ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ; ਪੁਲੀਸ ਨੂੰ ਧਮਕਾਉਣ ਦਾ ਦੋਸ਼

ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ; ਪੁਲੀਸ ਨੂੰ ਧਮਕਾਉਣ ਦਾ ਦੋਸ਼

ਮੁਹਾਲੀ, 27 ਮਈ : ਵਿਜੀਲੈਂਸ ਵੱਲੋਂ ਬੀਤੇ ਦਿਨੀਂ ਡਰੱਗ ਮਨੀ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ। ਪੁਲੀਸ ਨੇ ਅਕਾਲੀ ਆਗੂ ਖਿਲਾਫ਼ ਇੱਕ ਹੋਰ ਐੱਫਆਈਆਰ ਦਰਜ ਕਰਨ ਦੀ ਤਿਆਰੀ ਖਿੱਚ ਲਈ ਹੈ। ਮਜੀਠੀਆ ਦੇ ਘਰ ’ਤੇ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਕਥਿਤ ਤੌਰ ’ਤੇ ਪੁਲੀਸ ਵਿਰੁੱਧ ਹਿੰਸਾ ਭੜਕਾਈ, ਜਿਸ ਕਾਰਨ ਕਈ ਗੰਭੀਰ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਜਾਂਚ ਟੀਮ ਨੇ ਮਜੀਠੀਆ ’ਤੇ ਵਿਜੀਲੈਂਸ ਅਧਿਕਾਰੀਆਂ ਨੂੰ ਡਰਾਉਣ-ਧਮਕਾਉਣ, ਧੱਕਾ-ਮੁੱਕੀ, ਸਬੂਤਾਂ ਨੂੰ ਨਸ਼ਟ ਕਰਨ ਦੀ ਸਾਜ਼ਿਸ਼ ਘੜਨ ਅਤੇ ਆਪਣੇ ਸਮਰਥਕਾਂ ਨੂੰ ਪੁਲੀਸ ’ਤੇ ਹਮਲੇ ਲਈ ਉਕਸਾਉਣ ਦਾ ਦੋਸ਼ ਲਗਾਇਆ ਹੈ। ਵਿਜੀਲੈਂਸ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਮਜੀਠੀਆ ਦੇ ਘਰ ’ਤੇ ਕੇਸ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਮੌਜੂਦ ਹਨ। ਵਿਜੀਲੈਂਸ ਟੀਮ ਦੀ ਸ਼ਿਕਾਇਤ ਮੁਤਾਬਕ ਮਜੀਠੀਆ ਦੇ ਸਮਰਥਕਾਂ ਨੂੰ ਵਿਜੀਲੈਂਸ ਟੀਮ ਵੱਲੋਂ ਕੀਤੀ ਜਾਂਚ ਵਿਚ ਅੜਿੱਕਾ ਪਾਉਣ ਲਈ ਉਕਸਾਇਆ ਗਿਆ ਅਤੇ ਟੀਮ ’ਤੇ ਹਮਲਾ ਇਸ ਲਈ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਮਹੱਤਵਪੂਰਨ ਸਬੂਤ ਇਕੱਠੇ ਕਰਨ ਤੋਂ ਰੋਕਿਆ ਜਾ ਸਕੇ। ਇਹ ਜਾਇਦਾਦ ਕਥਿਤ 540 ਕਰੋੜ ਦੇ ਡਰੱਗ ਮਨੀ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਨਾਲ ਸਬੰਧਤ ਹੈ। ਦੱਸਿਆ ਜਾਂਦਾ ਹੈ ਕਿ ਮਜੀਠੀਆ ਦੀ ਇਸੇ ਰਿਹਾਇਸ਼ ’ਤੇ ਕੌਮਾਂਤਰੀ ਨਸ਼ਾ ਤਸਕਰ ਠਹਿਰਦੇ ਸਨ, ਜਿੱਥੇ ਮਜੀਠੀਆ ਦੇ ਸਮਰਥਕਾਂ ਨੇ ਵਿਜੀਲੈਂਸ ਟੀਮ ਦੀ ਜਾਂਚ ਵਿੱਚ ਅੜਿੱਕਾ ਪਾਇਆ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁਹਾਲੀ ਦੀ ਅਦਾਲਤ ਵਿੱਚ ਵਿਜੀਲੈਂਸ ਵੱਲੋਂ ਪੇਸ਼ ਹੋਏ ਵਕੀਲ ਫੈਰੀ ਸੋਫਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਜਾਗਰ ਕੀਤਾ ਸੀ ਕਿ ਬਿਕਰਮ ਮਜੀਠੀਆ ਵੱਲੋਂ ਆਪਣੀ ਰਿਹਾਇਸ਼ ਵਿਖੇ ਵਿਜੀਲੈਂਸ ਅਧਿਕਾਰੀਆਂ ਦੀ ਟੀਮ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਸੀ ਕਿ ਇਹ ਸਾਰਾ ਮਾਮਲਾ ਮਾਨਯੋਗ ਅਦਾਲਤ ਵਿੱਚ ਵੀ ਰੱਖਿਆ ਗਿਆ ਹੈ।

You must be logged in to post a comment Login