ਦੁਬਈ, 29 ਸਤੰਬਰ :ਏਸ਼ਿਆਈ ਕ੍ਰਿਕਟ ਕੌਂਸਲ (ACC) ਦੇ ਚੇਅਰਮੈਨ ਮੋਹਸਿਨ ਨਕਵੀ, ਜੋ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ, ਨੇ ਭਾਰਤੀ ਟੀਮ ਵੱਲੋਂ ਉਨ੍ਹਾਂ ਕੋਲੋਂ ਟਰਾਫ਼ੀ ਲੈਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਭਾਰਤੀ ਟੀਮ ਨੂੰ ਏਸ਼ੀਆ ਕੱਪ ਟਰਾਫੀ ਦੇਣ ਤੋਂ ਹੀ ਇਨਕਾਰ ਕਰ ਦਿੱਤਾ। ਨਕਵੀ ਪੋਡੀਅਮ ਤੋਂ ਹੇਠਾਂ ਉਤਰਿਆ ਤੇ ਐਗਜ਼ਿਟ ਗੇਟ ਵੱਲ ਵਧਿਆ ਤਾਂ ਏਸੀਸੀ ਦਾ ਸਟਾਫ਼ ਏਸ਼ੀਆ ਕੱਪ ਦੀ ਟਰਾਫ਼ੀ ਆਪਣੇ ਨਾਲ ਹੀ ਲੈ ਗਿਆ। ਉਧਰ ਬੀਸੀਸੀਆਈ ਨੇ ਨਕਵੀ ਖਿਲਾਫ਼ ਕਾਰਵਾਈ ਦਾ ਇਸ਼ਾਰਾ ਕੀਤਾ ਹੈ। ਭਾਰਤ ਵੱਲੋਂ ਐਤਵਾਰ ਰਾਤੀਂ ਖੇਡੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਉਣ ਮਗਰੋਂ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਕਰੀਬ ਡੇਢ ਘੰਟੇ ਤੱਕ ਡਰਾਮਾ ਚੱਲਦਾ ਰਿਹਾ। ਹਾਲਾਂਕਿ ਕ੍ਰਿਕਟ ਦੇ ਇਸ ਧਮਾਕੇਦਾਰ ਮੈਚ ਮਗਰੋਂ ਜੋ ਕੁਝ ਹੋਇਆ ਉਸ ਨੇ 22 ਗਜ਼ ਦੀ ਕਰੀਜ਼ ’ਤੇ ਹੋਏ ਪ੍ਰਦਰਸ਼ਨ ਉੱਤੇ ਪਾਣੀ ਫੇਰ ਕੇ ਰੱਖ ਦਿੱਤਾ। ਮੈਚ ਜਿੱਤਣ ਮਗਰੋਂ ਭਾਰਤੀ ਖਿਡਾਰੀ ਜਲਦੀ ਹੀ ਮੈਦਾਨ ’ਤੇ ਉਤਰ ਆਏ, ਕੁਝ ਆਪਣੇ ਪਰਿਵਾਰਾਂ ਨਾਲ ਸਨ। ਕਪਤਾਨ ਸੂਰਿਆਕੁਮਾਰ ਯਾਦਵ ਦੀ ਪਤਨੀ ਦੇਵੀਸ਼ਾ, ਮੁੱਖ ਕੋਚ ਗੌਤਮ ਗੰਭੀਰ ਦੀ ਪਤਨੀ ਅਤੇ ਧੀਆਂ ਮੈਦਾਨ ’ਤੇ ਮੌਜੂਦ ਸਨ, ਅਤੇ ਹਰ ਕੋਈ ਪੂਰੇ ਜੋਸ਼ ਵਿਚ ਸੀ।’ਮੈੱਨ ਇਨ ਬਲੂ'(ਭਾਰਤੀ ਟੀਮ) ਜਿੱਥੋਂ ਇਕੱਠੇ ਹੋਏ ਸਨ, ਉਸ ਤੋਂ ਠੀਕ 20-25 ਗਜ਼ ਦੀ ਦੂਰੀ ’ਤੇ, ਏਸੀਸੀ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਆਪਣੀ ਟੀਮ ਨਾਲ ਖੜ੍ਹੇ ਸਨ। ਪਤਾ ਲੱਗਾ ਹੈ ਕਿ ਬੀਸੀਸੀਆਈ ਨੇ ਆਪਣੇ ਏਸੀਸੀ ਪੁਆਇੰਟ-ਪਰਸਨ ਨੂੰ ਸੂਚਿਤ ਕੀਤਾ ਸੀ ਕਿ ਟੀਮ ਨਕਵੀ ਤੋਂ ਟਰਾਫ਼ੀ ਨਹੀਂ ਲਏਗੀ, ਕਿੳੋੁਂਕਿ ਨਕਵੀ ਦਾ ਭਾਰਤ ਵਿਰੋਧੀ ਰੁਖ਼ ਕਿਸੇ ਤੋਂ ਲੁਕਿਆ ਨਹੀਂ ਹੈ।
ਨਕਵੀ ਨੇ ਕ੍ਰਿਸਟਿਆਨੋ ਰੋਨਾਲਡੋ ਦੇ ਜਹਾਜ਼ ਹਾਦਸੇ ਤੋਂ ਬਾਅਦ ਜਸ਼ਨ ਮਨਾਉਣ ਵਾਲੇ ਅੰਦਾਜ਼ ਦੇ ਕੁਝ ਰਹੱਸਮਈ ਵੀਡੀਓ ਪੋਸਟ ਕੀਤੇ ਸਨ, ਜੋ ਪਾਕਿਸਤਾਨ ਦੇ ਉਸ ਦਾਅਵੇ ਦਾ ਸੰਦਰਭ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ‘ਅਪਰੇਸ਼ਨ ਸਿੰਧੂਰ’ ਦੌਰਾਨ 6 ਭਾਰਤੀ ਜਹਾਜ਼ ਡੇਗੇ ਗਏ ਸਨ। ਪਾਕਿਸਤਾਨ ਦੀ ਉਸ ਮੰਗ ਪਿੱਛੇ ਵੀ ਨਕਵੀ ਦਾ ਹੱਥ ਸੀ ਜਿਸ ਵਿਚ ਆਈਸੀਸੀ ਤੋਂ ਸੂਰਿਆਕੁਮਾਰ ਉੱਤੇ ਭਾਰਤੀ ਫੌਜ ਦਾ ਸਾਥ ਦੇਣ ਤੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਇਕਜੁਟਤਾ ਦਿਖਾਉਣ ਲਈ ਲੈਵਲ 4 ਦਾ ਦੋਸ਼ ਲਗਾਉਣ ਦੀ ਮੰਗ ਕੀਤੀ ਗਈ ਸੀ। ਭਾਰਤੀ ਟੀਮ ਨੇ ਟੂਰਨਾਮੈਂਟ ਦੌਰਾਨ ਪਾਕਿਸਤਾਨ ਨਾਲ ‘ਹੱਥ ਨਾ ਮਿਲਾਉਣ’ ਦੀ ਨੀਤੀ ਵੀ ਅਪਣਾਈ ਸੀ। ਇਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਏ ਪੁਰਸਕਾਰ ਵੰਡ ਸਮਾਗਮ ਲਈ ਮੈਦਾਨ ’ਤੇ ਕੋਈ ਵੀ ਪਾਕਿਸਤਾਨੀ ਖਿਡਾਰੀ ਮੌਜੂਦ ਨਹੀਂ ਸੀ।
ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਟੀਮ ਨਕਵੀ ਤੋਂ ਇਲਾਵਾ ਪੋਡੀਅਮ ’ਤੇ ਮੌਜੂਦ ਪਤਵੰਤਿਆਂ ਵਿੱਚੋਂ ਕਿਸੇ ਹੋਰ ਤੋਂ ਟਰਾਫੀ ਲੈਣ ਲਈ ਤਿਆਰ ਸੀ। ਹਾਲਾਂਕਿ ਬੀਸੀਸੀਆਈ ਦੇ ਸਪਸ਼ਟ ਰੁਖ਼ ਦੇ ਬਾਵਜੂਦ ਭਾਰਤੀ ਖਿਡਾਰੀ ਨਕਵੀ ਦੀ ਮੌਜੂਦਗੀ ਵਿਚ ਪੋਡੀਅਮ ’ਤੇ ਨਹੀਂ ਜਾਣਾ ਚਾਹੁੰਦੇ ਸਨ, ਪਰ ਪੀਸੀਬੀ ਮੁਖੀ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਜੇਕਰ ਨਕਵੀ ਨੇ ਜ਼ਬਰਦਸਤੀ ਟਰਾਫ਼ੀ ਸੌਂਪਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਬੀਸੀਸੀਆਈ ਅਧਿਕਾਰਤ ਤੌਰ ’ਤੇ ਵਿਰੋਧ ਦਰਜ ਕਰਵਾਉਂਦਾ।’’ ਇਸ ਖਿੱਚੋਤਾਣ ਦਰਮਿਆਨ ਪੋਸਟ ਮੈਚ ਪ੍ਰੈਜ਼ੈਂਟਰ ਸਾਈਮਨ ਡੌਲ ਨੇ ਖਿਡਾਰੀਆਂ ਨੂੰ ਸਿਰਫ਼ ਵਿਅਕਤੀਗਤ ਇਨਾਮ ਦੇਣ ਦਾ ਐਲਾਨ ਕੀਤਾ ਕਿਉਂਕਿ ਇਹ ਟੂਰਨਾਮੈਂਟ ਦੇ ਨਿਵੇਸ਼ਕਾਂ ਤੇ ਹੋਰ ਭਾਈਵਾਲਾਂ ਦੇ ਹਿੱਤਾਂ ਲਈ ਜ਼ਰੂਰੀ ਹੈ। ਵਿਅਕਤੀਗਤ ਪੁਰਸਕਾਰ ਦਿੱਤੇ ਜਾਣ ਮਗਰੋਂ ਪਾਕਿਸਤਾਨ ਦੀ ਟੀਮ ਨੇ ਆਪਣਾ ਪੁਰਸਕਾਰ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਕੋਲੋਂ ਲਿਆ। ਇਸ ਮਗਰੋਂ ਡੌਲ ਨੇ ਐਲਾਨ ਕੀਤਾ: ‘ਮੈਨੂੰ ਏਸ਼ਿਆਈ ਕ੍ਰਿਕਟ ਕੌਂਸਲ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਭਾਰਤੀ ਕ੍ਰਿਕਟ ਟੀਮ ਅੱਜ ਰਾਤ ਆਪਣੇ ਪੁਰਸਕਾਰ ਨਹੀਂ ਲਵੇਗੀ। ਇਸ ਲਈ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਇਥੇ ਸਮਾਪਤ ਹੁੰਦੀ ਹੈ।’’
You must be logged in to post a comment Login