ਭਾਰਤੀ ਉਡਾਣਾਂ ’ਤੇ ਪਾਬੰਦੀ ਇੱਕ ਮਹੀਨਾ ਹੋਰ ਵਧਾਏਗਾ ਪਾਕਿਸਤਾਨ: ਰਿਪੋਰਟ

ਭਾਰਤੀ ਉਡਾਣਾਂ ’ਤੇ ਪਾਬੰਦੀ ਇੱਕ ਮਹੀਨਾ ਹੋਰ ਵਧਾਏਗਾ ਪਾਕਿਸਤਾਨ: ਰਿਪੋਰਟ

ਇਸਲਾਮਾਬਾਦ, 21 ਮਈ- ਪਾਕਿਸਤਾਨ ਨੇ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਨਵੀਂ ਦਿੱਲੀ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਪਿਛਲੇ ਮਹੀਨੇ ਭਾਰਤ ਲਈ ਆਪਣੇ ਹਵਾਈ ਖੇਤਰ ’ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ 23 ਮਈ ਤੱਕ ਇੱਕ ਮਹੀਨੇ ਲਈ ਲਗਾਈ ਗਈ ਸੀ ਕਿਉਂਕਿ ਅੰਤਰਰਾਸ਼ਟਰੀ ਸਿਵਲ ਹਵਾਬਾਜ਼ੀ ਸੰਗਠਨ (ICAO) ਦੇ ਨਿਯਮਾਂ ਅਨੁਸਾਰ ਇੱਕ ਸਮੇਂ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਹਵਾਈ ਖੇਤਰ ਦੀਆਂ ਪਾਬੰਦੀਆਂ ਨਹੀਂ ਲਗਾਈਆਂ ਜਾ ਸਕਦੀਆਂ। ਸੂਤਰਾਂ ਦੇ ਹਵਾਲੇ ਨਾਲ ਜੀਓ ਨਿਊਜ਼ ਨੇ ਰਿਪੋਰਟ ਦਿੱਤੀ ਕਿ ਪਾਬੰਦੀ ਨੂੰ ਵਧਾਉਣ ਦੇ ਫ਼ੈਸਲੇ ਦਾ ਐਲਾਨ ਬੁੱਧਵਾਰ ਜਾਂ ਵੀਰਵਾਰ ਨੂੰ ਕੀਤੇ ਜਾਣ ਦੀ ਉਮੀਦ ਹੈ ਅਤੇ ਏਅਰਮੈਨ ਨੂੰ ਨੋਟਿਸ (Notam) ਜਾਰੀ ਕੀਤਾ ਜਾਵੇਗਾ। ਇਹ ਫ਼ੈਸਲਾ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ 7 ​​ਮਈ ਨੂੰ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਟਿਕਾਣਿਆਂ ’ਤੇ ‘ਅਪਰੇਸ਼ਨ ਸਿੰਧੂਰ’ ਤਹਿਤ ਭਾਰਤ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਦੋਵਾਂ ਗੁਆਂਢੀ ਮੁਲਕਾਂ ਵਿਚਾਲੇ ਵਧੇ ਤਣਾਅ ਦਰਮਿਆਨ ਲਿਆ ਗਿਆ ਹੈ। ਭਾਰਤੀ ਫੌਜ ਇਹ ਕਹਿੰਦੀ ਰਹੀ ਹੈ ਕਿ ਪਾਕਿਸਤਾਨ ਵੱਲੋਂ ਭਾਰਤੀ ਫ਼ੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਜਵਾਬ ਵਿੱਚ 10 ਮਈ ਦੀ ਸ਼ੁਰੂਆਤ ਵਿੱਚ ਭਾਰਤ ਵੱਲੋਂ ਪਾਕਿਸਤਾਨ ਵਿੱਚ ਅੱਠ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਮਗਰੋਂ ਪਾਕਿਸਤਾਨ ਨੇ ਫ਼ੌਜੀ ਕਾਰਵਾਈਆਂ ਨੂੰ ਰੋਕਣ ਦੀ ਬੇਨਤੀ ਕੀਤੀ ਸੀ।

You must be logged in to post a comment Login