ਭਾਰਤ ਕੋਲ ਬਥੇਰਾ ਪੈਸਾ ਹੈ: ਟਰੰਪ

ਚੰਡੀਗੜ੍ਹ, 19 ਫਰਵਰੀ : ਅਰਬਪਤੀ ਐਲਨ ਮਸਕ (Alon Musk) ਦੀ ਅਗਵਾਈ ਹੇਠਲੇ ਯੂਐਸ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ ਵੱਲੋਂ ਭਾਰਤ ਵਿੱਚ ਵੋਟਰ ਟਰਨਆਊਟ ਲਈ ਅਲਾਟ ਕੀਤੇ ਗਏ 2.10  ਕਰੋੜ ਡਾਲਰ ਸਮੇਤ ਖਰਚਿਆਂ ਵਿੱਚ ਕਟੌਤੀ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨੂੰ ਆਪਣੀ ਵਧਦੀ ਆਰਥਿਕਤਾ ਅਤੇ ਉੱਚ ਟੈਕਸ ਦਰਾਂ ਦੇ ਨਾਲ ਅਜਿਹੀ ਵਿੱਤੀ ਸਹਾਇਤਾ ਦੀ ਲੋੜ ਨਹੀਂ ਹੈ। ਟਰੰਪ (Donald Trump) ਨੇ ਮੰਗਲਵਾਰ ਨੂੰ ਕਿਹਾ “ਅਸੀਂ ਭਾਰਤ ਨੂੰ 21 ਮਿਲੀਅਨ ਡਾਲਰ ਕਿਉਂ ਦੇ ਰਹੇ ਹਾਂ? ਉਨ੍ਹਾਂ ਕੋਲ ਬਥੇਰਾ ਪੈਸਾ ਹੈ। ਸਾਡੇ ਪੱਖੋਂ ਉਹ ਦੁਨੀਆ ਦੇ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹਨ, ਅਸੀਂ ਮੁਸ਼ਕਿਲ ਨਾਲ ਉੱਥੇ ਜਾ ਸਕਦੇ ਹਾਂ ਕਿਉਂਕਿ ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ। ਮੈਂ ਭਾਰਤ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦਾ ਹਾਂ, ਪਰ ਵੋਟਰ ਟਰਨਆਊਟ ਲਈ ਅਸੀਂ 2.1 ਕਰੋੜ ਡਾਲਰ ਦੇ ਰਹੇ ਹਾਂ?’’ ਟਰੰਪ (Donald Trump) ਨੇ ਪਿਛਲੇ ਮਹੀਨੇ ਮਸਕ ਨੂੰ ਨਵੇਂ ਪ੍ਰਸ਼ਾਸਕੀ ਕੁਸ਼ਲਤਾ ਬਾਰੇ ਵਿਭਾਗ (DOGE) ਦਾ ਮੁਖੀ ਲਾਇਆ ਸੀ। ਸ਼ਾਸਨ ਵਿੱਚ ਸੁਧਾਰ ਕਰਨ ਅਤੇ ਵਾਧੂ ਖਰਚਿਆਂ ਨੂੰ ਰੋਕਣ ਦੇ ਕੰਮ ਵਿੱਚ, DOGE ਨੇ 15 ਫਰਵਰੀ ਨੂੰ ‘ਐਕਸ’ ਉਤੇ ਪਾਈ ਇੱਕ ਪੋਸਟ ਵਿੱਚ ਟੈਕਸਦਾਤਾਵਾਂ ਦੇ ਕਰੋੜਾਂ ਡਾਲਰਾਂ ਦੀ ਲਾਗਤ ਵਾਲੇ ਕਈ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਵਿਭਾਗ ਵੱਲੋਂ ਰੱਦ ਕਰ ਕੀਤੇ ਗਏ ਵਾਧੂ ਖਰਚੇ ਦੀ ਸੂਚੀ ਵਿੱਚ “ਚੋਣਾਂ ਅਤੇ ਰਾਜਨੀਤਿਕ ਪ੍ਰਕਿਰਿਆ ਦੀ ਮਜ਼ਬੂਤੀ ਲਈ ਕੰਸੋਰਸ਼ੀਅਮ” ਦੀ 48.60 ਕਰੋੜ ਡਾਲਰ ਦੀ ਗ੍ਰਾਂਟ ਸ਼ਾਮਲ ਹੈ, ਜਿਸ ਵਿੱਚ ਭਾਰਤ ਵਿੱਚ ਵੋਟਰ ਟਰਨਆਊਟ ਲਈ USD 21 ਮਿਲੀਅਨ ਅਤੇ ਮੋਲਦੋਵਾ ਵਿੱਚ ਸਮੂਹਿਕ ਅਤੇ ਭਾਗੀਦਾਰ ਰਾਜਨੀਤਿਕ ਪ੍ਰਕਿਰਿਆ ਲਈ USD 22 ਮਿਲੀਅਨ ਸ਼ਾਮਲ ਹਨ। ਪੋਸਟ ਵਿੱਚ ਫੰਡਿੰਗ ਬਾਰੇ ਕੋਈ ਹੋਰ ਵੇਰਵੇ ਨਹੀਂ ਦਿੱਤੇ ਗਏ ਸਨ।

You must be logged in to post a comment Login