ਭ੍ਰਿਸ਼ਟਾਚਾਰ ਦੇ ਖਿਲਾਫ ਲੜੀ ਜਾਵੇਗੀ ਵੱਡੀ ਲੜਾਈ : ਖਹਿਰਾ

ਭ੍ਰਿਸ਼ਟਾਚਾਰ ਦੇ ਖਿਲਾਫ ਲੜੀ ਜਾਵੇਗੀ ਵੱਡੀ ਲੜਾਈ : ਖਹਿਰਾ

ਮੋਗਾ – ਆਮ ਆਦਮੀ ਪਾਰਟੀ ਦੇ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਧੜੇ ਨੇ ਅੱਜ ਇਥੇ ਮੋਗਾ ਸ਼ਹਿਰ ਦੀ ਅਨਾਜ ਮੰਡੀ ‘ਚ ਜ਼ਿਲਾ ਪੱਧਰੀ ਕਨਵੈਨਸ਼ਨ ਕਰ ਕੇ ਮੁੜ ਦੋਹਰਾਇਆ ਕਿ ਉਹ ਆਮ ਆਦਮੀ ਪਾਰਟੀ ਦਾ ਸਾਥ ਨਹੀਂ ਛੱਡਣਗੇ ਸਗੋਂ ਪਾਰਟੀ ‘ਚ ਰਹਿ ਕੇ ਹੀ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਲਾਗੂ ਕਰਵਾਉਣ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਦੀ ਖੁਦ ਮੁਖਤਿਆਰੀ ਲਈ ਸ਼ੁਰੂ ਕੀਤੇ ਸੰਘਰਸ਼ ਨੂੰ ਜਾਰੀ ਰੱਖਣਗੇ। ਬਠਿੰਡਾ ਵਿਖੇ ਕੀਤੀ ਕਨਵੈਨਸ਼ਨ ਮਗਰੋਂ ਜ਼ਿਲਾ ਪੱਧਰੀ ਕਨਵੈਨਸ਼ਨਾਂ ਸ਼ੁਰੂ ਕਰਨ ਦੀ ਵਿੱਢੀ ਮੁਹਿੰਮ ਤਹਿਤ ਅੱਜ ਇਥੇ ਨੌਜਵਾਨ ਆਗੂ ਜਗਦੀਪ ਸਿੰਘ ਜੈਮਲਵਾਲਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ‘ਚ ਜਦੋਂ ਅਕਾਲੀ ਦਲ ਹੋਂਦ ‘ਚ ਆਇਆ ਸੀ, ਉਦੋਂ ਪਾਰਟੀ ਪ੍ਰਧਾਨ ਰਹੇ ਤਾਰਾ ਸਿੰਘ, ਸੰਤ ਫਤਿਹ ਸਿੰਘ ਅਤੇ ਹਰਚੰਦ ਸਿੰਘ ਲੌਂਗੋਵਾਲ ਤੱਕ ਸਾਰੇ ਪਾਰਟੀ ਪ੍ਰਧਾਨ ਪੰਜਾਬ ਅਤੇ ਪੰਜਾਬੀਅਤ ਦੇ ਹਿਤੈਸ਼ੀ ਤੋਂ ਇਲਾਵਾ ਸਿੱਖੀ ਨੂੰ ਵੀ ਪਿਆਰ ਕਰਨ ਵਾਲੇ ਆਗੂ ਸਨ ਪਰ ਪਿਛਲੇ 32 ਵਰ੍ਹਿਆਂ ਦੌਰਾਨ ਪੰਜਾਬ ‘ਚ ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ਰਹੇ ਲੀਡਰਾਂ ਦੀ ਮਾੜੀ ਨੀਅਤ ਕਰ ਕੇ ਪੰਜਾਬ ਸਿਰ ਜਿਥੇ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ, ਉਥੇ ਹੀ ਪੰਜਾਬ ਸਿਹਤ, ਸਿੱਖਿਆ ਸਮੇਤ ਹਰ ਖੇਤਰ ‘ਚ ਪੱਛੜ ਗਿਆ ਹੈ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਦੀ ਅਲਾਮਤ ਕਰ ਕੇ ਪੰਜਾਬ ਦਾ ਨੌਜਵਾਨ ਵਰਗ ਨਸ਼ੇ ਸਮੇਤ ਹੋਰ ਮਾੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਮੇਂ ਦੀਆਂ ਹਕੂਮਤਾਂ ਨੂੰ ਇਸ ਦਾ ਰੱਤੀ ਭਰ ਵੀ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਖਾਸਕਰ ਪ੍ਰਵਾਸੀ ਭਾਰਤੀਆਂ ਨੇ ਪੰਜਾਬ ਨੂੰ ਮੁੜ ਤੋਂ ਪੈਰਾਂ ਸਿਰ ਖੜ੍ਹਾ ਕਰਨ ਲਈ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ‘ਚ ਨਵੀਂ ਤੀਜੀ ਧਿਰ ਦੇ ਉਭਾਰ ਲਈ ਪੰਜਾਬ ‘ਚੋਂ ਆਮ ਆਦਮੀ ਪਾਰਟੀ ਦੇ ਚਾਰ ਲੋਕ ਸਭਾ ਮੈਂਬਰਾਂ ਨੂੰ ਆਪ ਮੁਹਾਰੀ ਵੋਟਾਂ ਪਾ ਕੇ ਉਸ ਵੇਲੇ ਜਿਤਾ ਦਿੱਤਾ, ਜਦੋਂ ਪਾਰਟੀ ਦਾ ਸੰਗਠਨ ਢਾਂਚਾ ਵੀ ਨਹੀਂ ਬਣਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਉਸ ਪਾਰਟੀ ‘ਤੇ ਇਕ ਸੁਨਹਿਰੇ ਪੰਜਾਬ ਦੀ ਆਸ ਸੀ ਪਰ 2017 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਅਤੇ ਦਿੱਲੀ ਦੇ ਆਗੂਆਂ ਦੇ ਹੰਕਾਰ ਕਰ ਕੇ ਪਾਰਟੀ ਨੂੰ ਸਿਰਫ 20 ਸੀਟਾਂ ‘ਤੇ ਸਿਮਟਣਾ ਪਿਆ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲਦੇ ਰਿਮੋਟ ਕੰਟਰੋਲ ਕਰ ਕੇ ਹੀ ਵਿਧਾਨ ਸਭਾ ਚੋਣਾਂ ਮਗਰੋਂ ਪਾਰਟੀ ਦਾ ਗ੍ਰਾਫ ਇੰਨਾ ਹੇਠਾਂ ਡਿੱਗਦਾ ਰਿਹਾ ਕਿ ਸ਼ਾਹਕੋਟ ਜ਼ਿਮਣੀ ਚੋਣ ‘ਚ ਪਾਰਟੀ ਨੂੰ ਸਿਰਫ 1900 ਵੋਟਾਂ ਪਈਆਂ। ਸਾਡਾ ਆਮ ਆਦਮੀ ਪਾਰਟੀ ਤੋੜਨ ਦਾ ਕੋਈ ਮਨੋਰਥ ਨਹੀਂ, ਸਗੋਂ ਉਹ ਇਹ ਚਾਹੁੰਦੇ ਹਨ ਕਿ ਪੰਜਾਬ ਤੋਂ ਪਾਰਟੀ ਵਰਕਰਾਂ ਨੂੰ ਹਲਕਾ ਪ੍ਰਧਾਨ, ਜ਼ਿਲਾ ਪ੍ਰਧਾਨ ਤੇ ਸੂਬਾ ਪ੍ਰਧਾਨ ਚੁਣਨ ਦਾ ਅਧਿਕਾਰ ਹੋਵੇ।

You must be logged in to post a comment Login