ਬੈਂਸ ਵਲੋਂ ਸਿੱਧੂ ਨੂੰ 2022 ’ਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦੀ ਪੇਸ਼ਕਸ਼

ਬੈਂਸ ਵਲੋਂ ਸਿੱਧੂ ਨੂੰ 2022 ’ਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦੀ ਪੇਸ਼ਕਸ਼

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲੇ ਜਾਣ ਮਗਰੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪਹਿਲਾਂ ਨਵਜੋਤ ਸਿੱਧੂ ਦੀ ਬੀਜੇਪੀ ਨਾਲ ਨਹੀਂ ਬਣੀ ਤੇ ਹੁਣ ਕਾਂਗਰਸ ਨਾਲ ਨਹੀਂ ਬਣ ਰਹੀ ਕਿਉਂਕਿ ਇਨ੍ਹਾਂ ਦੋਵਾਂ ਪਾਰਟੀਆਂ ਵਿਚ ਵੱਡੇ ਪੱਧਰ ’ਤੇ ਲੋਕ ਭ੍ਰਿਸ਼ਟ ਹਨ ਤੇ ਬਹੁਤ ਘੱਟ ਗਿਣਤੀ ਇਮਾਨਦਾਰ ਹਨ।
ਬੈਂਸ ਨੇ ਕਿਹਾ ਕਿ ਸਾਡੇ ਵਲੋਂ ਸਿੱਧੂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਹਿੱਸਾ ਬਣਨ ਤੇ ਉਨ੍ਹਾਂ ਨੂੰ ਅਸੀਂ 2022 ਵਿਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਾਂਗੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਜੇ ਇਸ ਸਬੰਧੀ ਉਨ੍ਹਾਂ ਦੀ ਨਵਜੋਤ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਪਰ ਉਹ ਜਲਦ ਹੀ ਇਸ ਵਿਸ਼ੇ ’ਤੇ ਗੱਲਬਾਤ ਕਰਨਗੇ। ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਸਮਝਦੇ ਨੇ ਚੋਰ ਕੌਣ ਹੈ ਤੇ ਸਾਧ ਕੌਣ, ਬੇਇਮਾਨ ਕੌਣ ਤੇ ਇਮਾਨਦਾਰ ਕੌਣ, ਸੱਚਾ ਕੌਣ ਤੇ ਝੂਠਾ ਕੌਣ ਹੈ। ਨਵਜੋਤ ਸਿੰਘ ਸਿੱਧੂ ਨੇ ਸੱਚ ਬੋਲਿਆ ਹੈ ਤੇ ਸੱਚ ਹਮੇਸ਼ਾ ਕੜਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਲੁੱਟ-ਖਸੁੱਟ ਦਾ ਕੰਮ ਬੀਤੇ 10 ਸਾਲਾਂ ਦੌਰਾਨ ਬਾਦਲ ਸਰਕਾਰ ਨੇ ਕੀਤਾ ਸੀ, ਉਹੀ ਹੁਣ ਕੈਪਟਨ ਦੀ ਜੁੰਡਲੀ ਕਰ ਰਹੀ ਹੈ। ਕੈਪਟਨ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੀ ਆਰਥਿਕਤਾ ਵੱਡੇ ਪੱਧਰ ’ਤੇ ਤਬਾਹ ਹੋ ਰਹੀ ਹੈ।

You must be logged in to post a comment Login