ਨਵੀਂ ਦਿੱਲੀ, 24 ਅਗਸਤ- ਭਾਰਤ ਨੇ ਇਤਿਹਾਸ ਰਚਿਆ। ਚੰਦਰਯਾਨ-3 ਦੁਆਰਾ ਲਿਜਾਇਆ ਗਿਆ ਵਿਕਰਮ ਲੈਂਡਰ ਸਫਲਤਾਪੂਰਵਕ ਚੰਦ ਦੇ ਦੱਖਣੀ ਧਰੁਵ ’ਤੇ ਉਤਰਿਆ। ਭਾਰਤ ਚੰਦਰਮਾ ਦੇ ਇਸ ਹਿੱਸੇ ’ਤੇ ਖੋਜ-ਯੰਤਰ ਭੇਜਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਸੋਵੀਅਤ ਯੂਨੀਅਨ, ਅਮਰੀਕਾ ਅਤੇ ਚੀਨ ਹੀ ਚੰਦ ’ਤੇ ਆਪਣੇ ਖੋਜ-ਯੰਤਰ ਭੇਜ ਸਕੇ ਹਨ। ਇਹ ਸਫਲਤਾ ਵੱਡੇ ਪਸਾਰਾਂ ਵਾਲੀ ਹੈ ਅਤੇ ਭਾਰਤ ਤੇ ਪੂਰੀ ਮਾਨਵਤਾ ਦੇ ਵਿਗਿਆਨ ਦੇ ਇਤਿਹਾਸ ਵਿਚ ਮੀਲ ਪੱਥਰ ਹੈ। ਇਹ ਸਾਰੇ ਦੇਸ਼ ਲਈ ਗੌਰਵ ਤੇ ਮਾਣ-ਸਨਮਾਨ ਦੀ ਘੜੀ ਹੈ; ਇਹ ਮਾਣ-ਸਨਮਾਨ ਦੇਸ਼ ਦੇ ਵਿਗਿਆਨੀਆਂ ਦੀ ਮਿਹਨਤ ਤੇ ਸਿਰੜ ਦਾ ਨਤੀਜਾ ਹੈ। ਭਾਰਤੀ ਪੁਲਾੜ ਖੋਜ ਸੰਸਥਾ (Indian Space Research Organisation-ਇਸਰੋ) ਦੇ ਸਾਰੇ ਵਿਗਿਆਨੀਆਂ ਨੇ ਇਸ ਵਿਚ ਮਹੱਤਵਪੂਰਨ ਹਿੱਸਾ ਪਾਇਆ ਅਤੇ ਉਹ ਸਾਰੇ ਵਿਗਿਆਨੀ ਵਧਾਈ ਅਤੇ ਸਾਰੇ ਦੇਸ਼ ਵੱਲੋਂ ਵੱਡੇ ਮਾਣ-ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਵੱਲੋਂ ਕੀਤੀ ਗਈ ਖੋਜ ਅਤੇ ਯਤਨ ਉੱਚਤਮ ਪੱਧਰ ਦੇ ਹਨ। ਇਸ ਉਪਰਾਲੇ ਵਿਚ ਹੋਰ ਸੰਸਥਾਵਾਂ ਦੇ ਵਿਗਿਆਨੀਆਂ ਨੇ ਵੀ ਹਿੱਸਾ ਪਾਇਆ ਅਤੇ ਇਸ ਤਰ੍ਹਾਂ ਇਹ ਦੇਸ਼ ਦੇ ਵਿਗਿਆਨੀਆਂ ਦੀ ਸਮੂਹਿਕ ਸਫਲਤਾ ਹੈ। ਭਾਰਤ ਚੰਦਰਮਾ ’ਤੇ ਖੋਜ-ਯੰਤਰ ਉਤਾਰਨ ਵਾਲਾ ਪਹਿਲਾ ਵਿਕਾਸਸ਼ੀਲ ਦੇਸ਼ ਹੈ।ਇਸ ਮਹਾਨ ਉਪਰਾਲੇ ਨੂੰ ਅੰਜਾਮ ਦੇਣ ਵਾਲੀ ਸੰਸਥਾ ਇਸਰੋ 1969 ਵਿਚ ਹੋਂਦ ਵਿਚ ਆਈ। ਇਸ ਤੋਂ ਪਹਿਲਾਂ ਦੇਸ਼ ਵਿਚ ਪੁਲਾੜ ਸਬੰਧੀ ਖੋਜ ਦੀ ਨਿਗਰਾਨੀ ਪਰਮਾਣੂ ਊਰਜਾ ਵਿਭਾਗ (Department of Atomic Energy) ਕਰਦਾ ਸੀ। ਵੀਹਵੀਂ ਸਦੀ ਵਿਚ ਨੋਬੇਲ ਪੁਰਸਕਾਰ ਜੇਤੂ ਵਿਗਿਆਨੀ ਸੀਵੀ ਰਮਨ ਅਤੇ ਮੇਘਨੰਦ ਸਾਹਾ ਨੇ ਪੁਲਾੜ ਸਬੰਧੀ ਵੱਡੀਆਂ ਖੋਜਾਂ ਕੀਤੀਆਂ। ਬਾਅਦ ਵਿਚ ਵਿਕਰਮ ਸਾਰਾਭਾਈ ਹੋਮੀ ਭਾਬਾ ਪੁਲਾੜ ਅਤੇ ਪਰਮਾਣੂ ਖੇਤਰਾਂ ਨਾਲ ਸਬੰਧਿਤ ਖੋਜ ਵਿਚ ਮੁੱਖ ਵਿਗਿਆਨੀ ਬਣ ਕੇ ਉੱਭਰੇ। 1962 ਵਿਚ ਪੁਲਾੜ ਸਬੰਧੀ ਖੋਜ ਦੀ ਭਾਰਤੀ ਕੌਮੀ ਖੋਜ ਕਮੇਟੀ (Indian National Committee for Space Research) ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਅਗਵਾਈ ਵਿਚ ਬਣਾਈ ਗਈ। ਵਿਕਰਮ ਸਾਰਾਭਾਈ 1963 ਤੋਂ 1971 ਤਕ ਇਸ ਕਮੇਟੀ ਦੇ ਚੇਅਰਮੈਨ ਰਹੇ ਅਤੇ ਬਾਅਦ ਵਿਚ ਇਸਰੋ ਦੇ ਬਾਨੀ ਚੇਅਰਮੈਨ ਬਣੇ। 1972 ਵਿਚ ਵੱਖਰਾ ਪੁਲਾੜ ਵਿਭਾਗ ਸਥਾਪਿਤ ਕੀਤਾ ਗਿਆ ਅਤੇ ਦੇਸ਼ ਨੇ ਪੁਲਾੜ ਸਬੰਧੀ ਖੋਜ ਵਿਚ ਵੱਡੇ ਕਦਮ ਚੁੱਕੇ। 1980 ਤੋਂ ਇਸਰੋ ਨੇ ਪੁਲਾੜ ਵਿਚ ਉਪ-ਗ੍ਰਹਿ (Satellite) ਭੇਜਣੇ ਸ਼ੁਰੂ ਕੀਤੇ। ਇਹ ਉਪ-ਗ੍ਰਹਿ ਭੇਜਣ ਵਿਚ ਪਹਿਲਾਂ ਸੋਵੀਅਤ ਯੂਨੀਅਨ ਅਤੇ ਬਾਅਦ ਵਿਚ ਫਰਾਂਸ ਦੀ ਸਹਾਇਤਾ ਲਈ ਗਈ ਪਰ ਨਾਲ ਨਾਲ ਦੇਸ਼ ਅੰਦਰ ਹੋਣ ਵਾਲੀ ਖੋਜ ਨੇ ਵੱਡੀ ਤਰੱਕੀ ਕੀਤੀ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login