ਭਾਰਤ ਤੇ ਅਮਰੀਕਾ ਦਾ ਰਿਸ਼ਤਾ ਬੇਹੱਦ ਮਹੱਤਵਪੂਰਨ: ਸੰਧੂ

ਵਾਸ਼ਿੰਗਟਨ, 22 ਜਨਵਰੀ- ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਨਾ ਸਿਰਫ਼ ਦੋਵਾਂ ਮੁਲਕਾਂ ਲਈ ਬਲਕਿ ਆਲਮੀ ਬਿਹਤਰੀ ਲਈ ਵੀ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਦੁਵੱਲੇ ਰਿਸ਼ਤੇ ਭਵਿੱਖ ਵਿਚ ਹੋਰ ਉਚਾਈਆਂ ਛੂਹਣਗੇ। ਪੂਰੇ ਅਮਰੀਕਾ ਦੇ ਕਰੀਬ 200 ਪ੍ਰਮੁੱਖ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਬੇਨਤੀ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਦੂਜੀ ਪੀੜ੍ਹੀ ਭਾਰਤ ਨਾਲ ਜੁੜੀ ਰਹੇ ਤੇ ਲਗਾਤਾਰ ਦੇਸ਼ ਵੀ ਜਾਂਦੀ ਰਹੇ। ਭਾਰਤੀ-ਅਮਰੀਕੀਆਂ ਨੂੰ ਆਪਣੇ ਬੱਚਿਆਂ ਨੂੰ ਭਾਰਤ ਭੇਜਦੇ ਰਹਿਣ ਦੀ ਬੇਨਤੀ ਕਰਦਿਆਂ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਦਾ ਦੂਤਾਵਾਸ ਤੇ ਕੌਂਸੁਲੇਟ ਵਿਸ਼ੇਸ਼ ਖਿਆਲ ਰੱਖਣਗੇ। ਜਦ ਵੀ ਉਹ ਭਾਰਤ ਜਾਣਗੇ, ਉਨ੍ਹਾਂ ਨੂੰ ਪੂਰੀ ਸਹਾਇਤਾ ਮਿਲੇਗੀ। ਸੰਧੂ ਨੇ ਕਿਹਾ, ‘ਪਰ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਭਾਰਤ ਜਾਣ ਕਿਉਂਕਿ ਆਉਣ ਵਾਲੇ ਸਮੇਂ ਵਿਚ ਉਹ ਇਕ ਵਿਲੱਖਣ ਸਥਿਤੀ ਵਿਚ ਹੋਣਗੇ।’ ਸੰਧੂ ਦਾ ਸਿਆਟਲ ’ਚ ਦੂਤਾਵਾਸ ਖੋਲ੍ਹਣ ਵਿਚ ਅਹਿਮ ਯੋਗਦਾਨ ਰਿਹਾ ਹੈ।

You must be logged in to post a comment Login