ਸਿੰਗਾਪੁਰ, 2 ਜੂਨ : ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਭਵਿੱਖ ’ਚ ਮਸਨੂਈ ਬੌਧਿਕਤਾ (ਏਆਈ) ਰਾਹੀਂ ਲੜੀਆਂ ਜਾਣ ਵਾਲੀਆਂ ਜੰਗਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਥੇ ਆਈਆਈਐੱਸਐੱਸ ਸ਼ੰਗਰੀ-ਲਾ ਡਾਇਲਾਗ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ਼ ਰਾਊਂਡ ਟੇਬਲ ’ਚ ਹਿੱਸਾ ਲੈਂਦਿਆਂ ਜਨਰਲ ਚੌਹਾਨ ਨੇ ਉਭਰਦੇ ਭੂ-ਸਿਆਸੀ ਹਾਲਾਤ ਅਤੇ ਤੇਜ਼ੀ ਨਾਲ ਹੋ ਰਹੇ ਤਕਨੀਕੀ ਬਦਲਾਅ ਦਾ ਜ਼ਿਕਰ ਕੀਤਾ ਜੋ ਜੰਗ ਦੇ ਬਦਲ ਰਹੇ ਸੁਭਾਅ ਨਾਲ ਸਬੰਧਤ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਤਕਨਾਲੋਜੀ ਨੇ ਗ਼ੈਰ-ਰਾਜਕੀ ਤੱਤਾਂ ਨੂੰ ਤਾਕਤਵਰ ਬਣਾ ਦਿੱਤਾ ਹੈ ਜਿਸ ਕਾਰਨ ਲੁਕਵੀਂ ਜੰਗ ਅਤੇ ਅਸਥਿਰਤਾ ਨੂੰ ਹੱਲਾਸ਼ੇਰੀ ਮਿਲੀ ਹੈ। ਸੰਵਾਦ ’ਚ ਆਸਟਰੇਲੀਆ, ਯੂਰਪੀ ਯੂਨੀਅਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਜਪਾਨ, ਨੈਦਰਲੈਂਡਜ਼, ਨਿਊਜ਼ੀਲੈਂਡ, ਫਿਲਪੀਨਜ਼, ਸਿੰਗਾਪੁਰ, ਯੂਕੇ ਅਤੇ ਅਮਰੀਕਾ ਸਮੇਤ ਹੋਰ ਮੁਲਕਾਂ ਦੇ ਰੱਖਿਆ ਆਗੂਆਂ ਨੇ ਹਿੱਸਾ ਲਿਆ। ਇਸ ਦੌਰਾਨ ਅਹਿਮ ਸੁਰੱਖਿਆ ਚੁਣੌਤੀਆਂ, ਉਭਰਦੇ ਰੁਝਾਨਾਂ ਅਤੇ ਨਿਵੇਕਲੇ ਹੱਲ ਕੱਢਣ ਬਾਰੇ ਚਰਚਾ ਕੀਤੀ ਗਈ। ਸੰਵਾਦ ਰਣਨੀਤਕ ਫ਼ੈਸਲੇ ਲੈਣ, ਸਥਿਰਤਾ ਕਾਇਮ ਕਰਨ ’ਚ ਸਹਿਯੋਗ ਦੇਣ ਅਤੇ ਰੱਖਿਆ ਖੇਤਰ ’ਚ ਸੁਰੱਖਿਆ ਚੁਣੌਤੀਆਂ ਦੇ ਹੱਲ ’ਤੇ ਕੇਂਦਰਿਤ ਰਿਹਾ। ਸੀਡੀਐੱਸ ਜਨਰਲ ਚੌਹਾਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਵਿੱਖ ਦੀਆਂ ਜੰਗਾਂ ਚਾਰ ਰੁਝਾਨਾਂ ਦੇ ਆਲੇ-ਦੁਆਲੇ ਕੇਂਦਰਤ ਰਹਿਣਗੀਆਂ। ਉਨ੍ਹਾਂ ’ਚ ਸਾਰੇ ਖੇਤਰਾਂ ’ਚ ਸੈਂਸਰਾਂ ਦੇ ਪਾਸਾਰ, ਲੰਬੀ ਦੂਰੀ ਦੇ ਹਾਈਪਰਸੋਨਿਕ ਅਤੇ ਸਟੀਕ ਹਥਿਆਰ, ਖੁਦਮੁਖਤਿਆਰ ਪ੍ਰਣਾਲੀਆਂ ਨਾਲ ਮਾਨਵ ਅਤੇ ਮਨੁੱਖ ਰਹਿਤ ਟੀਮਾਂ ਅਤੇ ਏਆਈ ਤੇ ਕੁਆਂਟਮ ਤਕਨਾਲੋਜੀਆਂ ਸ਼ਾਮਲ ਹਨ। ਉਨ੍ਹਾਂ ਭਾਰਤ ਵੱਲੋਂ ਸਥਾਨਕ ਹਾਲਾਤ ਮੁਤਾਬਕ ਪ੍ਰਣਾਲੀਆਂ ਵਿਕਸਤ ਕਰਨ ਅਤੇ ਪ੍ਰਾਈਵੇਟ ਸਨਅਤਾਂ ਦੇ ਸਹਿਯੋਗ ਨਾਲ ਰੱਖਿਆ ਮੈਨੂਫੈਕਚਰਿੰਗ ਸਹਿਯੋਗ ਕਾਇਮ ਕਰਨ ਦਾ ਵੀ ਹਵਾਲਾ ਦਿੱਤਾ। ਜਨਰਲ ਚੌਹਾਨ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਚੱਲ ਰਹੇ ਬਦਲਾਅ ਦੇ ਸਿਧਾਂਤ, ਸੰਗਠਿਤ ਸਭਿਆਚਾਰ ਅਤੇ ਮਾਨਵੀ ਪੂੰਜੀ ਭਾਰਤ ਦੇ ਨਿਵੇਕਲੇ ਭੂਗੋਲ, ਤਜਰਬੇ ਅਤੇ ਖਾਹਿਸ਼ਾਂ ਰਾਹੀਂ ਉਸ ਦੇ ਰੱਖਿਆ ਨਜ਼ਰੀਏ ਨੂੰ ਆਕਾਰ ਦੇਣਗੇ। ਉਨ੍ਹਾਂ ਆਲਮੀ ਸ਼ਾਂਤੀ ਅਤੇ ਜ਼ਿੰਮੇਵਾਰੀ ਦੇ ਅਹਿਸਾਸ ਲਈ ਭਾਰਤ ਦੀ ਵਚਨਬੱਧਤਾ ਦੁਹਰਾਉਂਦਿਆਂ ਆਲਮੀ ਸਥਿਰਤਾ ਲਈ ਸੰਵਾਦ ਅਤੇ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਲਈ ਸ਼ੰਗਰੀ-ਲਾ ਡਾਇਲਾਗ ਦੀ ਸ਼ਲਾਘਾ ਕੀਤੀ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login