ਭਾਰਤ-ਪਾਕਿ ਨੂੰ ਦਿੱਤੀ ਸੀ 200 ਫੀਸਦੀ ਤੱਕ ਟੈਕਸ ਦੀ ਧਮਕੀ: ਟਰੰਪ

ਭਾਰਤ-ਪਾਕਿ ਨੂੰ ਦਿੱਤੀ ਸੀ 200 ਫੀਸਦੀ ਤੱਕ ਟੈਕਸ ਦੀ ਧਮਕੀ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਪਾਕਿ ਟਕਰਾਅ ਨੂੰ ਖਤਮ ਕਰਵਾਉਣ ਸਬੰਧੀ ਇੱਕ ਹੋਰ ਦਾਅਵਾ ਕੀਤਾ ਹੈ ਕਿ, ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਸਮੇਤ ਕਈ ਕੋਮਾਂਤਰੀ ਟਕਰਾਵਾਂ ਨੂੰ ਹੱਲ ਕਰਨ ਲਈ ਟੈਕਸ ਨੂੰ ਇੱਕ ਹਥਿਆਰ ਵਜੋਂ ਵਰਤਿਆ।ਉਨ੍ਹਾਂ ਨੇ ਏਅਰ ਫੋਰਸ ਵਨ ’ਤੇ ਪੱਤਰਕਾਰਾਂ ਦੇ ਇੱਕ ਸਮੂਹ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀਆਂ ਕੀਤੀਆਂ।ਟਰੰਪ ਨੇ ਕਿਹਾ, “ਮੈਂ ਕੁਝ ਜੰਗਾਂ ਨੂੰ ਸਿਰਫ਼ ਟੈਕਸ ਦੇ ਆਧਾਰ ‘ਤੇ ਹੱਲ ਕੀਤਾ। ਉਦਾਹਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ, ਮੈਂ ਕਿਹਾ, ਜੇ ਤੁਸੀਂ ਲੋਕ ਜੰਗ ਲੜਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਪ੍ਰਮਾਣੂ ਹਥਿਆਰ ਹਨ, ਤਾਂ ਮੈਂ ਤੁਹਾਡੇ ਦੋਵਾਂ ’ਤੇ ਵੱਡੇ ਟੈਰਿਫ ਲਗਾਵਾਂਗਾ, ਜਿਵੇਂ ਕਿ 100 ਫੀਸਦੀ, 150 ਫੀਸਦੀ, ਅਤੇ 200 ਫੀਸਦੀ।’’ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਦੋਵਾਂ ਦੇਸ਼ਾਂ ’ਤੇ ਵੱਡੇ ਟੈਕਸ ਲਗਾਉਣ ਦੀ ਧਮਕੀ ਨੇ ਸਥਿਤੀ ਨੂੰ ਤੇਜ਼ੀ ਨਾਲ ਕਾਬੂ ਹੇਠ ਕਰ ਲਿਆ।ਉਨ੍ਹਾਂ ਅੱਗੇ ਕਿਹਾ, “ਮੈਂ ਕਿਹਾ ਕਿ ਮੈਂ ਟੈਕਸ ਲਗਾ ਰਿਹਾ ਹਾਂ। ਮੈਂ ਉਹ ਚੀਜ਼ 24 ਘੰਟਿਆਂ ਵਿੱਚ ਹੱਲ ਕਰ ਦਿੱਤੀ ਸੀ। ਜੇ ਮੇਰੇ ਕੋਲ ਟੈਕਸ ਨਾ ਹੁੰਦੇ, ਤਾਂ ਤੁਸੀਂ ਉਹ ਜੰਗ ਕਦੇ ਵੀ ਹੱਲ ਨਹੀਂ ਕਰ ਸਕਦੇ ਸੀ।”ਟਰੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਕਰਵਾਉਣ ਦੇ ਆਪਣੇ ਦਾਅਵਿਆਂ ਨੂੰ ਦੁਹਰਾਇਆ, ਜਿਸ ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਦਖਲ ਨਾਲ ਹੱਲ ਹੋਇਆ ਸੀ। ਟਰੰਪ ਨੇ 9 ਅਕਤੂਬਰ ਨੂੰ ਫੌਕਸ ਨਿਊਜ਼ (Fox News) ਨਾਲ ਇੱਕ ਇੰਟਰਵਿਊ ਦੌਰਾਨ ਵੀ ਅਜਿਹੀਆਂ ਟਿੱਪਣੀਆਂ ਕੀਤੀਆਂ ਸਨ। -ਏਐੱਨਆਈ

You must be logged in to post a comment Login