ਭਾਰਤ ਵੱਲੋਂ ਚੀਨ ਦੇ ਗਲੋਬਲ ਟਾਈਮਜ਼ ਤੇ ਸਿਨਹੂਆ ਦੇ X ਖਾਤਿਆਂ ’ਤੇ ਪਾਬੰਦੀ

ਭਾਰਤ ਵੱਲੋਂ ਚੀਨ ਦੇ ਗਲੋਬਲ ਟਾਈਮਜ਼ ਤੇ ਸਿਨਹੂਆ ਦੇ X ਖਾਤਿਆਂ ’ਤੇ ਪਾਬੰਦੀ

ਨਵੀਂ ਦਿੱਲੀ, 14 ਮਈ: ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਮ ਬਦਲੇ ਜਾਣ ਦੀਆਂ ਕੋਸ਼ਿਸ਼ਾਂ ਦਰਮਿਆਨ ਭਾਰਤ ਨੇ ਬੁੱਧਵਾਰ ਨੂੰ ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਤੇ ਖ਼ਬਰ ਏਜੰਸੀ ਸਿਨਹੂਆ ਦੇ ਐਕਸ ਖਾਤਿਆਂ ’ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਨੇ ਇਹ ਕਾਰਵਾਈ ਅਜਿਹੇ ਮੌਕੇ ਕੀਤੀ ਹੈ ਜਦੋਂ ਅਜੇ ਕੁਝ ਦਿਨਾਂ ਪਹਿਲਾਂ ਚੀਨ ਵਿੱਚ ਭਾਰਤੀ ਦੂਤਾਵਾਸ ਨੇ ਮੀਡੀਆ ਆਊਟਲੈੱਟਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਤੱਥਾਂ ਦੀ ਤਸਦੀਕ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਸੀ। ਭਾਰਤ ਅੰਬੈਸੀ ਨੇ ਗਲੋਬਲ ਟਾਈਮਜ਼ ਵੱਲੋਂ ਭਾਰਤੀ ਫੌਜ ਦੇ ਹਮਲਿਆਂ ਦੀ ਕਵਰੇਜ ’ਤੇੇ ਆਪਣੀ ਪ੍ਰਤੀਕਿਰਿਆ ਵਿਚ ਕਿਹਾ ਸੀ, ‘‘ਪਿਆਰੇ ਗਲੋਬਲ ਟਾਈਮਜ਼ ਨਿਊਜ਼, ਅਸੀਂ ਤੁਹਾਨੂੰ ਸਲਾਹ ਦੇਵਾਂਗੇ ਕਿ ਅਜਿਹੀ ਗ਼ਲਤ ਜਾਣਕਾਰੀ ਨੂੰ ਅੱਗੇ ਭੇਜਣ ਤੋਂ ਪਹਿਲਾਂ ਤੁਸੀਂ ਆਪਣੇ ਤੱਥਾਂ ਦੀ ਤਸਦੀਕ ਕਰ ਲਵੋ ਤੇ ਆਪਣੇ ਸਰੋਤਾਂ ਦੀ ਘੋਖ ਕਰ ਲਵੋ।’’

ਇੱਕ ਹੋਰ ਪੋਸਟ ਵਿੱਚ ਦੂਤਾਵਾਸ ਨੇ ਕਿਹਾ, ‘‘ਕਈ ਪਾਕਿਸਤਾਨ ਪੱਖੀ ਹੈਂਡਲ #OperationSindoor ਦੇ ਸੰਦਰਭ ਵਿੱਚ ਬੇਬੁਨਿਆਦ ਦਾਅਵੇ ਫੈਲਾ ਰਹੇ ਹਨ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਮੀਡੀਆ ਆਊਟਲੈੱਟ ਸਰੋਤਾਂ ਦੀ ਪੁਸ਼ਟੀ ਕੀਤੇ ਬਿਨਾਂ ਅਜਿਹੀ ਜਾਣਕਾਰੀ ਸਾਂਝੀ ਕਰਦੇ ਹਨ, ਤਾਂ ਇਹ ਜ਼ਿੰਮੇਵਾਰੀ ਅਤੇ ਪੱਤਰਕਾਰੀ ਨੈਤਿਕਤਾ ਵਿੱਚ ਇੱਕ ਗੰਭੀਰ ਕਮੀ ਨੂੰ ਦਰਸਾਉਂਦਾ ਹੈ।’’

ਭਾਰਤੀ ਅੰਬੈਸੀ ਦੀਆਂ ਇਹ ਟਿੱਪਣੀਆਂ ਪਾਕਿਸਤਾਨੀ ਖਾਤਿਆਂ ਅਤੇ ਕੁਝ ਮੀਡੀਆ ਆਊਟਲੈੱਟਾਂ ਤੋਂ ਵਾਇਰਲ ਹੋਈਆਂ ਪੋਸਟਾਂ ਤੋਂ ਬਾਅਦ ਆਈਆਂ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਹਾਵਲਪੁਰ ਨੇੜੇ ਇੱਕ ਭਾਰਤੀ ਰਾਫੇਲ ਜੈੱਟ ਨੂੰ ਡੇਗ ਦਿੱਤਾ ਗਿਆ ਹੈ। ਹਾਲਾਂਕਿ, ਪੀਆਈਬੀ ਫੈਕਟ ਚੈੱਕ ਟੀਮ ਨੇ ਇੱਕ ਅਜਿਹੀ ਵਾਇਰਲ ਤਸਵੀਰ ਨੂੰ ਗੁੰਮਰਾਹਕੁਨ ਦੱਸਦਿਆਂ ਕਿਹਾ ਕਿ ਇਹ 2021 ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਮਿਗ-21 ਨਾਲ ਹੋਏ ਹਾਦਸੇ ਦੀ ਸੀ। ਪੀਆਈਬੀ ਨੇ ਆਪਣੀ ਪੋਸਟ ਵਿੱਚ ਚੇਤਾਵਨੀ ਦਿੱਤੀ, ‘‘ਮੌਜੂਦਾ ਸੰਦਰਭ ਵਿੱਚ ਪਾਕਿਸਤਾਨ ਪੱਖੀ ਹੈਂਡਲਾਂ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਪੁਰਾਣੀਆਂ ਤਸਵੀਰਾਂ ਤੋਂ ਸਾਵਧਾਨ ਰਹੋ।’’

You must be logged in to post a comment Login