ਭਾਰਤ ਦਾ ਰੂਸ ਤੋਂ ਤੇਲ ਖਰੀਦਣਾ ਸਵੀਕਾਰ ਨਹੀਂ: ਅਮਰੀਕਾ

ਭਾਰਤ ਦਾ ਰੂਸ ਤੋਂ ਤੇਲ ਖਰੀਦਣਾ ਸਵੀਕਾਰ ਨਹੀਂ: ਅਮਰੀਕਾ

ਵਾਸ਼ਿੰਗਟਨ, 4 ਅਗਸਤ : ਵ੍ਹਾਈਟ ਹਾਊਸ ਵਿਚ ਡਿਪਟੀ ਚੀਫ਼ ਆਫ ਸਟਾਫ਼ ਸਟੀਫਨ ਮਿੱਲਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦੇ ਇਹ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦੇ ਜਾਣ ਕਰਕੇ ਰੂਸ ਨੂੰ ਯੂਕਰੇਨ ਖਿਲਾਫ਼ ਜੰਗ ਵਿਚ ਵਿੱਤੀ ਮਦਦ ਮਿਲੀ।ਮਿਲਰ ਨੇ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ, ‘‘ਇਹ ਸਵੀਕਾਰਯੋਗ ਨਹੀਂ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਰੂਸ-ਯੂਕਰੇਨ ਜੰਗ ਵਿਚ ਵਿੱਤੀ ਮਦਦ ਪ੍ਰਦਾਨ ਕਰੇ। ਲੋਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਭਾਰਤ ਮੂਲ ਰੂਪ ਵਿੱਚ ਰੂਸੀ ਤੇਲ ਖਰੀਦਣ ਵਿੱਚ ਚੀਨ ਨਾਲ ਜੁੜਿਆ ਹੋਇਆ ਹੈ। ਇਹ ਇੱਕ ਹੈਰਾਨੀਜਨਕ ਤੱਥ ਹੈ।’’ ਮਿਲਰ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ‘ਜ਼ਬਰਦਸਤ’ ਸਬੰਧ ਹਨ, ਅਤੇ ਖੇਤਰ ਲਈ ਸ਼ਾਂਤੀ ਦੇ ਬਦਲ ਵਿਚਾਰਧੀਨ ਹਨ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਟਰੰਪ ਦੇ ਭਾਰਤ ਅਤੇ ਪ੍ਰਧਾਨ ਮੰਤਰੀ ਨਾਲ ਹਮੇਸ਼ਾ ਹੀ ਬਹੁਤ ਵਧੀਆ ਸਬੰਧ ਰਹੇ ਹਨ। ਪਰ ਸਾਨੂੰ ਇਸ ਜੰਗ ਦੇ ਵਿੱਤ ਨਾਲ ਨਜਿੱਠਣ ਬਾਰੇ ਅਸਲੀਅਤ ਜਾਣਨੀ ਪਵੇਗੀ। ਲਿਹਾਜ਼ਾ ਰਾਸ਼ਟਰਪਤੀ ਟਰੰਪ ਲਈ, ਯੂਕਰੇਨ ਵਿੱਚ ਚੱਲ ਰਹੀ ਜੰਗ ਨਾਲ ਕੂਟਨੀਤਕ, ਵਿੱਤੀ ਅਤੇ ਹੋਰ ਤਰੀਕਿਆਂ ਨਾਲ ਨਜਿੱਠਣ ਲਈ ਸਾਰੇ ਬਦਲ ਵਿਚਾਰਧੀਨ ਹਨ।’’ ਮਿਲਰ ਨੇ ਦੋਸ਼ ਲਗਾਇਆ ਕਿ ਭਾਰਤ ਅਮਰੀਕੀ ਉਤਪਾਦਾਂ ਨੂੰ ਸਵੀਕਾਰ ਨਹੀਂ ਕਰਦਾ ਕਿਉਂਕਿ ਉਹ ਉਨ੍ਹਾਂ ’ਤੇ ਭਾਰੀ ਟੈਰਿਫ ਲਗਾਉਂਦਾ ਹੈ।ਉਨ੍ਹਾਂ ਕਿਹਾ, ‘‘ਭਾਰਤ ਸਾਡੇ ਉਤਪਾਦਾਂ ਨੂੰ ਸਵੀਕਾਰ ਨਹੀਂ ਕਰਦਾ, ਉਹ ਸਾਡੇ ’ਤੇ ਭਾਰੀ ਟੈਰਿਫ ਲਗਾਉਂਦੇ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਇਮੀਗ੍ਰੇਸ਼ਨ ਨੀਤੀਆਂ ’ਤੇ ਬਹੁਤ ਧੋਖਾਧੜੀ ਕਰਦੇ ਹਨ। ਇਹ ਅਮਰੀਕੀ ਕਾਮਿਆਂ ਲਈ ਬਹੁਤ ਨੁਕਸਾਨਦੇਹ ਹੈ।’’

You must be logged in to post a comment Login