ਭਾਰਤ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਦਾਖ਼ਲ

ਭਾਰਤ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਦਾਖ਼ਲ

ਬਰਮਿੰਘਮ : ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ(104) ਦੇ ਸੈਂਕੜੇ ਤੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਿਆ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇਥੇ ਲੀਗ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 28 ਦੌੜਾਂ ਦੀ ਸ਼ਿਕਸਤ ਦਿੰਦਿਆਂ ਵਿਸ਼ਵ ਕੱਪ ਦੇ ਸੈਮੀ ਫਾਈਨਲ ਗੇੜ ਵਿੱਚ ਥਾਂ ਪੱਕੀ ਕਰ ਲਈ। ਭਾਰਤ, ਆਸਟਰੇਲੀਆ ਮਗਰੋਂ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਖੇਡਦਿਆਂ ਨਿਰਧਾਰਿਤ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ਨਾਲ 314 ਦੌੜਾਂ ਦਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਪੂਰੀ ਟੀਮ 48 ਓਵਰਾਂ ਵਿੱਚ 286 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਲਈ ਟੀਮ ਦੇ ਸਟਾਰ ਬੱਲੇਬਾਜ਼ ਸ਼ਾਕਿਬ ਅਲ ਹਸਨ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ। ਸੈਫੂਦੀਨ ਨੇ 51 ਦੌੜਾਂ ਦੀ ਨਾਬਾਦ ਪਾਰੀ ਖੇਡੀ। ਹੋਰਨਾਂ ਬੱਲੇਬਾਜ਼ਾਂ ਵਿੱਚ ਸੱਬੀਰ ਰਹਿਮਾਨ ਨੇ 36 ਤੇ ਸੌਮਿਆ ਸਰਕਾਰ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਬੁਮਰਾਹ ਤੇ ਪੰਡਿਆ ਨੇ ਕ੍ਰਮਵਾਰ ਚਾਰ ਤੇ ਤਿੰਨ ਵਿਕਟਾਂ ਲਈਆਂ। ਅੱਜ ਦੀ ਜਿੱਤ ਨਾਲ ਭਾਰਤ ਅੱਠ ਮੈਚਾਂ ਵਿੱਚ ਛੇ ਜਿੱਤਾਂ, ਇਕ ਹਾਰ ਤੇ ਇਕ ਮੈਚ ਬੇਨਤੀਜਾ ਰਹਿਣ ਕਰਕੇ 13 ਅੰਕਾਂ ਨਾਲ ਅੰਕ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ। 14 ਅੰਕਾਂ ਨਾਲ ਆਸਟਰੇਲੀਆ ਸਿਖਰ ’ਤੇ ਹੈ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਮੌਜੂਦਾ ਟੂਰਨਾਮੈਂਟ ਵਿਚ ਰਿਕਾਰਡ ਚੌਥੇ ਸੈਂਕੜੇ ਦੀ ਬਦੌਲਤ ਤੇ ਲੋਕੇਸ਼ ਰਾਹੁਲ ਨਾਲ ਉਨ੍ਹਾਂ ਦੀ ਮਜ਼ਬੂਤ ਭਾਈਵਾਲੀ ਸਦਕਾ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਕੱਪ ਲੀਗ ਮੈਚ ਵਿਚ ਅੱਜ ਇੱਥੇ ਨੌਂ ਵਿਕਟਾਂ ’ਤੇ 314 ਦੌੜਾਂ ਬਣਾਈਆਂ। ਰੋਹਿਤ ਨੇ 92 ਗੇਂਦਾਂ ਦਾ ਸਾਹਮਣਾ ਕਰਦਿਆਂ ਪੰਜ ਛੱਕਿਆਂ ਤੇ ਸੱਤ ਚੌਕਿਆਂ ਦੀ ਮਦਦ ਨਾਲ 104 ਦੌੜਾਂ ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨਾਲ ਰੋਹਿਤ ਨੇ 180 ਦੌੜਾਂ ਦੀ ਭਾਈਵਾਲੀ ਕੀਤੀ। ਰਿਸ਼ਭ ਪੰਤ ਨੇ ਵੀ 48 ਦੌੜਾਂ ਬਣਾਈਆਂ। ਬੰਗਲਾਦੇਸ਼ ਦੀ ਡੈੱਥ ਓਵਰਾਂ ਵਿਚ ਮੁਸਤਾਫ਼ਿਜ਼ੁਰ ਰਹਿਮਾਨ (59 ਦੌੜਾਂ ਦੇ ਕੇ ਪੰਜ ਵਿਕਟਾਂ) ਤੇ ਸ਼ਾਕਿਬ ਅਲ ਹਸਨ ਨੇ ਮਜ਼ਬੂਤ ਵਾਪਸੀ ਕਰਵਾਈ। ਭਾਰਤੀ ਟੀਮ ਆਖ਼ਰੀ 10 ਓਵਰਾਂ ਵਿਚ 63 ਦੌੜਾਂ ਹੀ ਬਣਾ ਸਕੀ। ਰੋਹਿਤ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ਼ ਅਖ਼ਤਿਆਰ ਕੀਤਾ। ਕੋਹਲੀ ਨੇ 26 ਤੇ ਮਹਿੰਦਰ ਸਿੰਘ ਧੋਨੀ ਨੇ 35 ਦੌੜਾਂ ਬਣਾਈਆਂ।

You must be logged in to post a comment Login