‘ਮਜੀਠੀਆ ਮੁਆਫੀ’ ਤੋਂ ਬਾਅਦ ਕੇਜਰੀਵਾਲ ਦਾ ਪਹਿਲਾ ਪੰਜਾਬ ਦੌਰਾ ਅਕਤੂਬਰ ‘ਚ

‘ਮਜੀਠੀਆ ਮੁਆਫੀ’ ਤੋਂ ਬਾਅਦ ਕੇਜਰੀਵਾਲ ਦਾ ਪਹਿਲਾ ਪੰਜਾਬ ਦੌਰਾ ਅਕਤੂਬਰ ‘ਚ

ਜਲੰਧਰ : ਬਿਕਰਮ ਮਜੀਠੀਆ ਤੋਂ ਨਸ਼ਾ ਤਸਕਰੀ ਦੇ ਲਗਾਏ ਦੋਸ਼ਾਂ ‘ਤੇ ਮੁਆਫੀ ਮੰਗਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਕਤੂਬਰ ‘ਚ ਪਹਿਲੀ ਵਾਰ ਪੰਜਾਬ ਆ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਆਪਣੇ ਇਸ ਦੌਰੇ ਦੌਰਾਨ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਨਾਲ ਪੰਜਾਬ ਵਿਚ ਵੱਡੀ ਰੈਲੀ ਕਰਨਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਰੈਲੀ ਸੁਖਪਾਲ ਖਹਿਰਾ ਦੀ ਕਨਵੈਨਸ਼ਨ ਦੇ ਮੁਕਾਬਲੇ ‘ਤੇ ਰੱਖੀ ਗਈ ਹੈ। ਇਸ ਰੈਲੀ ਦਾ ਮਕਸਦ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਾਲੰਟੀਅਰਾਂ ਅਤੇ ਵਰਕਰਾਂ ਨੂੰ ਲਾਮਬੰਦ ਕਰਨਾ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਕੇਜਰੀਵਾਲ ਇਸ ਰੈਲੀ ਦੌਰਾਨ ਲੋਕ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦਾ ਨਾਂਵਾਂ ਦਾ ਐਲਾਨ ਕਰ ਸਕਦੇ ਹਨ। ਇਸ ਰੈਲੀ ਵਿਚ ਅੰਨਾ ਹਜ਼ਾਰੇ ਮੁਹਿੰਮ ਨਾਲ ਜੁੜੇ ਵਾਲੰਟੀਅਰਾਂ ਦੇ ਸ਼ਾਮਲ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਅਦਾਲਤ ਵਿਚ ਚੱਲ ਰਹੇ ਮਾਣਹਾਨੀ ਕੇਸ ਵਿਚ ਕੇਜਰੀਵਾਲ ਨੇ 15 ਮਾਰਚ ਨੂੰ ਅਦਾਲਤ ਵਿਚ ਚਿੱਠੀ ਭੇਜ ਕੇ ਮੁਆਫੀ ਮੰਗੀ ਸੀ। ਸੂਤਰਾਂ ਮੁਤਾਬਕ ਕੇਜਰੀਵਾਲ ਨੇ ਚਿੱਠੀ ਵਿਚ ਮਜੀਠੀਆ ਖਿਲਾਫ ਲਗਾਏ ਸਾਰੇ ਦੋਸ਼ ਅਤੇ ਬਿਆਨ ਵਾਪਸ ਲੈ ਲਏ ਸਨ। ਇਥੇ ਹੀ ਬਸ ਨਹੀਂ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੀਸ਼ ਖੇਤਾਨ ਨੇ ਵੀ ਅਦਾਲਤ ਵਿਚ ਮੁਆਫੀ ਮੰਗੀ ਸੀ।

You must be logged in to post a comment Login