ਭੱਸੜ ਭਨਾਉਂਦੇ ਬੰਦੇ ਦੀ ਵਾਰਤਾ

ਭੱਸੜ ਭਨਾਉਂਦੇ ਬੰਦੇ ਦੀ ਵਾਰਤਾ

ਲਉ ਜੀ, ਆਪਣੀ ਘੜੀ-ਘੰਟੇ ਦੀ ਹੱਡ-ਬੀਤੀ ਜਿਹੀ ਰਾਮ ਕਹਾਣੀ ਸੁਣਾਉਣ ਤੋਂ ਪਹਿਲਾਂ ਇਹ ਦੱਸ ਦਿਆਂ ਕਿ ਮੇਰਾ ਨਾਮ ਤਾਂ ਧੀਰਜ ਸਿੰਘ ਹੈ, ਪਰ ਪਿੰਡ ਵਿਚ ਮੈਨੂੰ ਪੂਰੇ ਨਾਮ ਨਾਲ ਵਿਰਲੇ ਹੀ ਬੁਲਾਉਂਦੇ ਨੇ। ਆਪਣੇ ਪਿੰਡ ਦੇ ਗੁਰਦੁਆਰੇ ਵਿਚ ਪਾਠੀ ਦੀ ਡਿਊਟੀ ਕਰ ਰਿਹਾ ਹੋਣ ਕਰ ਕੇ ਮੈਨੂੰ ਕੋਈ ਭਾਈ ਜੀ, ਕੋਈ ਗਿਆਨੀ ਅਤੇ ਕੋਈ ਬਾਬਾ ਕਹਿ ਛੱਡਦਾ ਹੈ, ਪਰ ਆਪਣੇ ਹਾਣੀਆਂ-ਹਵਾਣੀਆਂ ਵਾਸਤੇ ਮੈਂ ਧੀਰਾ ਹੀ ਹਾਂ। ਜਿਵੇਂ ਇਸ ਵੇਲੇ ਮੈਂ ਆਪਣੇ ਨਾਲ ਸਕੂਲ ਵਿਚ ਪੜ੍ਹਦੇ ਰਹੇ ਜਿੰਦਰ ਦੇ ਘਰੇ ਬੈਠਾ ਹਾਂ। ਹਫਤਾ ਕੁ ਹੋਇਆ ਇਸ ਨੇ ਮੈਨੂੰ ਫੋਨ ਕਰਿਆ ਸੀ, “ਉਹ ਧੀਰਿਆ, ਆਉਂਦੇ ਐਤਵਾਰ ਦਾ ਵਿਹਲ ਰੱਖੀਂ, ਅਸੀਂ ਆਪਣੇ ਘਰੇ ਸੁਖਮਨੀ ਸਾਹਿਬ ਦਾ ਪਾਠ ਕਰਵਾਉਣੈ, ਸੁਵਖਤੇ ਆ ਜੀਂ, ਚੇਤਾ ਨਾ ਭੁਲਾ ਦਈਂ ਯਾਰਾ?”ਚੇਤਾ ਭਲਾ ਮੈਂ ਕਾਹਨੂੰ ਭੁਲਾਉਣਾ ਸੀ? ਇਹ ਕਿਹੜਾ ਸ਼ਹਿਰ ਦਾ ਗੁਰਦੁਆਰਾ, ਜਿਥੇ ਭਾਈਆਂ ਨੂੰ ਉਪਰੋਥਲੀ ਪ੍ਰੋਗਰਾਮ ਆਏ ਹੀ ਰਹਿੰਦੇ ਹਨ। ਇਹ ਤਾਂ ਸਾਧਾਰਨ ਅਬਾਦੀ ਵਾਲਾ ਪਿੰਡ ਹੈ, ਜਿਥੇ ਕੋਈ ਵਿਰਲਾ-ਟਾਵਾਂ ਹੀ ਪ੍ਰੋਗਰਾਮ ਆਉਂਦਾ ਹੈ… ‘ਕਮਾਈ’ ਤਾਂ ਕਹਿੰਦੇ ਸ਼ਹਿਰਾਂ ਵਾਲੇ ਭਾਈ ਕਰਦੇ ਐ। ਸੋ, ਅੱਜ ਐਤਵਾਰ ਹੈ ਅਤੇ ਆਪਣੇ ਹਮ-ਜਮਾਤੀ ਜਿੰਦਰ ਦੇ ਸੱਦੇ ‘ਤੇ ਉਹਦੇ ਘਰੇ ਬੈਠਾ ਹਾਂ। ਘਰ ਕਾਹਦਾ ਹੈ ਜੀ, ਬੱਸ ਸਵਰਗ ਦਾ ਨਜ਼ਾਰਾ ਕਹੋ! ਸਾਰੀਆਂ ਸੁੱਖ-ਸਹੂਲਤਾਂ ਨਾਲ ਭਰਪੂਰ ਘਰ! ਆਲੀਸ਼ਾਨ ਦੋ ਮੰਜ਼ਲੀ ਕੋਠੀ, ਕਿਸੇ ਕਮਰੇ ਵਿਚ ਲੱਗੀ ਹੋਈ ਹੈ ਰੰਗ-ਬਰੰਗੀ ਚਿਪਸ, ਕਿਸੇ ਵਿਚ ਦੁੱਧ ਚਿੱਟਾ ਪੱਥਰ… ਕਮਰਿਆਂ ਵਿਚ ਕੌਫ਼ੀ ਕਲਰ ਲਿਸ਼ਕਦੇ ਬੈੱਡ ਲੱਗੇ ਹੋਏ ਨੇ… ਕਈ ਕਮਰਿਆਂ ਦੇ ਨਾਲ ਗੁਸਲਖਾਨੇ ਵੀ ਅਟੈਚ ਹਨ, ਡਰਾਇੰਗ ਰੂਮ ਵਿਚ ਬੜਾ ਸਜੀਲਾ ਫਰਨੀਚਰ ਸਜਿਆ ਹੋਇਆ ਹੈ, ਕੁਝ ਕਮਰਿਆਂ ਵਿਚ ਏ ਸੀ ਵੀ ਫਿੱਟ ਕੀਤੇ ਹੋਏ ਨੇ। ਕੋਠੀ ਦੇ ਸਿਖਰ ‘ਤੇ ਜਹਾਜ਼ ਵਾਲੀ ਟੈਂਕੀ ਬਣੀ ਹੋਈ ਹੈ, ਬਾਹਰ ਖੁੱਲ੍ਹੇ ਵਿਹੜੇ ਵਿੱਚ ਖੜ੍ਹੇ ਟਰੈਕਟਰ-ਟਰਾਲੀ, ਕੈਮਰੀ ਕਾਰ, ਬੁਲਟ ਮੋਟਰਸਾਈਕਲ ਅਤੇ ਸਕੂਟਰ ਘਰ ਦੀ ਅਮੀਰੀ ਦਾ ਪ੍ਰਗਟਾਵਾ ਕਰ ਰਹੇ ਹਨ। ਸ਼ੋਖ ਰੰਗਾਂ ਨਾਲ ਪੇਂਟ ਕੀਤੇ ਹੋਏ ਵੱਡੇ ਗੇਟ ਦੀ ਆਭਾ ਨਾਲ ਜਿੰਦਰ ਦਾ ਇਹ ਘਰ, ਇਕ ਤਰ੍ਹਾਂ ਨਾਲ ‘ਮਹੱਲ’ ਹੀ ਮਾਲੂਮ ਹੋ ਰਿਹਾ ਹੈ। ਅਮੀਰੀ ਠਾਠ ਵਾਲੇ ਇਸ ਘਰ ਵਿਚ ਬੈਠਾ ਮੈਂ ਆਪਣੇ ਕੱਚੇ ਪੱਕੇ ਜਿਹੇ ਬਾਲਿਆਂ ਵਾਲੇ ਘਰ ਬਾਰੇ ਸੋਚ ਕੇ ਝੂਰ ਰਿਹਾਂ ਕਿ ਕਦੇ ਮੈਂ ਵੀ ਆਪਣੇ ਪਰਿਵਾਰ ਨੂੰ ਅਜਿਹਾ ਘਰ ਬਣਾ ਕੇ ਦੇ ਸਕਾਂਗਾ? ਬੈਠੇ-ਬੈਠੇ ਮੈਨੂੰ ਵਿਚਾਰ ਆਇਆ, ਹੇ ਮਨਾਂ! ਆਏ ਦਿਨ ਮੈਂ ਲੋਕਾਂ ਲਈ ਅਰਦਾਸਾਂ ਕਰਦਾ ਰਹਿੰਨਾਂ, ਫਲਾਣੇ ਦੇ ਘਰ ਨੌਂ ਨਿਧਾਂ ਬਾਰਾਂ ਸਿਧਾਂ ਆ ਜਾਣ, ਢਿਮਕੇ ਨੂੰ ਅੰਨ-ਧੰਨ, ਦੁੱਧ-ਪੁੱਤ ਦੇ ਖੁੱਲ੍ਹੇ ਗੱਫੇ ਬਖਸ਼ੋ ਜੀ! ਪਰ ਮੇਰੀ ਖੁਦ ਦੀ ਹਾਲਤ?
ਕਿਸਮਤ ਦੀਆਂ ਗੱਲਾਂ ਨੇ ਜੀ ਸਭ.. ਮੈਂ ਤੇ ਜਿੰਦਰ ਇਕੱਠੇ ਹੀ ਸਕੂਲ ਵਿਚ ਪੜ੍ਹਦੇ ਰਹੇ ਹਾਂ। ਇਹ ਨੌਵੀਂ ਵਿਚੋਂ ਫੇਲ੍ਹ ਹੋ ਕੇ ਮੁੜ ਸਕੂਲੇ ਵੜਿਆ ਹੀ ਨਹੀਂ, ਪਰ ਮੈਂ ਦਸਵੀਂ ਤੋਂ ਬਾਅਦ ਲਾਗੇ ਦੇ ਸ਼ਹਿਰ ਕਾਲਜ ਜਾ ਲੱਗਿਆ। ਮੇਰੇ ਮਾਂ-ਬਾਪ ਭਾਵੇਂ ਮਾਲੀ ਹਾਲਤ ਮਾੜੀ ਹੋਣ ਕਾਰਨ ਮੇਰੀ ਪੜ੍ਹਾਈ ਦੇ ਹੱਕ ਵਿਚ ਨਹੀਂ ਸਨ, ਪਰ ਮੈਂ ਇਹ ਸੋਚ ਕੇ ਕਾਲਜ ਜਾ ਲੱਗਾ ਕਿ ਗਰੈਜੂਏਸ਼ਨ ਕਰ ਕੇ ਕੋਈ ਛੋਟੀ ਮੋਟੀ ਨੌਕਰੀ ਮਿਲ ਹੀ ਜਾਵੇਗੀ, ਪਰ ਕਈ ਸਾਲ ਇਧਰ-ਉਧਰ ਟੱਕਰਾਂ ਮਾਰ, ਭਟਕਦਿਆਂ, ਹਾਰ-ਹੰਭ ਕੇ ਮੈਂ ਅਣਸਰਦੀ ਨੂੰ ਪਾਠੀਆਂ ਦੇ ਜਥੇ ਵਿਚ ਰਲ ਗਿਆ। ਪਿੰਡ ਦੇ ਗੁਰਦੁਆਰੇ ਵਿਚ ਕੋਈ ਪੁਰਾਣਾ ਟਿਕਿਆ ਹੋਇਆ ਬਜ਼ੁਰਗ ਬਾਬਾ ਚੜ੍ਹਾਈ ਕਰ ਗਿਆ ਅਤੇ ਪਿੰਡ ਵਾਲਿਆਂ ਦੇ ਕਹਿਣ ‘ਤੇ ਉਹਦੀ ‘ਪੋਸਟ’ ਉਤੇ ਮੇਰੀ ‘ਨਿਯੁਕਤੀ’ ਹੋ ਗਈ। ਇਧਰ ਜਿੰਦਰ ਸਕੂਲੋਂ ਹਟ ਕੇ ਆਪਣੇ ਬਾਪ ਨਾਲ ਖੇਤੀਬਾੜੀ ਵਿਚ ਹੱਥ ਵਟਾਉਣ ਲੱਗ ਪਿਆ। ਗੱਭਰੂ ਹੁੰਦਿਆਂ ਹੀ ਸਾਡੇ ਦੋਹਾਂ ਦੇ ਵਿਆਹ ਵੀ ਤਕਰੀਬਨ ਇਕੋ ਸਮੇਂ ਹੋਏ। ਬੱਸ, ਇੰਨਾ ਫਰਕ ਸੀ ਕਿ ਉਹਦਾ ਵਿਆਹ ਧੂਮ ਧੜੱਕੇ ਨਾਲ ਹੋਇਆ ਤੇ ਮੈਨੂੰ ਪੰਜ ਬੰਦੇ ਹੀ ਵਿਆਹ ਲਿਆਏ ਸਨ। ਜਿੰਦਰ ਦੀ ਇਕ ਭੈਣ ਵਿਦੇਸ਼ ਵਿਚ ਵਿਆਹੀ ਗਈ। ਜਦ ਉਸ ਦੇ ਕੋਈ ਬਾਲ ਬੱਚਾ ਹੋਇਆ ਤਾਂ ਉਸ ਨੇ ਆਪਣੇ ਮਾਂ-ਬਾਪ ਨੂੰ ਵੀ ਵਿਦੇਸ਼ ਸੱਦ ਲਿਆ। ਪਿਉ ਦੇ ਬਾਹਰ ਚਲੇ ਜਾਣ ਤੋਂ ਬਾਅਦ ਖੇਤੀ ਦਾ ਲੰਮਾ-ਚੌੜਾ ਕੰਮ ਸਾਂਭਣ ਲਈ, ਜਿੰਦਰ ਨੇ ਤਿੰਨ-ਚਾਰ ਭੱਈਏ ਰੱਖ ਲਏ। ਆਮਦਨੀ ਤਾਂ ਇਨ੍ਹਾਂ ਨੂੰ ਖੇਤੀ ਵਿਚੋਂ ਵੀ ਸੋਹਣੀ ਹੋਈ ਜਾਂਦੀ ਸੀ, ਪਰ ਹੁਣ ਕਹਿੰਦੇ ਵਿਦੇਸ਼ ਵਿਚ ਜਿੰਦਰ ਦੇ ਮੰਮੀ-ਡੈਡੀ ਵੀ ਕੋਈ ਜੌਬ ਕਰਨ ਲੱਗ ਪਏ ਸਨ। ਇੰਜ ਇਥੇ ਘਰ-ਬਾਰ ‘ਤੇ ਡਾਲਰਾਂ ਦਾ ਵੀ ਸੋਨੇ ‘ਤੇ ਸੁਹਾਗਾ ਫਿਰਨ ਲੱਗ ਪਿਆ। ਜਿੰਦਰ, ਉਸ ਦੀ ਵਹੁਟੀ ਅਤੇ ਉਨ੍ਹਾਂ ਦੇ ਮੁੰਡਾ-ਕੁੜੀ, ਕੱਪੜਾ ਲੀੜਾ ਅਤੇ ਜੁੱਤੀਆਂ ਵਗੈਰਾ ‘ਬਾਹਰੋਂ’ ਆਇਆ ਹੋਇਆ ਹੀ ਪਾਉਂਦੇ-ਹੰਢਾਉਂਦੇ ਆ ਰਹੇ ਹਨ। ਸਾਡੇ ਵਰਗੇ ਤਾਂ ਐਵੇਂ ਦਿਨ ਕਟੀ ਹੀ ਕਰਨ ਡਹੇ ਹਨ, ਜ਼ਿੰਦਗੀ ਦਾ ਲੁਤਫ ਤਾਂ ਜਿੰਦਰ ਹੁਣੀ ਲੁੱਟ ਰਹੇ ਨੇ।
“ਛੇਤੀ-ਛੇਤੀ ਚਾਹ ਬਣਾ ਦੇ ਧੀਰੇ ਲਈ, ‘ਫੇਰ ਅਸੀਂ ਬਾਬੇ ਦੀ ਬੀੜ ਲੈਣ ਜਾਣੈ ਗੁਰਦੁਆਰੇ।’”
ਬਾਹਰੋਂ ਜਿੰਦਰ ਵਲੋਂ ਆਪਣੀ ਵਹੁਟੀ ਨੂੰ ਕਹੇ ਗਏ ਇਸ ਵਾਕ ਨੇ ਮੇਰੀ ਸੋਚ ਲੜੀ ਨੂੰ ਵਿਸ਼ਰਾਮ ਲਾ ਦਿੱਤਾ। ਅੱਜ ਦੇ ਕੰਮਾਂ ਬਾਰੇ ਭੱਈਆਂ ਨੂੰ ਹਦਾਇਤਾਂ ਦਿੰਦਿਆਂ ਉਸ ਨੇ ਰਸੋਈ ਵਿਚ ਕੰਮ ਕਰ ਰਹੀ ਆਪਣੀ ਵਹੁਟੀ ਨੂੰ ਛੇਤੀ ਚਾਹ ਬਣਾ ਕੇ ਮੈਨੂੰ ਫੜਾਉਣ ਲਈ ਵੀ ਆਖ ਦਿੱਤਾ। ਬਾਹਰ ਲਾਊਡ ਸਪੀਕਰ ਵਾਲਾ ਵੀ ਆ ਕੇ ਉਸ ਤੋਂ ਪੁੱਛ-ਪੁਛੱਈਆ ਕਰਨ ਲੱਗ ਪਿਆ ਸੀ।
ਚਾਹ ਪੀਂਦਿਆਂ ਮੈਂ ਸੋਚਣ ਲੱਗਾ ਕਿ ਇਨ੍ਹਾਂ ਦੇ ਘਰ ਕਿਸੇ ਖੁਸ਼ੀ-ਗਮੀ ਜਾਂ ਹੋਰ ਕੋਈ ਦਿਨ-ਸੁਦ ਮਨਾਉਣ ਦੀ ਤਾਂ ਕੋਈ ਸੂਹ ਸੁਣਨ ਵਿਚ ਨਹੀਂ ਆਈ, ਫਿਰ ਇਹ ਪਾਠ ਕਾਹਦੇ ਲਈ ਕਰਵਾਉਣ ਲੱਗੇ ਹੋਣਗੇ? ਪੁੱਤਰ ਦੀ ‘ਦਾਤ ਪ੍ਰਾਪਤੀ’ ਲਈ ਤਾਂ ਹੋ ਨਹੀਂ ਸਕਦਾ, ਕਿਉਂਕਿ ਜਿੰਦਰ ਦੇ ਵੀ ਲੜਕਾ ਹੈਗਾ ਤੇ ਇਨ੍ਹਾਂ ਦੀ ਬਾਹਰ ਵਾਲੀ ਕੁੜੀ ਦੀ ਗੋਦੀ ਵੀ ਮੁੰਡਾ ਹੈਗਾ। ਕੁੜੀ ਦੇ ਪੁੱਤਰ ਹੋਣ ਦੀ ਖੁਸ਼ੀ ਵਿਚ ਤਾਂ ਇਨ੍ਹਾਂ ਨੇ ਹਾਲੇ ਪਿਛੇ ਜਿਹੇ ਰੰਗਾ-ਰੰਗ ਪਾਰਟੀ ਕੀਤੀ ਸੀ, ਜਿਸ ਵਿਚ ਨਾਮੀ-ਗਰਾਮੀ ਗਾਇਕ ਬੁਲਾਇਆ ਸੀ। ਚਾਹ ਮੁਕਾ ਕੇ ਮੈਂ ਇਹ ਸੋਚਦਿਆਂ ਬਾਹਰ ਨੂੰ ਉਠ ਕੇ ਆ ਗਿਆ ਕਿ ਅਰਦਾਸ ਕਰਨ ਤੋਂ ਪਹਿਲਾਂ ਜਿੰਦਰ ਨੂੰ ਪਾਠ ਕਰਵਾਉਣ ਦੇ ਮਕਸਦ ਬਾਰੇ ਵੀ ਪੁੱਛ ਲਵਾਂਗਾ। ਲਾਊਡ ਸਪੀਕਰ ਵਾਲੇ ਨੇ ਧਾਰਮਿਕ ਗੀਤਾਂ ਦੀ ਰੀਲ ਚਲਾ ਦਿੱਤੀ ਅਤੇ ਅਸੀਂ ਪੰਜ ਸੱਤ ਜਣੇ ਗੁਰਦੁਆਰੇ ਨੂੰ ਚੱਲ ਪਏ। ਉਥੇ ਪਹੁੰਚ ਕੇ ਜਿੰਦਰ ਨੂੰ ਪਾਸੇ ਜਿਹੇ ਕਰ ਕੇ ਆਪਣੇ ਕਿਆਸ ਮੁਤਾਬਕ ਪੁੱਛਿਆ ਕਿ ਜਿੰਦਰ ਸਿਆਂ, ਇਹ ਪਾਠ ਤੁਸੀਂ ਪਰਿਵਾਰਕ ਸੁੱਖ-ਸ਼ਾਂਤੀ ਤੇ ਤੰਦਰੁਸਤੀ ਵਾਸਤੇ ਹੀ ਕਰਵਾ ਰਹੇ ਓ ਨਾ? ਜਿੰਦਰ ਨੇ ਜਦ ਆਪਣੀ ਆਸ਼ਾ ਮਨਸ਼ਾ ਦੱਸੀ, ਉਸ ਨੂੰ ਸੁਣ ਕੇ ਮੇਰੇ ਦੰਦ ਹੀ ਜੁੜ ਗਏ, ਪਲ ਦੀ ਪਲ ਮੈਂ ਹੱਕਾ-ਬੱਕਾ ਜਿਹਾ ਹੋਇਆ, ਉਹਦੇ ਮੂੰਹ ਵੱਲ ਹੀ ਦੇਖਦਾ ਰਹਿ ਗਿਆ! ਸਾਰਾ ਸੁਖਮਨੀ ਸਾਹਿਬ ਵੀ ਪੜ੍ਹ ਦਿੱਤਾ, ਉਹਦੇ ਦੱਸੇ ਅਨੁਸਾਰ ਅਰਦਾਸ ਵੀ ਕਰ ਦਿੱਤੀ, ਪਰ ਇਹ ਸਾਰਾ ਕੁਝ ਮੈਂ ਬੇਚੈਨ ਮਨ ਚਿੱਤ ਨਾਲ ਸੋਚਾਂ ਵਿਚ ਉਲਝੇ ਹੋਏ ਨੇ ਸਿਰੇ ਚੜ੍ਹਾਇਆ। ਜਦ ਮੈਂ ਉਸ ਨੂੰ ਗੁਰਦੁਆਰੇ ਪਰਦੇ ਜਿਹੇ ਵਿਚ ਪੁੱਛਿਆ ਸੀ ਕਿ ਤੁਸੀਂ ਪਰਿਵਾਰਕ ਸੁੱਖ-ਸ਼ਾਂਤੀ ਜਾਂ ਤੰਦਰੁਸਤੀ ਦੀ ਕਾਮਨਾ ਕਰ ਕੇ ਪਾਠ ਕਰਾਉਣਾ ਹੈ, ਤਾਂ ਉਹ ਨੱਕ ਜਿਹਾ ਮਰੋੜ ਕੇ ਬੋਲਿਆ, “ਸੁੱਖ ਸ਼ਾਂਤੀ ਜਾਂ ਤੰਦਰੁਸਤੀ ਦੇ ਮਾਰ ਗੋਲੀ ਯਾਰਾ!
ਬਾਹਰ ਬੁੜ੍ਹੇ ਨੇ ਕੀਤੀ ਹੋਈ ਆ ਮੇਰੀ ‘ਪਟੀਸ਼ਨ’.. ਕਈ ਸਾਲ ਹੋ ਚੱਲੇ ਉਡੀਕਦਿਆਂ।
ਅੰਬੈਸੀ ਤੋਂ ਕੋਈ ਚਿੱਠੀ-ਚੁੱਠੀ ਨਹੀਂ ਆਈ ਸਾਲੀ, ਸਾਡੇ ਇਕ ‘ਮਹਾਰਾਜ’ ਐ, ਅਸੀਂ ਉਥੇ ‘ਪੁੱਛ’ ਪੁਆਈ ਸੀ, ਉਹ ਕਹਿੰਦੇ, ਕਿਸੇ ਯਕੀਨ ਵਾਲੇ ਪਾਠੀ ਕੋਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਓ, ਫਿਰ ਕੰਮ ਬਣੂ! ਹੁਣ ਯਾਰਾ, ਤੂੰ ‘ਵਧੀਆ ਜਿਹੀ’ ਅਰਦਾਸ ਕਰ ਦੇਈਂ, ਭਰਾ ਬਣ ਕੇ, ਹੋਰ ਨਾ ਕਿਤੇ ਐਥੇ ਈ ਭੱਸੜ ਭਨਾਉਂਦੇ ਰਹਿ ਜਾਈਏ!

ਤਰਲੋਚਨ ਸਿੰਘ ਦੁਪਾਲਪੁਰ
ਸੰਪਰਕ : 408-915-1268

You must be logged in to post a comment Login