ਢਾਕਾ, 19 ਅਕਤੂਬਰ : ਦੁਰਗਾ ਪੂਜਾ ਮੌਕੇ ਮੰਦਰਾਂ ਦੀ ਪਿਛਲੇ ਹਫ਼ਤੇ ਕੀਤੀ ਭੰਨਤੋੜ ਮਗਰੋਂ ਹਮਲਾਵਰਾਂ ਦੇ ਇਕ ਸਮੂਹ ਨੇ ਹਿੰਦੂਆਂ ਦੇ 29 ਘਰਾਂ ਨੂੰ ਅੱਗ ਲਾ ਕੇ ਫੂਕ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਅੱਗਜ਼ਨੀ ਦੀ ਇਹ ਘਟਨਾ ਐਤਵਾਰ ਰਾਤ ਨੂੰ ਰੰਗਪੁਰ ਜ਼ਿਲ੍ਹੇ ਦੇ ਪੀਰਗੌਂਜ ਉਪ ਜ਼ਿਲ੍ਹੇ ਦੇ ਪਿੰਡ ਵਿੱਚ ਵਾਪਰੀ। ਇਹ ਥਾਂ ਢਾਕਾ ਤੋਂ ਲਗਪਗ 255 ਕਿਲੋਮੀਟਰ ਦੇ ਫਾਸਲੇ ’ਤੇ ਹੈ। ਇਸ ਦੌਰਾਨ ਢਾਕਾ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਮੂਹ ਨੇ ਪ੍ਰਦਰਸ਼ਨਕਾਰੀ ਧਾਰਮਿਕ ਸਮੂਹਾਂ ਨਾਲ ਹੱਥ ਮਿਲਾਉਂਦਿਆਂ ਮੰਦਰਾਂ, ਪੂਜਾ ਸਥਲਾਂ ਤੇ ਹਿੰਦੂ ਭਾਈਚਾਰੇ ਦੇ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਘੱਟਗਿਣਤੀ ਸਮੂਹਾਂ ਨਾਲ ਜੁੜੇ ਮਾਮਲਿਆਂ ਨਾਲ ਨਜਿੱਠਣ ਲਈ ਵੱਖਰਾ ਮੰਤਰਾਲਾ ਬਣਾਏ ਜਾਣ ਦੀ ਮੰਗ ਕੀਤੀ ਹੈ। ਬੀਡੀਨਿਊਜ਼24 ਡਾਟ ਕਾਮ ਦੀ ਰਿਪੋਰਟ ਵਿੱਚ ਜ਼ਿਲ੍ਹੇ ਦੇ ਐੱਸਪੀ ਮੁਹੰਮਦ ਕਮਰੂਜ਼ਮਾਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਪੁਲੀਸ ਨੂੰ ਜਿਵੇਂ ਹੀ ਉਪ ਜ਼ਿਲ੍ਹੇ ਦੇ ਪਿੰਡ ਮਾਝੀਪਾੜਾ ਵਿੱਚ ਰਹਿੰਦੇ ਹਿੰਦੂ ਨੌਜਵਾਨ ਵੱਲੋਂ ਫੇਸਬੁੱਕ ’ਤੇ ‘ਧਰਮ ਦਾ ਨਿਰਾਦਰ’ ਕਰਦੀ ਪੋਸਟ ਪਾਉਣ ਦੀਆਂ ਅਫ਼ਵਾਹਾਂ ਬਾਰੇ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚ ਗਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਲਾਵਰਾਂ ਦੇ ਇਕ ਸਮੂਹ ਨੇ ਪੁਲੀਸ ਦੇ ਸਾਹਮਣੇ ਹੀ ਇਸ ਨੌਜਵਾਨ ਸਮੇਤ ਹੋਰਨਾਂ ਘਰਾਂ ਨੂੰ ਅੱੱਗ ਲਾ ਦਿੱਤੀ। ਫਾਇਰ ਸੇਵਾ ਕੰਟਰੋਲ ਰੂਮ ਨੇ ਆਪਣੀ ਰਿਪੋਰਟ ਵਿੱਚ 29 ਰਿਹਾਇਸ਼ੀ ਘਰਾਂ ਨੂੰ ਅੱਗ ਲੱਗਣ ਦਾ ਦਾਅਵਾ ਕੀਤਾ ਹੈ।

						
You must be logged in to post a comment Login