ਮੁੰਬਈ, 3 ਨਵੰਬਰ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਦੇਵਾਜੀਤ ਸੈਕੀਆ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਲਈ 51 ਕਰੋੜ ਰੁਪਏ ਦੇ ਨਗ਼ਦ ਪੁਰਸਕਾਰ ਦਾ ਐਲਾਨ ਕੀਤਾ ਹੈ। ANI ਨਾਲ ਗੱਲ ਕਰਦੇ ਹੋਏ ਸੈਕੀਆ ਨੇ ਕਿਹਾ, ‘‘1983 ਵਿੱਚ, ਕਪਿਲ ਦੇਵ ਨੇ ਭਾਰਤ ਨੂੰ ਵਿਸ਼ਵ ਕੱਪ ਜਿੱਤਾ ਕੇ ਕ੍ਰਿਕਟ ਵਿੱਚ ਇੱਕ ਨਵਾਂ ਯੁੱਗ ਅਤੇ ਉਤਸ਼ਾਹ ਲਿਆਂਦਾ। ਅੱਜ ਵੀ ਭਾਰਤੀ ਮਹਿਲਾ ਟੀਮ ਨੇ ਉਹੀ ਉਤਸ਼ਾਹ ਦਿਖਾਇਆ ਹੈ। ਹਰਮਨਪ੍ਰੀਤ ਕੌਰ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਸਿਰਫ਼ ਟਰਾਫੀ ਨਹੀਂ ਜਿੱਤੀ, ਉਨ੍ਹਾਂ ਨੇ ਸਾਰੇ ਭਾਰਤੀਆਂ ਦੇ ਦਿਲ ਜਿੱਤ ਲਏ ਹਨ। ਉਨ੍ਹਾਂ ਨੇ ਮਹਿਲਾ ਕ੍ਰਿਕਟਰਾਂ ਦੀ ਅਗਲੀ ਪੀੜ੍ਹੀ ਲਈ ਰਾਹ ਪੱਧਰਾ ਕੀਤਾ ਹੈ… ਮਹਿਲਾ ਕ੍ਰਿਕਟ ਪਹਿਲਾਂ ਹੀ ਆਪਣੇ ਅਗਲੇ ਪੱਧਰ ’ਤੇ ਪਹੁੰਚ ਗਈ ਹੈ ਜਦੋਂ ਸਾਡੀ ਟੀਮ ਨੇ ਸੈਮੀਫਾਈਨਲ ਵਿੱਚ ਆਸਟਰੇਲੀਆ ਨੂੰ ਹਰਾਇਆ…” ਸੈਕੀਆ ਨੇ ਕਿਹਾ, ‘‘ਜਦੋਂ ਤੋਂ ਜੈ ਸ਼ਾਹ ਨੇ BCCI ਦਾ ਚਾਰਜ ਸੰਭਾਲਿਆ ਹੈ (2019 ਤੋਂ 2024 ਤੱਕ BCCI ਦੇ ਸਕੱਤਰ ਵਜੋਂ ਸੇਵਾ ਨਿਭਾ ਰਿਹਾ ਹੈ), ਉਸ ਨੇ ਮਹਿਲਾ ਕ੍ਰਿਕਟ ਵਿੱਚ ਕਈ ਬਦਲਾਅ ਲਿਆਂਦੇ ਹਨ। ਤਨਖਾਹ ਸਮਾਨਤਾ ਵੱਲ ਵੀ ਧਿਆਨ ਦਿੱਤਾ ਗਿਆ। ਪਿਛਲੇ ਮਹੀਨੇ, ICC ਚੇਅਰਮੈਨ ਜੈ ਸ਼ਾਹ ਨੇ ਮਹਿਲਾਵਾਂ ਲਈ ਪੁਰਸਕਾਰ ਰਾਸ਼ੀ ਵਿੱਚ 300 ਫੀਸਦ ਦਾ ਵਾਧਾ ਕੀਤਾ। ਪਹਿਲਾਂ ਇਨਾਮੀ ਰਾਸ਼ੀ $2.88 ਮਿਲੀਅਨ ਸੀ, ਅਤੇ ਹੁਣ ਇਸਨੂੰ $14 ਮਿਲੀਅਨ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਕਦਮਾਂ ਨੇ ਮਹਿਲਾ ਕ੍ਰਿਕਟ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ। BCCI ਨੇ ਪੂਰੀ ਟੀਮ – ਖਿਡਾਰੀਆਂ, ਕੋਚਾਂ ਅਤੇ ਸਹਾਇਕ ਸਟਾਫ ਲਈ 51 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।’’

You must be logged in to post a comment Login