ਮਾਊਂਟ ਮਾਊਨਗਾਨੂਈ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ 20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਮਾਊਂਟ ਮਾਊਨਗਾਨੂਈ ਦੇ ਬੇਅ ਓਵਲ ਮੈਦਾਨ ‘ਤੇ ਖੇਡਿਆ ਗਿਆ, ਜਿੱਥੇ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਰੋਹਿਤ ਅਤੇ ਰਾਹੁਲ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਊਜ਼ੀਲੈਂਡ ਨੂੰ 164 ਦੌਡ਼ਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ‘ਚ ਨਿਊਜ਼ੀਲੈਂਡ ਟੀਮ 20 ਓਵਰਾਂ ਵਿਚ 156 ਦੌਡ਼ਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 7 ਦੌਡ਼ਾਂ ਨਾਲ ਜਿੱਤ ਕੇ ਟੀ-20 ਸੀਰੀਜ਼ 5-0 ਨਾਲ ਆਪਣੇ ਨਾਂ ਕੀਤੀ। ਟੀਮ ਇੰਡੀਆ ਦੀ ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਨੇ ਪਹਿਲੀ ਵਾਰ ਟੀ-20 ਸੀਰੀਜ਼ 5-0 ਨਾਲ ਜਿੱਤੀ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਦੋਵੇਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਕੌਲਿਨ ਮੁਨਰੋ ਸਸਤੇ ਆਪਣੀਆਂ ਵਿਕਟਾਂ ਗੁਆ ਕੇ ਪਵੇਲੀਅਨ ਪਰਤ ਗਏ। ਉੱਥੇ ਹੀ ਟਾਮ ਬਰੂਸ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਅਤੇ ਰਨ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਟਾਮ ਸੀਫਰਟ ਅਤੇ ਰਾਸ ਟੇਲਰ ਨੇ ਪਾਰੀ ਨੂੰ ਅੱਗੇ ਵਧਾਇਆ ਅਤੇ ਮੁਸ਼ਕਿਲ ‘ਚ ਫਸੀ ਕੀਵੀ ਟੀਮ ਨੂੰ ਬਾਹਰ ਕੱਡਿਆ। ਹਾਲਾਂਕਿ ਸੀਫਰਟ ਵੀ ਆਪਣਾ ਆਰਧ ਸੈਂਕਡ਼ਾ ਕਰਨ ਤੋਂ ਬਾਅਦ ਨਵਦੀਪ ਸੈਣੀ ਦਾ ਸ਼ਿਕਾਰ ਹੋ ਗਏ। ਸੀਫਰਟ ਨੇ ਆਪਣੀ 50 ਦੌਡ਼ਾਂ ਦੀ ਪਾਰੀ ਦੌਰਾਨ 3 ਛੱਕੇ ਅਤੇ 5 ਚੌਕੇ ਲਾਏ। ਇਸ ਤੋਂ ਬਾਅਦ ਅਗਲੇ ਬੱਲੇਬਾਜ਼ ਦੇ ਰੂਪ ‘ਚ ਆਏ ਡੈਰੇਲ ਮਿਚੇਲ ਸਿਰਫ 2 ਦੌਡ਼ਾਂ ਬਣਾ ਬੁਮਰਾਹ ਹੱਥੋਂ ਬੋਲਡ ਹੋ ਗਏ। ਨਿਊਜ਼ੀਲੈਂਡ ਨੂੰ 6ਵਾਂ ਝਟਕਾ ਉਦੋਂ ਲੱਗਾ ਜਦੋਂ ਆਲਰਾਊਂਡਰ ਮਿਚੇਲ ਸੈਂਟਨਰ ਛੱਕਾ ਲਾਉਣ ਦੀ ਕੋਸ਼ਸ਼ ‘ਚ ਸ਼ਾਰਦੁਲ ਠਾਕੁਰ ਦੀ ਗੇਂਦ ‘ਤੇ ਮਨੀਸ਼ ਪਾਂਡੇ ਨੂੰ ਕੈਚ ਦੇ ਬੈਠੇ। ਤਜ਼ਰਬੇਕਾਰ ਬੱਲੇਬਾਜ਼ ਰਾਸ ਟੇਲਰ ਵੀ ਆਪਣੀ ਟੀਮ ਨੂੰ ਜਿੱਤ ਨਾ ਦਿਵਾ ਸਕੇ ਅਤੇ 53 ਦੌਡ਼ਾਂ ਬਣਾ ਨਵਦੀਪ ਸੈਣੀ ਦਾ ਸ਼ਿਕਾਰ ਹੋ ਗਏ। ਦੱਸ ਦਈਏ ਕਿ ਇਸ ਮੈਚ ਵਿਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਸੀ ਅਤੇ ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਨੂੰ ਦਿੱਤੀ ਗਈ ਸੀ। ਉੱਥੇ ਹੀ ਕੇਨ ਵਿਲੀਅਮਸਨ ਦੇ ਮੋਢੇ ‘ਤੇ ਸੱਟ ਕਾਰਨ ਮੇਜ਼ਬਾਨ ਟੀਮ ਨਿਊਜ਼ੀਲੈਂਡ ਦੀ ਕਪਤਾਨੀ ਵੀ ਟਿਮ ਸਾਊਥੀ ਨੇ ਹੀ ਕੀਤੀ।

You must be logged in to post a comment Login