ਨਵੀਂ ਦਿੱਲੀ : ਪੰਜਾਬ `ਚ ਖ਼ਾਲਿਸਤਾਨੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦੇ ਜਤਨਾਂ ਨਾਲ ਜੁੜੀਆਂ ਕੁਝ ਸਰਗਰਮੀਆਂ ਨੂੰ ਧਿਆਨ `ਚ ਰੱਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ` (KLF) `ਤੇ ਪਾਬੰਦੀ ਲਾ ਦਿੱਤੀ ਹੈ। ਬੁੱਧਵਾਰ ਨੂੰ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿ਼ਕੇਸ਼ਨ ਵਿੱਚ ਕਿਹਾ ਗਿਆ ਹੈ ਕਿ – ‘ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ` ਨਾਂਅ ਦੀ ਜੱਥੇਬੰਦੀ ਦਹਿਸ਼ਤਗਰਦੀ `ਚ ਸ਼ਾਮਲ ਹੈ ਤੇ ਉਹ ਭਾਰਤ ਵਿੱਚ ਦਹਿਸ਼ਤਗਰਦੀ ਨਾਲ ਸਬੰਧਤ ਗਤੀਵਿਧੀਆਂ `ਚ ਸਰਗਰਮ ਰਹੀ ਹੈ।` ਇਸ ਤੋਂ ਪਹਿਲਾਂ ‘ਰਾਸ਼ਟਰੀ ਜਾਂਚ ਏਜੰਸੀ` (ਐੱਨਆਈਏ – ਨੇਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੀ ਸੀ ਕਿ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨਾਂਅ ਦੀ ਜੱਥੇਬੰਦੀ `ਤੇ ਪਾਬੰਦੀ ਲਾਈ ਜਾਵੇ, ‘‘ਜੋ ਪੰਜਾਬ `ਚ ਇੱਕ ਖ਼ਾਸ ਫਿਰਕੇ ਦੇ ਲੋਕਾਂ ਦੇ ਕਤਲ ਕਰਨ ਵਿੱਚ ਸ਼ਾਮਲ ਰਹੀ ਹੈ। ਇਸ ਨੇ ਫ਼ਰਵਰੀ 2016 ਤੋਂ ਲੈ ਕੇ ਅਕਤੂਬਰ 2017 ਤੱਕ ਦੇ ਵਿਚਕਾਰ ਪੰਜਾਬ ਵਿੱਚ ਕਈ ਦਹਿਸ਼ਤਗਰਦ ਹਮਲੇ ਕੀਤੇ ਸਨ।“ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਭਾਰਤ `ਚ ਸਰਗਰਮ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੈਂਬਰਾਂ ਨੂੰ ਵਿਦੇਸ਼ਾਂ ਤੋਂ ਵਿੱਤੀ ਤੇ ਹੋਰ ਹਰ ਤਰ੍ਹਾਂ ਦੀ ਲੋੜੀਂਦੀ ਇਮਦਾਦ ਮਿਲਦੀ ਰਹੀ ਹੈ।

You must be logged in to post a comment Login