ਭਾਖੜਾ ਤੇ ਰਣਜੀਤ ਸਾਗਰ ਡੈਮਾਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਐਨ ਨੇੜੇ; ਛੱਡਿਆ ਜਾਵੇਗਾ ਹੋਰ ਪਾਣੀ

ਭਾਖੜਾ ਤੇ ਰਣਜੀਤ ਸਾਗਰ ਡੈਮਾਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਐਨ ਨੇੜੇ; ਛੱਡਿਆ ਜਾਵੇਗਾ ਹੋਰ ਪਾਣੀ

ਚੰਡੀਗੜ੍ਹ, 4 ਸਤੰਬਰ: ਪਹਾੜਾਂ ’ਚੋਂ ਘੱਗਰ ’ਚ ਪਾਣੀ ਦੀ ਆਮਦ ਬੇਸ਼ੱਕ ਅੱਜ ਇਕਦਮ ਘੱਟ ਗਈ ਹੈ, ਪਰ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਐਨ ਨੇੜੇ ਪਹੁੰਚ ਗਿਆ ਹੈ। ਭਾਖੜਾ ਵਿਚ ਜਿੰਨਾ ਪਾਣੀ ਪਹਾੜਾਂ ’ਚੋਂ ਆ ਰਿਹਾ ਹੈ, ਓਨਾ ਪਾਣੀ ਹੀ ਸਤਲੁਜ ’ਚ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਇੱਕ ਫੁੱਟ ਹੇਠਾਂ ਹੈ ਅਤੇ ਰਣਜੀਤ ਸਾਗਰ ਡੈਮ ਵੀ ਖ਼ਤਰੇ ਦੇ ਨਿਸ਼ਾਨ ਤੋਂ ਇੱਕ ਮੀਟਰ ਹੀ ਹੇਠਾਂ ਹੈ। ਰਣਜੀਤ ਸਾਗਰ ਡੈਮ ’ਚ ਪਾਣੀ ਦੀ ਆਮਦ ਪਹਿਲਾਂ ਨਾਲੋਂ ਘਟੀ ਹੈ। ਡੈਮਾਂ ’ਚੋਂ ਹੋਰ ਪਾਣੀ ਛੱਡੇ ਜਾਣ ਦੇ ਮੱਦੇਨਜ਼ਰ ਦਰਿਆਵਾਂ ਕੰਢੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਅਪੀਲ ਕੀਤੀ ਗਈ ਹੈ।ਪੌਂਗ ਡੈਮ ਪਹਿਲਾਂ ਹੀ ਖ਼ਤਰੇ ਦੇ ਨਿਸ਼ਾਨ ਤੋਂ ਸਾਢੇ ਚਾਰ ਫੁੱਟ ਉਪਰ ਚੱਲ ਰਿਹਾ ਹੈ। ਪੌਂਗ ਡੈਮ ਵਿਚ ਅੱਜ ਮੁੜ ਪਹਾੜਾਂ ’ਚੋਂ ਪਾਣੀ ਦੀ ਆਮਦ 1.14 ਲੱਖ ਕਿਊਸਿਕ ਹੋ ਗਈ ਹੈ ਅਤੇ ਇਸ ਡੈਮ ’ਚੋਂ ਇੱਕ ਲੱਖ ਕਿਊਸਿਕ ਪਾਣੀ ਬਿਆਸ ’ਚ ਛੱਡਿਆ ਜਾ ਰਿਹਾ ਹੈ। ਘੱਗਰ ’ਚ ਪਹਾੜਾਂ ’ਚੋਂ ਪਾਣੀ ਆਉਣਾ ਪਹਿਲਾਂ ਨਾਲੋਂ ਘੱਟ ਗਿਆ ਹੈ। ਠੀਕ 10 ਵਜੇ ਸਵੇਰੇ ਘੱਗਰ ’ਚ ਪਹਾੜਾਂ ਤੋਂ ਮਹਿਜ਼ 5898 ਕਿਊਸਿਕ ਪਾਣੀ ਹੀ ਆਇਆ। ਮਾਨਸਾ ਦੇ ਸਰਦੂਲਗੜ੍ਹ ’ਚ ਹਾਲਾਤ ਚਿੰਤਾਜਨਕ ਹਨ ਕਿਉਂਕਿ ਸਰਦੂਲਗੜ੍ਹ ਨੇੜੇ ਘੱਗਰ ’ਚ ਪਾਣੀ 37550 ਕਿਊਸਿਕ ਹੋ ਗਿਆ ਹੈ। ਸਰਦੂਲਗੜ੍ਹ ’ਚ 32500 ਕਿਊਸਿਕ ਪਾਣੀ ਨੂੰ ਖ਼ਤਰਾ ਮੰਨਿਆ ਜਾਂਦਾ ਹੈ ਪ੍ਰੰਤੂ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਪੰਜ ਹਜ਼ਾਰ ਕਿਊਸਿਕ ਪਾਣੀ ਵੱਧ ਚੱਲ ਰਿਹਾ ਹੈ।ਬੀਬੀਐਮਬੀ ਵੀਰਵਾਰ ਦੁਪਹਿਰ ਨੂੰ ਭਾਖੜਾ ਡੈਮ ਤੋਂ ਪਾਣੀ ਦੇ ਵਹਾਅ ਵਿੱਚ 10,000 ਕਿਊਸਕ ਦਾ ਵਾਧਾ ਕਰੇਗਾ। ਇਹ ਭਾਖੜਾ ਡੈਮ ਤੋਂ ਪਾਣੀ ਦੇ ਵਹਾਅ ਨੂੰ 75,000 ਕਿਊਸਕ ਤੋਂ ਵਧਾ ਕੇ 85,000 ਕਿਊਸਕ ਕਰ ਦੇਵੇਗਾ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,678.97 ਫੁੱਟ ਤੱਕ ਵਧਣ ਕਾਰਨ ਬੀਬੀਐਮਬੀ ਅਧਿਕਾਰੀਆਂ ਨੂੰ ਪਾਣੀ ਦੇ ਵਹਾਅ ਨੂੰ ਵਧਾਉਣ ਲਈ ਮਜਬੂਰ ਹਨ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1,680 ਫੁੱਟ ਦੇ ਸਿਖਰਲੇ ਪੱਧਰ ਤੋਂ ਸਿਰਫ਼ ਇੱਕ ਫੁੱਟ ਦੂਰ ਹੈ। ਭਾਖੜਾ ਦੀ ਵੱਧ ਤੋਂ ਵੱਧ ਭੰਡਾਰਨ ਸਮਰੱਥਾ 1,985 ਫੁੱਟ ਤੱਕ ਜਾ ਸਕਦੀ ਹੈ; ਹਾਲਾਂਕਿ, 1988 ਦੇ ਹੜ੍ਹਾਂ ਤੋਂ ਬਾਅਦ, ਇਸ ਨੂੰ 1,680 ਫੁੱਟ ਤੱਕ ਸੀਮਤ ਕਰ ਦਿੱਤਾ ਗਿਆ ਸੀ।

You must be logged in to post a comment Login