ਬੱਚਿਓ! ਬਸੰਤ ਮਨਾਉ, ਪਰ ਖੂਨੀ ਪਤੰਗਾਂ ਨਾਲ ਨਹੀਂ…

ਬੱਚਿਓ! ਬਸੰਤ ਮਨਾਉ, ਪਰ ਖੂਨੀ ਪਤੰਗਾਂ ਨਾਲ ਨਹੀਂ…

‘ਬਸੰਤ’ ਦੇ ਤਿਉਹਾਰ ਨੂੰ ‘ਬਸੰਤ ਪੰਚਮੀ’ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਬਸੰਤ ਦਾ ਤਿਉਹਾਰ ਮਾਘ ਮਹੀਨੇ ਦੀ ਪੰਜ ਤਾਰੀਖ ਨੂੰ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਦਾ ਤਿਉਹਾਰ ਪੰਜਾਬੀਆਂ ਦਾ ਖਾਸ ਕਰਕੇ ਪੰਜਾਬੀ ਬੱਚਿਆਂ ਦਾ ਬਹੁੱਤ ਹੀ ਮਨ-ਭਾਉਂਦਾ ਤਿਉਹਾਰ ਹੈ। ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ। ਲੋਕ ਸਰ੍ਹੋਂ ਦੇ ਫੁੱਲ ਵਾਂਗ ਖਿੜੇ ਨਜਰ ਆਉਂਦੇ ਹਨ। ਵੈਸੇ ਤਾਂ ਅੱਜ-ਕੱਲ੍ਹ ਚਾਹੇ ਮੌਸਮ ਵੀ ਬਦਲ ਗਏ ਹਨ ਪਰ ਫਿਰ ਵੀ ਇਹ ਦਿਨ ਸੁਹਾਵਣੇ ਮੌਸਮ ਦੀ ਆਮਦ ਦਾ ਸੂਚਕ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਕੜਾਕੇ ਦੀ ਠੰਡ ਖਤਮ ਹੋ ਜਾਂਦੀ ਹੈ ਤਾਂਹੀ ਕਿਹਾ ਜਾਦਾ ਹੈ, “ਆਈ ਬਸੰਤ, ਪਾਲ਼ਾ ਉਡੰਤ”। ਪੁਰਾਤਨ ਪੁਸਤਕਾਂ ਅਨੁਸਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪਹਿਲੀ ਵਾਰੀ ਬਸੰਤ ਦਾ ਮੇਲਾ 1599 ਵਿੱਚ ਲੱਗਾ ਸੀ ਜਦ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਵਡਾਲੀ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਸੀ। ਅੰਮ੍ਰਿਤਸਰ ਦੇ ਨੇੜੇ ਛੇਹਰਟੇ ਲਾਗੇ ਗੁਰੂ ਹਰਿਗੋਬਿੰਦ ਦੀ ਯਾਦ ਵਿੱਚ ਜਿੱਥੇ ਛੇ ਹਰਟਾ ਵਾਲ਼ਾ ਖੂਹ ਹੈ ਇੱਥੇ ਹੀ ਬਸੰਤ ਪੰਚਮੀ ਦਾ ਮੇਲਾ ਅੱਜ ਵੀ ਲੱਗਦਾ ਹੈ। ਬਸੰਤ ਪੰਚਮੀ ਦਾ ਤਿਉਹਾਰ ਨੂੰ ਬੱਚੇ ਪਤੰਗਾਂ ਉਡਾ ਕੇ ਮਨਾਉਂਦੇ ਹਨ। ਉਸ ਦਿਨ ਸਾਰਾ ਆਕਾਸ਼ ਰੰਗ ਬਰੰਗੀਆਂ ਪਤੰਗਾ ਨਾਲ ਭਰਿਆ ਨਜਰ ਆਉਂਦਾ ਹੈ। ਪਤੰਗਾਂ ਉਡਾਉਣ ਦੇ ਮਾਮਲੇ ਵਿੱਚ ਫਿਰੋਜਪੁਰ ਸਭ ਤੋਂ ਮੂਹਰੇ ਹੈ। ਇਥੇ ਵਿੱਚ ਸਭ ਤੋਂ ਵੱਧ ਪਤੰਗਾਂ ਉਡਾਈਆਂ ਜਾਦੀਆਂ ਹਨ। ਇਥੇ ਲੋਕ ਡੀ.ਜੇ. ਅਤੇ ਢੋਲ ਵਗੈਰਾ ਵਜਾ ਕੇ ਪਤੰਗਾਂ ਉਡਾਉਂਦੇ ਹਨ। ਇਸ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਜਲੰਧਰ ਵਿੱਚ ਪਤੰਗਾਂ ਉਡਾਉਣ ਦਾ ਰੁਝਾਣ ਜਿਆਦਾ ਹੈ। ਵੱਡੇ ਸ਼ਹਿਰਾਂ ਵਿੱਚ ਇਸ ਦਿਨ ਆਕਾਸ਼ ਵੀ ਰੰਗਮੰਚ ਲੱਗਦਾ ਹੈ। ਪੁਰਾਤਨ ਰਿਵਾਇਤ ਅਨੁਸਾਰ ਇਸ ਦਿਨ ਔਰਤਾਂ ਬਸੰਤੀ ਰੰਗ ਦੇ ਕੱਪੜੇ ਪਾ ਕੇ ਗਿੱਧਾ ਪਾਉਂਦੀਆਂ ਸਨ ਅਤੇ ਗੀਤ ਗਾਉਂਦੀਆਂ ਸਨ ਇਸ ਗਿੱਧੇ ਨੂੰ ‘ਬਸੰਤੀ ਗਿੱਧਾ’ ਕਿਹਾ ਜਾਂਦਾ ਸੀ।

ਪਤੰਗਾਂ ਉਡਾਉਣ ਕਾਰਨ ਹੀ ‘ਬਸੰਤ ਪੰਚਮੀ’ ਬੱਚਿਆਂ ਦਾ ਮਨ-ਭਾਉਂਦਾ ਤਿਉਹਾਰ ਹੈ। ਪਤੰਗਾਂ ਤਾਂ ਸਾਲਾਂ ਤੋਂ ਉਡਦੀਆਂ ਆ ਰਹੀਆਂ ਹਨ ਪਰ ਅੱਜ ਪਤੰਗਾਂ ਮਨੋਰੰਜਨ ਤੋਂ ਜਿਆਦਾ ਖੌਫ ਬਣੀਆਂ ਹੋਈਆਂ ਹਨ। ਖੁਸ਼ੀ ਦੇਣ ਵਾਲੀਆਂ ਪਤੰਗਾਂ ਅੱਜ ਖੂਨੀ ਪਤੰਗਾਂ ਬਣ ਗਈਆਂ ਹਨ। ਪਿਛਲੇ ਕੁੱਝ ਸਾਲਾਂ ਤੋਂ ਚਾਈਨਾ ਦੀਆਂ ਡੋਰਾਂ ਸਭ ਲਈ ਖੌਫ ਬਣੀਆਂ ਹੋਇਆ ਹਨ। ਦਿਨੋ-ਦਿਨ ਇਸ ਦੇ ਮਾੜੇ ਪ੍ਰਭਾਵ ਵੱਧਦੇ ਜਾ ਰਹੇ ਹਨ। ਐਤਕੀ ਚਾਈਨਾ ਦੀਆਂ ਡੋਰਾਂ ਕਾਰਨ ਅਣ-ਗਿਣਤ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਫਿਰ ਵੀ ਸਵਾਰਥੀ ਲੋਕ ਆਪਣੇ ਨਿੱਜੀ ਮੁਨਾਫਿਆਂ ਲਈ ਪੰਛੀਆਂ ਤੇ ਮਾਸੂਮਾਂ ਦੇ ਕਾਤਿਲ ਬਣ ਰਹੇ ਹਨ। ਸਰਕਾਰ ਵੱਲੋਂ ਇਸ ਦੇ ਖਿਲਾਫ ਕਰੜੇ ਕਾਨੂੰਨ ਬਣਾ ਦਿੱਤੇ ਗਏ ਹਨ ਫਿਰ ਵੀ ਆਏ ਦਿਨ ਇਸ ਚਾਈਨਾ ਡੋਰ ਕਾਰਨ ਵਾਪਰਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਹੜੇ ਲੋਕ ਚਾਈਨਾ ਡੋਰਾਂ ਦੀ ਕਾਲਾ ਬਜਾਰੀ ਬੰਦ ਨਹੀਂ ਕਰ ਰਹੇ ਉਹ ਕੱਲ੍ਹ ਨੂੰ ਨਸ਼ਿਆਂ ਦਾ ਵਪਾਰ ਵੀ ਕਰਨਗੇ। ਇਸ ਲਈ ਸਰਕਾਰ ਨੂੰ ਸਖਤੀ ਨਾਲ ਇਸ ਦੇ ਖਿਲਾਫ ਐਕਸ਼ਨ ਲੈਣ ਦੀ ਲੋੜ ਹੈ। ਬੱਚਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਬਸੰਤ ਮਨਾਉ, ਪਰ ਖੂਨੀ ਪਤੰਗਾਂ ਨਾਲ ਨਹੀ! ਪਤੰਗਾਂ ਤੁਸੀਂ ਖੁਸ਼ੀ ਲਈ ਉਡਾਉਣੀਆਂ ਹਨ ਨਾ ਕਿ ਪੰਛਿਆਂ ਅਤੇ ਮਾਸੂਮਾਂ ਦੇ ਕਾਤਿਲ ਬਨਣਾ ਹੈ।  ਚਾਈਨਾ ਡੋਰ ਨਾ ਆਪ ਵਰਤੋ ਅਤੇ ਨਾ ਹੀ ਆਪਣੇ ਯਾਰਾਂ ਦੋਸਤਾਂ ਨੂੰ ਵਰਤਨ ਦਿਓ। ਆਪਣਾ ਵੀ ਧਿਆਨ ਰੱਖੋ, ਕੋਠਿਆਂ ਉਤੇ ਪਤੰਗਾਂ ਉਡਾਉਣ ਲੱਗੇ ਆਸੇ ਪਾਸੇ ਵੇਖੋ ਕਿ ਕਿਤੇ ਚਾਈਨਾ ਡੋਰ ਜਾਂ ਕੋਈ ਹੋਰ ਅਜਿਹੀ ਡੋਰ ਤਾਂ ਨਹੀਂ ਜੋ ਤੁਹਾਡੇ ਨੇੜ ਦੀ ਵੀ ਲੰਘ ਰਹੀ ਹੋਵੇ। ਸਕੂਲ, ਕਾਲਜ, ਗਲੀ ਮਹੁੱਲੇ ਵਿੱਚ ਖੇਡਣ ਲੱਗੇ ਖਿਆਲ ਰੱਖੋ ਕਿਤੇ ਆਸੇ ਪਾਸੇ ਚਾਈਨਾ ਡੋਰ ਨਾ ਹੋਵੇ ਜੋ ਤੁਹਾਨੂੰ ਨੁਕਸਾਨ ਪਹੁੰਚਾ ਦੇਵੇ। ਪਤੰਗਾਂ ਆਪਾਂ ਆਪਣੀ ਖੁਸ਼ੀ ਲਈ ਉਡਾਉਣੀਆਂ ਹਨ ਨਾ ਕਿ ਪੰਛਿਆਂ ਅਤੇ ਮਾਸੂਮਾ ਦੇ ਕਾਤਿਲ ਬਨਣ ਲਈ। ਦੋ ਪਲ ਦੀ ਖੁਸ਼ੀ ਲਈ ਕਿਸੇ ਦੀ ਜਿੰਦਗੀ ਨਾਲ ਖਿਲਵਾੜ ਨਾ ਕਰੋ। ਪਤੰਗਾਂ ਉਡਾਓ ਪਰ ਚਾਈਨਾਂ ਡੋਰ ਨਾਲ ਨਹੀਂ। ਆਪ ਵੀ ਖੁਸ਼ੀ ਮਨਾਓ ਅਤੇ ਦੂਸਰਿਆਂ ਦੀ ਵੀ ਖੁਸ਼ੀ ਦਾ ਖਿਆਲ ਰੱਖੋ।ਬਸੰਤ ਪੰਚਮੀ ਦੀਆਂ ਸਭ ਨੂੰ ਬਹੁੱਤ-ਬਹੁੱਤ ਮੁਬਾਰਕਾਂ!

-ਭਵਨਦੀਪ ਸਿੰਘ ਪੁਰਬਾ
1195, ਅਜੀਤ ਨਗਰ ਮੋਗਾ (ਪੰਜਾਬ)
ਵਟਸਐਪ: 9988-92-9988

You must be logged in to post a comment Login