ਬੈਡਮਿੰਟਨ ਚੈਂਪੀਅਨਸ਼ਿਪ: ਭਾਰਤੀ ਮਹਿਲਾਵਾਂ ਨੇ ਸੋਨ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ

ਬੈਡਮਿੰਟਨ ਚੈਂਪੀਅਨਸ਼ਿਪ: ਭਾਰਤੀ ਮਹਿਲਾਵਾਂ ਨੇ ਸੋਨ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ

ਸ਼ਾਹ ਆਲਮ (ਮਲੇਸ਼ੀਆ), 19 ਫਰਵਰੀ- ਅਨਮੋਲ ਖਰਬ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾਵਾਂ ਨੇ ਅੱਜ ਇੱਥੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਰੁਮਾਂਚਿਕ ਫਾਈਨਲ ਵਿੱਚ ਥਾਈਲੈਂਡ ਨੂੰ 3-2 ਨਾਲ ਹਰਾ ਕੇ ਇਸ ਮੁਕਾਬਲੇ ’ਚ ਆਪਣਾ ਪਹਿਲਾ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ। ਪੀਵੀ ਸਿੰਧੂ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਨੇ ਸਾਰੇ ਉਲਟ ਹਾਲਾਤ ਦੇ ਬਾਵਜੂਦ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਦੋ ਵਾਰ ਦੇ ਕਾਂਸੇ ਦਾ ਤਗ਼ਮਾ ਜੇਤੂ ਥਾਈਲੈਂਡ ਨੂੰ ਹਰਾਇਆ। ਭਾਰਤੀ ਮਹਿਲਾਵਾਂ ਦਾ ਟੀਮ ਚੈਂਪੀਅਨਸ਼ਿਪ ਵਿੱਚ ਇਹ ਪਹਿਲਾ ਵੱਡਾ ਖਿਤਾਬ ਹੈ ਜਿਸ ਨਾਲ ਉਨ੍ਹਾਂ ਦਾ ਚੀਨ ਦੇ ਚੇਂਗਦੂ ਵਿੱਚ 28 ਅਪਰੈਲ ਤੋਂ ਪੰਜ ਮਈ ਤੱਕ ਹੋਣ ਵਾਲੇ ਉਬੇਰ ਕੱਪ ਲਈ ਮਨੋਬਲ ਵਧੇਗਾ। ਅਨਮੋਲ ਨੇ ਮੈਚ ਮਗਰੋਂ ਕਿਹਾ, ‘‘ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਸੋਨ ਤਗ਼ਮਾ ਜਿੱਤਿਆ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਰਿਹਾ ਹੈ।’’ ਭਾਰਤ ਨੇ ਇਸ ਤੋਂ ਪਹਿਲਾਂ ਮੁਕਾਬਲੇ ’ਚ ਦੋ ਤਗ਼ਮੇ ਜਿੱਤੇ ਸੀ। ਭਾਰਤੀ ਪੁਰਸ਼ ਟੀਮ ਨੇ 2016 ਤੇ 2020 ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ।

You must be logged in to post a comment Login