ਭਾਰਤ ਤੇ ਆਸਟਰੇਲੀਆ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

ਭਾਰਤ ਤੇ ਆਸਟਰੇਲੀਆ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

ਕੋਲਕਾਤਾ, 17 ਨਵੰਬਰ- ਇਥੇ ਈਡਨ ਗਾਰਡਨ ਸਟੇਡੀਅਮ ਵਿੱਚ ਇਕ ਦਿਨਾ ਵਿਸ਼ਵ ਕੱਪ ਕ੍ਰਿਕਟ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਦੱਖਣੀ ਅਫ਼ਰੀਕਾ ਦੀਆਂ 212 ਦੌੜਾਂ ਦਾ ਪਿੱਛਾ ਕਰਦਿਆਂ 47.2 ਓਵਰਾਂ ’ਚ ਸੱਤ ਵਿਕਟਾਂ ਗੁਆ ਕੇ 215 ਦੌੜਾਂ ਬਣਾਈਆਂ। ਹੁਣ ਐਤਵਾਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਹੋਵੇਗਾ। ਆਸਟਰੇਲੀਆ ਦੀ ਤਿੰਨ ਵਿਕਟਾਂ ਦੀ ਜਿੱਤ ਨੇ ਦੱਖਣੀ ਅਫਰੀਕਾ ਦੇ ਸੁਫ਼ਨਿਆਂ ਨੂੰ ਚਕਨਾਚੂਰ ਕਰ ਦਿੱਤਾ। ਆਸਟਰੇਲਿਆਈ ਕਪਤਾਨ ਪੈਟ ਕਮਿੰਸ ਨੇ 29 ਗੇਂਦਾਂ ‘ਤੇ ਨਾਬਾਦ 14 ਦੌੜਾਂ ਅਤੇ ਮਿਸ਼ੇਲ ਸਟਾਰਕ ਨੇ 36 ਗੇਂਦਾਂ ‘ਤੇ ਨਾਬਾਦ 16 ਦੌੜਾਂ ਬਣਾ ਕੇ ਟੀਮ ਨੂੰ ਤਣਾਅ ਦੇ ਪਲਾਂ ’ਚੋਂ ਕੱਢ ਕੇ ਜਿੱਤ ਦਿਵਾਈ। ਆਸਟਰੇਲੀਆ ਦੇ ਟ੍ਰੈਵਿਸ ਹੈੱਡ ਨੇ 48 ਗੇਂਦਾਂ ‘ਤੇ 62 ਦੌੜਾਂ ਅਤੇ ਉਸ ਦੇ ਸਲਾਮੀ ਜੋੜੀਦਾਰ ਡੇਵਿਡ ਵਾਰਨਰ ਨੇ 18 ਗੇਂਦਾਂ ‘ਤੇ 29 ਦੌੜਾਂ ਬਣਾਈਆਂ। ਇਸ ਤਰ੍ਹਾਂ ਪਹਿਲੇ ਛੇ ਓਵਰਾਂ ‘ਚ ਇਨ੍ਹਾਂ ਨੇ 60 ਦੌੜਾਂ ਬਣਾ ਕੇ ਹਮਲਾਵਰ ਸ਼ੁਰੂਆਤ ਕੀਤੀ। ਦੱਖਣੀ ਅਫ਼ਰੀਕਾ ਦੇ ਸਪਿੰਨਰ ਤਬਰੇਜ਼ ਸ਼ਸਮੀ ਨੇ 42 ਦੌੜਾਂ ਦੇ ਕੇ ਦੋ ਵਿਕਟਾਂ, ਕੇਸ਼ਵ ਮਹਾਰਾਜ ਨੇ 24 ਦੌੜਾਂ ਦੇ ਕੇ ਇਕ ਵਿਕਟ ਅਤੇ ਏਡਨ ਮਾਰਕਰਮ ਨੇ 23 ਦੌੜਾਂ ਦੇ ਕੇ ਇਕ ਵਿਕਟ ਲੈ ਕੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਆਸਟਰੇਲੀਆ ਨੂੰ ਆਸਾਨੀ ਨਾਲ ਜਿੱਤ ਹਾਸਲ ਨਹੀਂ ਕਰਨ ਦਿੱਤੀ। ਸ਼ਸਮੀ ਨੇ ਮਾਨਰਸ ਲਾਬੁਸ਼ੇਨ (18 ਦੌੜਾਂ) ਅਤੇ ਮਾਰਨਸ ਲਾਬੁਸ਼ੇਨ (18 ਦੌੜਾਂ) ਅਤੇ ਮੈਕਸਵੇਲ (1) ਦੇ ਮਹੱਤਵਪੂਰਨ ਵਿਕਟ ਲਏ। ਇਸ ਤੋਂ ਪਹਿਲਾਂ ਆਸਟਰੇਲੀਆ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਨੇ 49.4 ਓਵਰਾਂ ’ਚ 212 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੇ ਕਪਤਾਨ ਟੇਂਬਾ ਬਾਵੁਮਾ ਨੇ ਵਿਸ਼ਵ ਕੱਪ ਕ੍ਰਿਕਟ ਦੇ ਦੂਜੇ ਸੈਮੀਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਇਹ ਫ਼ੈਸਲਾ ਉਸ ਨੂੰ ਰਾਸ ਨਾ ਆਇਆ। ਇਕ ਸਮੇਂ ਟੀਮ ਨੇ 14 ਓਵਰਾਂ ਵਿੱਚ 44 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ।

You must be logged in to post a comment Login