ਭਾਰਤ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ

ਭਾਰਤ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ

ਜੌਰਜਟਾਊਨ, 28 ਜੂਨ- ਭਾਰਤ ਨੇ ਅੱਜ ਇੱਥੇ ਟੀ-20 ਵਿਸ਼ਵ ਕ੍ਰਿਕਟ ਕੱਪ ਦੇ ਮੀਂਹ ਪ੍ਰਭਾਵਿਤ ਦੂਜੇ ਸੈਮੀਫਾਈਨਲ ਮੈਚ ’ਚ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਦਿੱਤਾ ਹੈ। ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਭਾਰਤੀ ਟੀਮ ਨੇ ਕਪਤਾਨ ਰੋਹਿਤ ਸ਼ਰਮਾ (57 ਦੌੜਾਂ) ਦੇ ਨੀਮ ਸੈਂਕੜੇ ਅਤੇ ਸੂਰਿਆਕੁਮਾਰ ਯਾਦਵ ਦੀਆਂ 47 ਦੌੜਾਂ ਸਦਕਾ 20 ਓਵਰਾਂ ’ਚ 171 ਦੌੜਾਂ ਬਣਾਈਆਂ ਸਨ। ਇੰਗਲੈਂਡ ਦੀ ਟੀਮ ਟੀਚੇ ਦਾ ਪਿੱਛਾ ਕਰਦਿਆਂ 103 ਦੌੜਾਂ ਹੀ ਬਣਾ ਸਕੀ। ਭਾਰਤ ਲਈ ਅਕਸਰ ਪਟੇਲ ਤੇ ਕੁਲਦੀਪ ਯਾਦਵ ਨੇ 3-3 ਤੇ ਬਮਰਾਹ ਨੇ 2 ਵਿਕਟਾਂ ਲਈਆਂ। ਭਾਰਤ ਹੁਣ ਸ਼ਨਿਚਰਵਾਰ ਨੂੰ ਫਾਈਨਲ ਵਿਚ ਦੱਖਣੀ ਅਫਰੀਕਾ ਖਿਲਾਫ ਖੇਡੇਗਾ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ 57 ਦੌੜਾਂ ਦੀ ਪਾਰੀ ਦੌਰਾਨ 6 ਚੌਕੇ ਅਤੇ 2 ਛੱਕੇ ਮਾਰੇ। ਟੀਮ ਵੱਲੋਂ ਹਾਰਦਿਕ ਪਾਂਡਿਆ ਨੇ 23 ਦੌੜਾਂ ਤੇ ਰਵਿੰਦਰ ਜਡੇਜਾ ਨੇ ਨਾਬਾਦ 17 ਦੌੜਾਂ ਬਣਾਈਆਂ। ਅਕਸ਼ਰ ਪਟੇਲ 10 ਦੌੜਾਂ, ਵਿਰਾਟ ਕੋਹਲੀ 9 ਤੇ ਰਿਸ਼ਭ ਪੰਤ 4 ਦੌੜਾਂ ਬਣਾ ਕੇ ਜਦਕਿ ਸ਼ਿਵਮ ਦੂਬੇ ਬਿਨਾਂ ਖਾਤੇ ਖੋਲ੍ਹੇ ਪੈਵੇਲੀਅਨ ਪਰਤੇ। ਇੰਗਲੈਂਡ ਵੱਲੋਂ ਕ੍ਰਿਸ ਜੌਰਡਨ ਨੇ 3 ਵਿਕਟਾਂ ਲਈਆਂ ਜਦਕਿ ਰੀਸ ਟੌਪਲੇ, ਜੋਫਰਾ ਆਰਚਰ, ਸੈਮ ਕਰਨ ਤੇ ਆਦਿਲ ਰਾਸ਼ਿਦ ਨੂੰ ਇੱਕ-ਇੱਕ ਵਿਕਟ ਮਿਲੀ। ਦੱਖਣੀ ਅਫਰੀਕਾ ਟੀਮ ਪਹਿਲਾਂ ਹੀ ਫਾਈਨਲ ’ਚ ਪਹੁੰਚ ਚੁੱਕੀ ਹੈ, ਜਿਸ ਨੇ ਸੈਮੀਫਾਈਨਲ ’ਚ ਅਫ਼ਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਸੀ। 

You must be logged in to post a comment Login