ਭਾਰਤ ਅੱਗੇ ਹੁਣ ‘ਬੰਗਲਾ ਪ੍ਰੀਖਿਆ’, ਟੀਮ ‘ਚ ਹੋ ਸਕਦਾ ਹੈ ਬਦਲਾਅ

ਭਾਰਤ ਅੱਗੇ ਹੁਣ ‘ਬੰਗਲਾ ਪ੍ਰੀਖਿਆ’, ਟੀਮ ‘ਚ ਹੋ ਸਕਦਾ ਹੈ ਬਦਲਾਅ

ਬਰਮਿੰਘਮ : ਮੱਧ ਕ੍ਰਮ ਦੀ ਨਾਕਾਮੀ ਤੋਂ ਚਿੰਤਤ ਭਾਰਤ ਅੱਜ ਇਥੇ ਹੋਣ ਵਾਲੇ ਬੰਗਲਾਦੇਸ਼ ਵਿਰੁਧ ਵਿਸ਼ਵ ਕੱਪ 2019 ਮੈਚ ‘ਚ ਜਿੱਤ ਦਰਜ ਕਰ ਕੇ ਸੈਮੀਫ਼ਾਈਨਲ ਵਿਚ ਅਪਣੀ ਥਾਂ ਪੱਕੀ ਕਰਨ ਲਈ ਆਖ਼ਰੀ 10 ‘ਚ ਬਦਲਾਅ ਕਰ ਸਕਦਾ ਹੈ। ਬੰਗਲਾਦੇਸ਼ ਨੂੰ ਸੈਮੀਫ਼ਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਇਸ ਮੈਚ ਵਿਚ ਹਰ ਹਾਲ ‘ਚ ਜਿੱਤ ਦਰਜ ਕਰਨੀ ਹੋਵੇਗੀ ਅਤੇ ਅਜਿਹੇ ਵਿਚ ਉਹ ਅਪਣੇ ਵਲੋਂ ਕੋਈ ਕਸਰ ਨਹੀਂ ਛੱਡੇਗਾ। ਏਜ਼ਬੇਸਟਨ ਦੇ ਮੈਦਾਨ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਕੇਦਾਰ ਜਾਧਵ ਅਤੇ ਯੁਜਵਿੰਦਰ ਚਹਲ ਨੂੰ ਬਾਹਰ ਰੱਖ ਕੇ ਭੁਵਨੇਸ਼ਵਰ ਕੁਮਾਰ ਅਤੇ ਰਵਿੰਦਰ ਜਡੇਜਾ ਨੂੰ ਆਖ਼ਰੀ 10 ‘ਚ ਥਾਂ ਦੇ ਸਕਦਾ ਹੈ।
ਭਾਰਤ ਨੇ ਸੱਤ ਮੈਚਾਂ ‘ਚ 11 ਅੰਕ ਹਨ ਅਤੇ ਬੰਗਲਾਦੇਸ਼ ਦੀ ਜਿੱਤ ਨਾਲ ਉਸ ਦੀ ਸੈਮੀਫ਼ਾਈਨਲ ‘ਚ ਥਾਂ ਪੱਕੀ ਹੋ ਜਾਵੇਗੀ। ਬੰਗਲਾਦੇਸ਼ ਨੂੰ ਪਹਿਲੀ ਵਾਰ ਆਖ਼ਰੀ ਚਾਰ ‘ਚ ਪਹੁੰਚਣ ਲਈ ਅਪਣੇ ਦੋਵੇਂ ਮੈਚ ਜਿੱਤਣੇ ਹੋਣਗੇ। ਇੰਗਲੈਂਡ ਹੱਥੋਂ ਹਾਰ ਤੋਂ ਬਾਅਦ ਭਾਰਤ ਨੂੰ ਅਗਲੇ ਮੈਚ ਦੀਆਂ ਤਿਆਰੀਆਂ ਲਈ ਬਹੁਤ ਘੱਟ ਸਮਾਂ ਮਿਲਿਆ ਹੈ। ਉਸ ਦਾ ਸਾਹਮਣਾ ਹੁਣ ਉਸ ਂਟੀਮ ਨਾਲ ਹੈ ਜਿਸ ਕੋਲ ਸ਼ਕਿਬ ਅਲ ਹਸਨ ਦੇ ਰੂਪ ‘ਚ ਨੰਬਰ ਇਕ ਹਰਫ਼ਨਮੌਲਾ ਖਿਡਾਰੀ ਹਨ। ਮਹਿੰਦਰ ਸਿੰਘ ਧੋਨੀ ਦਾ ਸਮਾਪਤੀ ਰੂਪ ‘ਚ ਖ਼ਰਾਬ ਪ੍ਰਦਰਸ਼ਨ ਅਤੇ ਮੱਧ ਕ੍ਰਮ ਦੀ ਨਾਕਾਮੀ ਨਾਲ ਭਾਰਤ ਦਾ ਕਮਜ਼ੋਰ ਪੱਖ ਖੁਲ੍ਹ ਕੇ ਸਾਹਮਣੇ ਆ ਗਿਆ ਹੈ। ਇੰਗਲੈਂਡ ਵਿਰੁਧ ਭਾਰਤ ਆਖ਼ਰੀ ਓਵਰਾਂ ਵਿਚ ਕੇਵਲ 39 ਦੌੜਾਂ ਬਣਾ ਸਕਿਆ ਜਦੋਂ ਕਿ ਧੋਨੀ ਅਤੇ ਜਾਧਵ ਕਰੀਜ਼ ‘ਤੇ ਸਨ। ਧੋਨੀ ਵਲੋਂ ਵੱਡੇ ਸ਼ਾਟ ਲਗਾਉਣ ਨਾਲੋਂ ਉਨ੍ਹਾਂ ਦੀ ਨਾਕਾਮੀ ਤੋਂ ਜ਼ਿਆਦਾ ਉਨ੍ਹਾਂ ਦੇ ਯਤਨ ਨਾ ਕਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟੀਮ ਪ੍ਰਬੰਧਨ ਹਾਲਾਂਕਿ ਅਪਣੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਦੇ ਸਮਰਥਨ ਵਿਚ ਖੜ੍ਹਾ ਹੈ। ਅਜਿਹੇ ‘ਚ ਜਾਧਵ ਦੀ ਥਾਂ ਜਡੇਜਾ ਨੂੰ ਟੀਮ ਵਿਚ ਲਿਆ ਜਾ ਸਕਦਾ ਹੈ। ਇੰਗਲੈਂਡ ਦੇ ਜੈਸਨ ਰੋਏ, ਜਾਨੀ ਬੇਅਰਸਟਾ ਅਤੇ ਬੇਨ ਸਟੋਕਸ ਨੇ ਕਲਾਈ ਦੇ ਸਪਿਨਰਾਂ ਚਹਿਲ ਅਤੇ ਕੁਲਦੀਪ ਯਾਦਵ ਵਿਰੁਧ ਰਿਵਰਸ ਸਵੀਪ ਦਾ ਚੰਗਾ ਇਸਤੇਮਾਲ ਕਰ ਕੇ ਪੂਰਾ ਫ਼ਾਇਦਾ ਚੁੱਕਿਆ ਸੀ।
ਅਜਿਹੀਆਂ ਪ੍ਰਸਥਿਤੀਆਂ ‘ਚ ਬੰਗਲਾਦੇਸ਼ ਵਿਰੁਧ ਤਮੀਮ ਇਕਬਾਲ, ਸ਼ਾਕਿਬ, ਮੁਸ਼ਫ਼ਿਕਰ ਰਹੀਮ, ਲਿਟਟਨ ਦਾਸ ਅਤੇ ਮਹਿਮੂਦੁਲਾਹ ਵਰਗੇ ਸਪਿਨ ਨੂੰ ਚੰਗੀ ਤਰ੍ਹਾਂ ਖੇਡਣ ਵਾਲੇ ਬੱਲੇਬਾਜ਼ਾ ਸਾਹਮਣੇ ਕਲਾਈ ਦੇ ਦੋ ਸਪਿਨਰਾਂ ਨੂੰ ਉਤਾਰਨਾ ਜੋਖ਼ਮ ਭਰਿਆ ਹੋ ਸਕਦਾ ਹੈ। ਭੁਵਨੇਸ਼ਵਰ ਕੁਮਾਰ ਫਿਟ ਹਨ ਅਤੇ ਚੋਣ ਲਈ ਉਪਲਭਦ ਹਨ ਸਅਤੇ ਇਸ ਤਰ੍ਹਾਂ ਭਾਰਤ ਟੂਰਨਾਮੈਂਟ ‘ਚ ਪਹਿਲੀ ਵਾਰ ਤਿੰਨ ਮੁੱਖ ਗੇਂਦਬਾਜ਼ਾ ਨਾਲ ਉਤਰ ਸਕਦਾ ਹੈ। ਗੇਂਦਬਾਜ਼ੀ ਬੰਗਲਾਦੇਸ਼ ਦਾ ਕਮਜ਼ੋਰ ਪੱਖ ਹੈ ਤੇ ਕੋਹਲੀ ਅਜਿਹੀ ਸਪਾਟ ਪਿੱਚ ‘ਤੇ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰਨਗੇ।

You must be logged in to post a comment Login