ਭਾਰਤ ਦੇ 700 ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਣ ਵਾਲੇ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ

ਭਾਰਤ ਦੇ 700 ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਣ ਵਾਲੇ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ

ਓਟਵਾ, 30 ਮਈ- ਕਾਲਜਾਂ ਦੇ ਜਾਅਲੀ ਦਸਤਾਵੇਜ਼ਾਂ ’ਤੇ ਸਵੱਡੀ ਵੀਜ਼ੇ ਲਗਵਾ ਕੇ 700 ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਟਰੈਵਲ ਏਜੰਸਟ ਬ੍ਰਿਜੇਸ਼ ਮਿਸ਼ਰਾ ਨੂੰ ਵੈਨਕੂਵਰ ਦੀ ਅਦਾਲਤ ਵਿੱਚ ਇਮੀਗ੍ਰੇਸ਼ਨ ਅਪਰਾਧਾਂ ਲਈ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। 37 ਸਾਲਾ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ 2016 ਅਤੇ 2020 ਦੇ ਵਿਚਕਾਰ ਭਾਰਤ  ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ ਲਗਾ ਦੇ ਕੈਨੇਡਾ ਭੇਜਿਆ ਸੀ। ਇਸ ਵਿੱਚ ਬਹੁਗਿਣਤੀ ਪੰਜਾਬੀਆਂ ਦੀ ਹੈ। ਮਿਸ਼ਰਾ ਨੇ ਅੱਜ ਵੈਨਕੂਵਰ ਅਦਾਲਤ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਦੇ ਕਈ ਅਪਰਾਧਾਂ ਲਈ ਮੁਆਫੀ ਮੰਗੀ। ਮਿਸ਼ਰਾ ਨੂੰ ਜੂਨ 2023 ਵਿਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਹਿਰਾਸਤ ਦੇ ਸਮੇਂ ਨੂੰ ਸਜ਼ਾ ਗਿਣਿਆ ਜਾਵੇਗਾ ਤੇ ਇਸ ਤਰ੍ਹਾਂ ਉਸ ਨੂੰ 19 ਮਹੀਨੇ ਹੋਰ ਜੇਲ੍ਹ ’ਚ ਰਹਿਣਾ ਪਵੇਗਾ। ਉਹ ਟੂਰਿਸਟ ਵੀਜ਼ੇ ‘ਤੇ ਕੈਨੇਡਾ ਵਿਚ ਦਾਖਲ ਹੋਇਆ ਸੀ, ਜਿਸ ਦੀ ਮਿਆਦ ਉਸ ਦੀ ਗ੍ਰਿਫਤਾਰੀ ਦੇ ਸਮੇਂ ਖਤਮ ਹੋ ਚੁੱਕੀ ਸੀ। ਜਾਂਚ ਦੌਰਾਨ 12 ਪੀੜਤ ਸਾਹਮਣੇ ਆਏ ਹਨ। ਕੈਨੇਡਾ ਵਿੱਚ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਮਿਸ਼ਰਾ ਨੂੰ ਭਾਰਤ ਭੇਜੇ ਜਾਣ ਦੀ ਉਮੀਦ ਹੈ ਜਿੱਥੇ ਉਸ ਨੂੰ ਮਨੁੱਖੀ ਤਸਕਰੀ ਦੇ ਅਪਰਾਧ ਸਮੇਤ ਹੋਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਦਾਲਤ ਵਿੱਚ ਕੋਈ ਵੀ ਪੀੜਤ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਨਹੀਂ ਸਨ।

You must be logged in to post a comment Login