾਰ ਸਦਨਾ ਸੀਵਾਂਨ ਸਿੰਧ ਦਾ ਰਹਿਣ ਵਾਲਾ ਸੀ ਅਤੇ ਮਹਾਰਾਸ਼ਟਰ ਦੇ ਭਗਤ ਨਾਮਦੇਵ ਜੀ ਦਾ ਸਮਕਾਲੀ ਸੀ, ਪਰ ਇਹ ਜਾਣਕਾਰੀ ਪੱਕੀ ਨਹੀਂ ਮਿਲਦੀ ਕਿ ਉਹ ਸਰਹਿੰਦ ਵਿੱਚ ਰਹੇ ਹਨ ਜਾਂ ਨਹੀਂ ਜਾਂ ਉਨ੍ਹਾਂ ਦੀ ਯਾਦਗਾਰ ਉਨ੍ਹਾਂ ਦੇ ਸੇਵਕਾਂ ਵੱਲੋਂ ਬਣਾਈ ਗਈ ਹੈ, ਪਰ ਇਸ ਗੱਲ ਦੀ ਚਰਚਾ ਹੈ ਕਿ ਇਹ ਸਰਹਿੰਦ ਦੀ ਅਫ਼ਗ਼ਾਨ ਸਮੇਂ ਤੋਂ ਬਹੁਤ ਪੁਰਾਤਨ ਮਸਜਿਦ ਹੈ। ਕਨਿੰਘਮ ਇਸ ਨੂੰ 1500 ਈਸਵੀ ਦੇ ਲਗਭਗ ਬਣੀ ਦੱਸਦਾ ਹੈ ਜਾਂ ਇਹ ਮੁਗ਼ਲ ਰਾਜ ਦੇ ਸ਼ੁਰੂ ਵਿੱਚ ਬਣੀ ਹੋ ਸਕਦੀ ਹੈ।

ਉਸਤਾਦ ਦਾ ਮਕਬਰਾ

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੁਰਾਣੇ ਸਮੇਂ ਵਿੱਚ ਸਰਹਿੰਦ ਵਿਖੇ ਬਹੁਤ ਸਾਰੀਆਂ ਇਮਾਰਤਾਂ ਬਣੀਆਂ ਸਨ ਜੋ ਇਮਾਰਤਕਲਾ ਦਾ ਚੰਗਾ ਨਮੂਨਾ ਸਨ। ਇਹ ਸਭ ਕੁਝ ਜਾਣ ਕੇ ਪਤਾ ਲੱਗਦਾ ਹੈ ਕਿ ਸਰਹਿੰਦ ਪੁਰਾਤਨ ਸਮਿਆਂ ਵਿੱਚ ਇੱਕ ਵਪਾਰਕ ਸ਼ਹਿਰ ਦੇ ਤੌਰ ’ਤੇ ਵਿਕਸਿਤ ਹੋਇਆ ਸੀ ਅਤੇ ਮੁਗ਼ਲਾਂ ਦੇ ਰਾਜ ਸਮੇਂ ਇਸ ਦੀ ਪ੍ਰਸਿੱਧੀ ਬੁਲੰਦੀਆਂ ’ਤੇ ਸੀ। ਕਿਹਾ ਜਾਂਦਾ ਹੈ ਕਿ ਮੁਗ਼ਲਾਂ ਦੇ ਕਾਲ ਵਿੱਚ ਦਿੱਲੀ ਦੇ ਪੱਛਮ ਵੱਲ ਛੇ ਸ਼ਹਿਰ ਬਹੁਤ ਹੀ ਮਹੱਤਤਾ ਵਾਲੇ ਸਨ ਜਿਨ੍ਹਾਂ ਵਿੱਚ ਸਰਹਿੰਦ, ਸਮਾਣਾ, ਹਾਂਸੀ, ਲਾਹੌਰ, ਦੀਪਾਲਪੁਰ ਅਤੇ ਮੁਲਤਾਨ ਸਨ। ਸੰਨ 1503 ਵਿੱਚ ਪੰਜਾਬ ਦੀ ਰਾਜਨੀਤਿਕ ਹਾਲਤ ਬਾਰੇ ਬਾਬਰ ਨੇ ਆਪਣੀ ਲਿਖਤ ‘ਤੁਜ਼ਕ-ਏ-ਬਾਬਰੀ’ ਵਿੱਚ ਲਿਖਿਆ ਹੈ ਕਿ ਦੌਲਤ ਖਾਨ ਦਾ ਪਿਤਾ ਤਾਤਾਰਖਾਨ ਉਨ੍ਹਾਂ ਸੱਤ ਸਰਦਾਰਾਂ ਵਿੱਚੋਂ ਸੀ ਜਿਹੜੇ ਹਿੰਦੋਸਤਾਨ ਨੂੰ ਚਲਾ ਰਹੇ ਸਨ ਅਤੇ ਜਿਨ੍ਹਾਂ ਨੇ ਇਸ ਨੂੰ ਬੁਹਲਾਲ ਪਾਤਸ਼ਾਹ ਬਣਾਇਆ। ਉਸ ਨੇ ਸਤਲੁਜ ਦੇ ਉੱਤਰ ਵੱਲ ਦੇਸ਼ ਅਤੇ ਸਰਹਿੰਦ ਨੂੰ ਜਕੜਿਆ ਹੋਇਆ ਸੀ। ਤਾਤਾਰਖਾਨ ਦੀ ਮੌਤ ਤੋਂ ਬਾਅਦ ਸਿਕੰਦਰ ਲੋਧੀ ਨੇ ਇਸ ਇਲਾਕੇ ਨੂੰ ਤਾਤਾਰਖਾਨ ਦੇ ਪੁੱਤਰਾਂ ਕੋਲੋਂ ਖੋਹ ਲਿਆ ਅਤੇ ਦੌਲਤ ਖਾਂ ਨੂੰ ਕੇਵਲ ਲਾਹੌਰ ਦਿੱਤਾ। ਇਹ ਕੇਵਲ ਸਾਲ ਦੋ ਸਾਲ ਪਹਿਲਾਂ ਵਰਤਿਆ। ਜਦੋਂ ਬਾਬਰ ਹਿੰਦੋਸਤਾਨ ਆਇਆ ਅਤੇ ਉਸ ਨੇ ਸਰਹਿੰਦ ਦੇ ਇਰਦ-ਗਿਰਦ ਦੀ ਵਿਆਖਿਆ ਕੀਤੀ। ਬਾਬਰ ਇਹ ਵੀ ਲਿਖਦਾ ਹੈ ਕਿ ਉਸ ਸਮੇਂ ਉੱਤਰੀ ਪਹਾੜਾਂ ਨਾਲ-ਨਾਲ ਲੱਗਦੇ ਕਈ ਦਰਿਆ ਵਗਦੇ ਸਨ ਜਿਨ੍ਹਾਂ ਵਿੱਚ ਛੇ ਸਰਹਿੰਦ ਦੇ ਉੱਤਰ ਵਿੱਚ ਸਨ ਅਤੇ ਇਹ ਸਨ- ਸਿੰਧ, ਜਿਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ ਅਤੇ ਉਹ ਸਾਰੇ ਮੁਲਤਾਨ ਦੇ ਨੇੜੇ ਮਿਲਦੇ ਸਨ। ਇਸ ਤਰ੍ਹਾਂ ਬਾਬਰ ਨੇ ਸਰਹਿੰਦ ਦੀਆਂ ਉਸ ਸਮੇਂ ਦੀਆਂ ਪ੍ਰਸਥਿਤੀਆਂ ਦਾ ਵਰਣਨ ਕੀਤਾ ਹੈ। ਸਰਹਿੰਦ ਬਾਰੇ ਵਿਸਥਾਰ ਵਿੱਚ ਇਤਿਹਾਸਕ ਖੋਜ ਕਰਨ ਵਾਲੇ ਲੇਖਕ ਗੁਰਬਚਨ ਸਿੰਘ ਵਿਰਦੀ ਨੇ ਵੀ ਸਰਹਿੰਦ ਬਾਰੇ ਬਹੁਤ ਰੌਚਕ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਕਲਾਨੌਰ ਵਿਖੇ ਬਾਦਸ਼ਾਹ ਵਜੋਂ ਤਾਜਪੋਸ਼ੀ ਤੋਂ ਬਾਅਦ ਬਾਦਸ਼ਾਹ ਅਕਬਰ ਸਰਹਿੰਦ ਆਇਆ ਅਤੇ ਤਿੰਨ ਮਹੀਨੇ ਸਰਹਿੰਦ ਵਿੱਚ ਰਹਿੰਦਾ ਰਿਹਾ। ਉਨ੍ਹਾਂ ਬਾਦਸ਼ਾਹ ਸ਼ਾਹਜਹਾਂ ਬਾਰੇ ਵੀ ਦੱਸਿਆ ਕਿ ਸ਼ਾਹਜਹਾਂ ਸਰਹਿੰਦ ਵਿਆਹਿਆ ਹੋਇਆ ਸੀ ਅਤੇ ਮੁਮਤਾਜ਼ ਬੇਗ਼ਮ ਨੇ ਸਰਹਿੰਦੀ ਬੇਗ਼ਮ ਪਾਸ ਰਹਿ ਕੇ ਉਮੀਦ ਬਖ਼ਸ ਨਾਂ ਦੇ ਬੱਚੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬਾਬਰ ਦੇ ਸਮੇਂ ਇੱਕ ਪਹਾੜੀ ਹਿੰਦੂ ਰਾਜੇ ਨੇ ਬਾਬਰ ਦੀ ਅਧੀਨਗੀ ਸਵੀਕਾਰ ਕਰਦੇ ਸਮੇਂ ਬਾਬਰ ਨੂੰ ਤਿੰਨ ਮਣ ਸੋਨਾ ਸਰਹਿੰਦ ਵਿਖੇ ਦਿੱਤਾ ਸੀ। ਉਨ੍ਹਾਂ ਦਿਨਾਂ ਵਿੱਚ ਸਰਹਿੰਦ ਦਾ ਵਿਉਪਾਰ ਸਿਖਰਾਂ ’ਤੇ ਸੀ ਅਤੇ ਇੱਥੋਂ ਦੀ ਰੱਤੂਸ਼ਾਲ (ਚੁੰਨੀ) 3 ਰੁਪੈ ਤੋਂ 20 ਰੁਪੈ ਤੱਕ ਵਿਕਦੀ ਸੀ ਜੋ ਫਰੰਗੀ ਔਰਤਾਂ ਵੀ ਮੰਗਵਾਉਂਦੀਆਂ ਸਨ।

ਸਰਹਿੰਦ ਦੇ ਇਤਿਹਾਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਬਹਿਲੋਲ ਲੋਧੀ ਦੀ ਲੜਕੀ ਸਰਹਿੰਦ ਵਿਆਹੀ ਹੋਈ ਸੀ। ਲੋਧੀ ਨੇ ਆਪਣੀ ਧੀ ਨੂੰ ਕੁਝ ਜ਼ਮੀਨ ਦੇ ਦਿੱਤੀ ਸੀ ਜਿਸ ਪਰ ਲੋਕ ਇੱਥੇ ਵਸਣੇ ਸ਼ੁਰੂ ਹੋ ਗਏ ਅਤੇ ਸਰਹਿੰਦ ਵਸਦਾ ਚਲਾ ਗਿਆ। ਉਨ੍ਹਾਂ ਨੇ ਉਸਤਾਦ ਅਤੇ ਸ਼ਾਗਿਰਦ ਦੇ ਮਕਬਰਿਆਂ ਦਾ ਵਨਣ ਕਰਦਿਆਂ ਦੱਸਿਆ ਕਿ ਇਹ ਮਕਬਰੇ ਬਣਾਉਣ ਲਈ ਇੱਕ ਉਸਤਾਦ ਅਤੇ ਉਸ ਦੇ ਸ਼;ਗਿਰਦ ਵਿੱਚ ਵਧੀਆ ਮਕਬਰਾ ਬਣਾਉਣ ਦਾ ਮੁਕਾਬਲਾ ਹੋਇਆ ਜਿਸ ਵਿੱਚ ਸ਼ਾਗਿਰਦ ਜਿੱਤ ਗਿਆ ਸੀ। ਘੋੜੇ ਦਾ ਮਕਬਰਾ ਅਤੇ ਹਾਥੀ ਦੇ ਮਕਬਰੇ ਬਾਰੇ ਉਨ੍ਹਾਂ ਦੱਸਿਆ ਕਿ ਇਹ ਕ੍ਰਮਵਾਰ ਛੋਟੇ ਅਤੇ ਵੱਡੇ ਮਕਬਰੇ ਸਨ। ਇਮਾਰਤਾਂ ਦੇ ਹੇਠਾਂ ਬੇਸਮੈਂਟ ਬਣੇ ਹੁੰਦੇ ਸਨ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ। ਸਰਹਿੰਦੀ ਇਮਾਰਤਾਂ ਦੀ ਕਮਾਲ ਦੀ ਇਮਾਰਤਸਾਜ਼ੀ ਬਾਰੇ ਉਨ੍ਹਾਂ ਦਾ ਦੱਸਣਾ ਹੈ ਕਿ ਕਈ ਇਮਾਰਤਾਂ ਵਿੱਚ ਕਮਾਲ ਦੀਆਂ ਡਾਟਾਂ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਦੇ ਉਪਰ ਹੀ ਗੁੰਬਦ ਬਣਾਏ ਹੋਏ ਹਨ। ਕਈ ਇਮਾਰਤਾਂ ਖਿੰਘਰ ਪੱਥਰ ਤੋਂ ਬਣੀਆਂ ਹੋਈਆਂ ਹਨ ਜੋ ਬਹੁਤ ਮੁਸ਼ਕਿਲ ਮਿਲਦਾ ਸੀ। ਸੰਨ 1710 ਅਤੇ ਫਿਰ 1764 ਵਿੱਚ ਦੁਬਾਰਾ ਸਰਹਿੰਦੀ ਦੀ ਤਬਾਹੀ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਕਿ 1764 ਵਿੱਚ ਮੁਗ਼ਲਾਂ ਨੂੰ ਆਪਣਾ ਸਾਮਾਨ ਚੁੱਕਣ ਦਾ ਮੌਕਾ ਵੀ ਨਹੀਂ ਸੀ ਮਿਲਿਆ ਅਤੇ ਬਹੁਤ ਸਾਰੀਆਂ ਇਮਾਰਤਾਂ ਖੰਡਰ ਬਣ ਗਈਆਂ।

ਖ਼ੂਬਸੂਰਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਜ਼ਿਕਰ ਕਰਨਾ ਵੀ ਅਤਿ ਜ਼ਰੂਰੀ ਹੈ। ਇਨ੍ਹਾਂ ਵਿੱਚੋਂ ਇੱਕ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਹੈ ਜਿਸ ਨੂੰ ਸਰਹਿੰਦ ਦੇ ਕਿਲ੍ਹੇ ਦੀ ਥਾਂ ਉਸਾਰਿਆ ਗਿਆ ਹੈ। ਇਸ ਸਥਾਨ ਦਾ ਨਾਂ ਬਾਬਾ ਫਤਿਹ ਸਿੰਘ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਸਾਹਿਬਜ਼ਾਦਿਆਂ ਵਿੱਚੋਂ ਛੋਟੇ ਸਨ ਅਤੇ ਨਾਲ ਹੀ ਬੰਦਾ ਸਿੰਘ ਬਹਾਦਰ ਜੀ ਦੀ ਸਰਹਿੰਦ ਫਤਿਹ ਕਾਰਨ ਪਿਆ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ 1710 ਈਸਵੀ ਵਿੱਚ ਉਸ ਥਾਂ ਉਸਾਰਿਆ ਗਿਆ ਸੀ ਜਿੱਥੇ ਦੋਵਾਂ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਂਹਾਂ ਵਿੱਚ ਚਿਣਿਆ ਗਿਆ ਸੀ। ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ ਸਰਹਿੰਦ ਦਾ ਨਾਂ ਬਦਲ ਕੇ ਸ੍ਰੀ ਫਤਿਹਗੜ੍ਹ ਸਾਹਿਬ ਰੱਖ ਦਿੱਤਾ ਸੀ। ਜਦੋਂ 1764 ਈਸਵੀ ਵਿੱਚ ਸਿੱਖਾਂ ਨੇ ਆਖ਼ਰੀ ਵਾਰ ਸਰਹਿੰਦ ਫਤਿਹ ਕੀਤਾ ਸੀ, ਇਹ ਸਥਾਨ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਯਾਦਗਾਰੀ ਗੁਰਦੁਆਰਾ ਸਾਹਿਬ ਬਣਾਉਣ ਲਈ ਕੁਝ ਜ਼ਮੀਨ ਦਾਨ ਵਿੱਚ ਦਿੱਤੀ ਸੀ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੁਝ ਪਿੰਡਾਂ ਦਾ ਮਾਲੀਆ ਗੁਰਦੁਆਰਾ ਸਾਹਿਬ ਨੂੰ ਦਿੱਤਾ। ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ (1813-1845) ਆਪਣੇ ਸਮੇਂ ਪੰਜ ਪਿੰਡਾਂ ਦੀ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦਿੱਤੀ। ਇਸ ਦਾ ਅਸਲੀ ਪੱਟਾ ਅੱਜ ਵੀ ਬਰਕਰਾਰ ਹੈ। ਅੱਜ ਇੱਥੇ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸ਼ਾਨਦਾਰ ਇਮਾਰਤ ਸੁਸ਼ੋਭਿਤ ਹੈ ਅਤੇ ਹੇਠਾਂ ਭੋਰੇ ਵਿੱਚ ਉਹ ਥਾਂ ਸੁਰੱਖਿਅਤ ਹੈ ਜਿੱਥੇ ਗੁਰੂ ਜੀ ਦੇ ਦੋਵਾਂ ਛੋਟੇ ਲਾਲਾਂ ਨੂੰ ਕੰਧਾਂ ਵਿੱਚ ਚਿਣਿਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਖੱਬੇ ਪਾਸੇ ਛੇ ਹਜ਼ਾਰ ਸਿੰਘਾਂ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਹੈ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ 6000 ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਸੀ ਜਿਨ੍ਹਾਂ ਨੇ ਸਰਹਿੰਦ ਫਤਿਹ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ।

ਥੋੜ੍ਹੀ ਹੀ ਦੂਰੀ ’ਤੇ ਗੁਰਦੁਆਰਾ ਠੰਢਾ ਬੁਰਜ ਸੁਸ਼ੋਭਿਤ ਹੈ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀ। ਮਾਤਾ ਗੁਜਰੀ ਜੀ ਵੀ ਇਸੇ ਸਥਾਨ ’ਤੇ ਪ੍ਰਲੋਕ ਗਮਨ ਕੀਤੇ ਸਨ। ਇੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਠੰਢੇ ਬੁਰਜ ਦੇ ਉਪਰ ਪੁਰਾਣੇ ਹਿੱਸੇ ਨੂੰ ਹਟਾ ਕੇ ਆਧਾਰ ਪਰ ਹੀ ਉਸਾਰਿਆ ਗਿਆ ਹੈ। ਇਸੇ ਤਰ੍ਹਾਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਰ ਗੁਰਦੁਆਰਾ ਸਾਹਿਬਾਨ ਸਥਾਪਿਤ ਹਨ ਜਿਨ੍ਹਾਂ ਵਿੱਚ ਗੁਰਦੁਆਰਾ ਸ੍ਰੀ ਬਿਬਾਨ ਸਾਹਿਬ, ਗੁਰਦੁਆਰਾ ਜੋਤੀ ਸਰੂਪ ਸਾਹਿਬ, ਗੁਰਦੁਆਰਾ ਸ਼ਹੀਦ ਗੰਜ, ਗੁਰਦੁਆਰਾ ਸ਼ਹੀਦ ਗੰਜ ਬਾਬਾ ਸੁੱਖਾ ਸਿੰਘ, ਗੁਰਦੁਆਰਾ ਸ੍ਰੀ ਮੋਤੀ ਮਹਿਰਾ ਸਾਹਿਬ ਵੀ ਇਤਿਹਾਸਕ ਯਾਦਗਾਰੀ ਗੁਰਦੁਆਰੇ ਹਨ।

You must be logged in to post a comment Login