ਸਿੰਗਾਪੁਰ, 1 ਜੂਨ : ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲੀਆ ਫੌਜੀ ਟਕਰਾਅ ਦੌਰਾਨ ਜੈੱਟ ਦੇ ਨੁਕਸਾਨ ਦੀ ਗੱਲ ਸਵੀਕਾਰੀ ਹੈ ਪਰ ਉਨ੍ਹਾਂ ਛੇ ਭਾਰਤੀ ਲੜਾਕੂ ਜੈੱਟ ਡੇਗਣ ਦੇ ਇਸਲਾਮਾਬਾਦ ਦੇ ਦਾਅਵੇ ਨੂੰ ‘ਬਿਲਕੁਲ ਗਲਤ’ ਕਰਾਰ ਦਿੱਤਾ ਹੈ। ‘ਬਲੂਮਬਰਗ ਟੀਵੀ’ ਅਤੇ ‘ਰਾਇਟਰਜ਼’ ਨੂੰ ਦਿੱਤੇ ਇੰਟਰਵਿਊ ’ਚ ਜਨਰਲ ਚੌਹਾਨ ਨੇ ਭਾਰਤੀ ਜੈੱਟ ਡਿੱਗਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ‘‘ਇਹ ਪਤਾ ਲਗਾਉਣਾ ਵਧੇਰੇ ਅਹਿਮ ਹੈ ਕਿ ਜੈੱਟ ਦਾ ਨੁਕਸਾਨ ਕਿਉਂ ਹੋਇਆ ਤਾਂ ਜੋ ਭਾਰਤੀ ਫੌਜ ਆਪਣੀ ਰਣਨੀਤੀ ’ਚ ਸੁਧਾਰ ਕਰਕੇ ਮੁੜ ਜਵਾਬੀ ਹਮਲਾ ਕਰ ਸਕੇ।’’ ਇਥੇ ਸ਼ੰਗਰੀ-ਲਾ ਡਾਇਲਾਗ ’ਚ ਹਿੱਸਾ ਲੈਣ ਆਏ ਜਨਰਲ ਚੌਹਾਨ ਨੇ ਕਿਹਾ, ‘‘ਮੈਨੂੰ ਜਾਪਦਾ ਹੈ ਕਿ ਲੜਾਕੂ ਜੈੱਟ ਦਾ ਡਿੱਗਣਾ ਕੋਈ ਅਹਿਮ ਗੱਲ ਨਹੀਂ ਹੈ ਪਰ ਮਹੱਤਵਪੂਰਨ ਇਹ ਹੈ ਕਿ ਉਹ ਕਿਉਂ ਡਿੱਗੇ।’’ ਜਨਰਲ ਚੌਹਾਨ ਨੂੰ ਪੁੱਛਿਆ ਗਿਆ ਸੀ ਕਿ ਕੀ ਇਸ ਮਹੀਨੇ ਪਾਕਿਸਤਾਨ ਨਾਲ ਚਾਰ ਦਿਨਾਂ ਤੱਕ ਫੌਜੀ ਟਕਰਾਅ ਦੌਰਾਨ ਭਾਰਤ ਨੇ ਲੜਾਕੂ ਜੈੱਟ ਗੁਆਏ ਸਨ। ਉਨ੍ਹਾਂ ਕਿਹਾ, ‘‘ਵਧੀਆ ਗੱਲ ਇਹ ਹੈ ਕਿ ਸਾਨੂੰ ਆਪਣੀਆਂ ਰਣਨੀਤਕ ਗਲਤੀਆਂ ਦਾ ਪਤਾ ਲੱਗਿਆ, ਉਨ੍ਹਾਂ ਨੂੰ ਸੁਧਾਰਿਆ ਅਤੇ ਦੋ ਦਿਨਾਂ ਬਾਅਦ ਮੁੜ ਤੋਂ ਹਮਲਾ ਕੀਤਾ। ਅਸੀਂ ਆਪਣੇ ਸਾਰੇ ਲੜਾਕੂ ਜੈੱਟਾਂ ਨੂੰ ਦੁਬਾਰਾ ਲੰਬੀ ਦੂਰੀ ’ਤੇ ਨਿਸ਼ਾਨੇ ਫੁੰਡਣ ਲਈ ਭੇਜਿਆ।’’ ‘ਅਪਰੇਸ਼ਨ ਸਿੰਧੂਰ’ ਦੌਰਾਨ ਛੇ ਭਾਰਤੀ ਜੈੱਟਾਂ ਨੂੰ ਡੇਗਣ ਦੇ ਪਾਕਿਸਤਾਨ ਦੇ ਦਾਅਵੇ ਬਾਰੇ ਪੁੱਛੇ ਜਾਣ ’ਤੇ ਜਨਰਲ ਚੌਹਾਨ ਨੇ ਕਿਹਾ, ‘‘ਇਹ ਪੂਰੀ ਤਰ੍ਹਾਂ ਗਲਤ ਹੈ।’’ ਇਸ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਦੇ ਏਅਰ ਅਪਰੇਸ਼ਨਸ ਦੇ ਡਾਇਰੈਕਟਰ ਜਨਰਲ ਏਅਰ ਮਾਰਸ਼ਲ ਏਕੇ ਭਾਰਤੀ ਨੇ ਮੰਨਿਆ ਸੀ ਕਿ ‘ਨੁਕਸਾਨ ਜੰਗ ਦਾ ਹਿੱਸਾ ਹੁੰਦਾ ਹੈ।’ ਉਨ੍ਹਾਂ ਇਹ ਵੀ ਆਖਿਆ ਸੀ ਕਿ ਭਾਰਤੀ ਹਵਾਈ ਸੈਨਾ ਦੇ ਸਾਰੇ ਪਾਇਲਟ ਸੁਰੱਖਿਅਤ ਵਤਨ ਪਰਤ ਆਏ ਹਨ। ਏਅਰ ਮਾਰਸ਼ਲ ਭਾਰਤੀ ਨੇ 11 ਮਈ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀ ਕੀਤੀ ਸੀ ਜਦੋਂ ਉਨ੍ਹਾਂ ਤੋਂ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤ ਦੇ ਜੈੱਟਾਂ ਨੂੰ ਪਹੁੰਚੇ ਨੁਕਸਾਨ ਬਾਰੇ ਸਵਾਲ ਕੀਤਾ ਗਿਆ ਸੀ। ਇਸ ਦੌਰਾਨ ‘ਰਾਇਟਰਜ਼’ ਨੂੰ ਦਿੱਤੇ ਇੰਟਰਵਿਊ ’ਚ ਵੀ ਸੀਡੀਐੱਸ ਨੇ ਕਬੂਲਿਆ ਕਿ ‘ਅਪਰੇਸ਼ਨ ਸਿੰਧੂਰ’ ਦੇ ਮੁੱਢਲੇ ਪੜਾਅ ’ਚ ਭਾਰਤ ਨੂੰ ਨੁਕਸਾਨ ਝਲਣਾ ਪਿਆ ਸੀ। ਰਾਇਟਰਜ਼ ਮੁਤਾਬਕ ਜਨਰਲ ਚੌਹਾਨ ਨੇ ਕਿਹਾ, ‘‘ਪਰਮਾਣੂ ਹੱਦ ਪਾਰ ਕਰਨ ਤੋਂ ਪਹਿਲਾਂ ਬਹੁਤ ਕੁਝ ਕਰਨ ਨੂੰ ਹੈ। ਇਸ ਦੇ ਪਹਿਲਾਂ ਹੀ ਬਹੁਤ ਸਾਰੇ ਸੰਕੇਤ ਦਿੱਤੇ ਗਏ ਹਨ। ਮੈਨੂੰ ਲਗਦਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਸਮੇਂ ਦੇ ਨਾਲ ਜਿਵੇਂ ਕਿ ਮੈਂ ਕੁਝ ਹੋਰ ਮੀਟਿੰਗਾਂ ’ਚ ਆਖਿਆ ਸੀ ਕਿ ਰਵਾਇਤੀ ਅਪਰੇਸ਼ਨਾਂ ਲਈ ਬਹੁਤ ਥਾਂ ਹੈ ਅਤੇ ਇਹ ਨਵੇਂ ਮਾਪਦੰਡ ਹੋਣਗੇ।’’ ਪਰਮਾਣੂ ਟਿਕਾਣਿਆਂ ਨੇੜਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਬਾਵਜੂਦ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਦੋਵੇਂ ਮੁਲਕਾਂ ਨੇ ਪਰਮਾਣੂ ਹਥਿਆਰ ਗੰਭੀਰਤਾ ਨਾਲ ਵਰਤਣ ਬਾਰੇ ਕੋਈ ਵਿਚਾਰ ਕੀਤਾ ਸੀ। ਜਨਰਲ ਚੌਹਾਨ ਨੇ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਫੌਜਾਂ ਵੱਲੋਂ ਪੇਸ਼ੇਵਰਾਨਾ ਪਹੁੰਚ ਅਤੇ ਸੰਜਮ ਦਿਖਾਇਆ ਗਿਆ। ਸੀਡੀਐੱਸ ਨੇ ਕਿਹਾ, ‘‘ਮੇਰਾ ਨਿੱਜੀ ਵਿਚਾਰ ਹੈ ਕਿ ਟਕਰਾਅ ਸਮੇਂ ਸਭ ਤੋਂ ਵਧੇਰੇ ਤਰਕਸੰਗਤ ਹਥਿਆਰਬੰਦ ਬਲਾਂ ਦੇ ਜਵਾਨ ਹੁੰਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਟਕਰਾਅ ਕਿਸੇ ਵੀ ਦਿਸ਼ਾ ਵੱਲ ਜਾ ਸਕਦਾ ਹੈ ਅਤੇ ਉਹ ਇਸ ਦੇ ਸਿੱਟਿਆਂ ਤੋਂ ਵੀ ਜਾਣੂ ਹੁੰਦੇ ਹਨ।’’ ਉਨ੍ਹਾਂ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਜਿਹੜੇ ਵੀ ਕਦਮ ਚੁੱਕੇ ਗਏ, ਦੋਵੇਂ ਧਿਰਾਂ ਨੇ ਆਪਣੇ ਵਿਚਾਰਾਂ ਅਤੇ ਕਾਰਵਾਈਆਂ ’ਚ ਵਧੇਰੇ ਤਰਕਸੰਗਤ ਪਹੁੰਚ ਦਿਖਾਈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login