ਮਨੀਪੁਰ: ਲਾਸ਼ਾਂ ਮਿਲਣ ਮਗਰੋਂ ਹਿੰਸਾ ਭੜਕੀ, ਪੰਜ ਜ਼ਿਲ੍ਹਿਆਂ ’ਚ ਕਰਫਿਊ

ਮਨੀਪੁਰ: ਲਾਸ਼ਾਂ ਮਿਲਣ ਮਗਰੋਂ ਹਿੰਸਾ ਭੜਕੀ, ਪੰਜ ਜ਼ਿਲ੍ਹਿਆਂ ’ਚ ਕਰਫਿਊ

ਇੰਫਾਲ/ਗੁਹਾਟੀ, 17 ਨਵੰਬਰ- ਮਨੀਪੁਰ-ਅਸਾਮ ਸਰਹੱਦ ’ਤੇ ਜਿਰੀ ਨਦੀ ਅਤੇ ਬਰਾਕ ਨਦੀ ਦੇ ਸੰਗਮ ਨੇੜੇ ਤਿੰਨ ਹੋਰ ਲਾਸ਼ਾਂ ਬਰਾਮਦ ਹੋਣ ਮਗਰੋਂ ਇੰਫਾਲ ਘਾਟੀ ਵਿੱਚ ਤਣਾਅ ਵਧ ਗਿਆ ਹੈ। ਗੁੱਸੇ ਵਿੱਚ ਆਏ ਵੱਡੀ ਗਿਣਤੀ ਲੋਕਾਂ ਵੱਲੋਂ ਇੰਫਾਲ ਘਾਟੀ ਦੇ ਵੱਖ-ਵੱਖ ਹਿੱਸਿਆਂ ’ਚ ਕੀਤੇ ਪ੍ਰਦਰਸ਼ਨਾਂ ਅਤੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ’ਤੇ ਕੀਤੇ ਹਮਲਿਆਂ ਕਾਰਨ ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ, ਕਾਕਚਿੰਗ ਤੇ ਥੌਬਲ ਜ਼ਿਲ੍ਹਿਆਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ ਹੈ। ਮੁੱਖ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਅੱਜ ਸ਼ਾਮ ਤੋਂ ਸੱਤ ਜ਼ਿਲ੍ਹਿਆਂ ਇੰਫਾਲ ਪੱਛਮੀ, ਇੰਫਾਲ ਪੂਰਬੀ, ਬਿਸ਼ਨੂਪੁਰ, ਥੌਬਲ, ਕਾਕਚਿੰਗ, ਕੰਗਪੋਕਪੀ ਅਤੇ ਚੂਰਾਚੰਦਪੁਰ ਵਿੱਚ ਮੋਬਾਈਲ ਇੰਟਰਨੈਟ ਅਤੇ ਡੇਟਾ ਸੇਵਾਵਾਂ ਵੀ ਦੋ ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ’ਤੇ ਵਾਹਨਾਂ ਅਤੇ ਟਾਇਰਾਂ ਨੂੰ ਅੱਗ ਲਗਾ ਕੇ ਰਸਤੇ ਬੰਦ ਕਰ ਦਿੱਤੇ। ਵੱਖ-ਵੱਖ ਥਾਵਾਂ ’ਤੇ ਸੀਏਪੀਐੱਫ, ਹੋਰ ਨੀਮ ਸੈਨਿਕ ਬਲਾਂ ਤੇ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜਿਰੀਬਾਮ ਵਿੱਚ 10 ਕੂਕੀ ਨੌਜਵਾਨਾਂ ਵੱਲੋਂ ਕੀਤੀ ਗਈ ਹਿੰਸਾ ਮਗਰੋਂ 10 ਵਿਅਕਤੀ ਲਾਪਤਾ ਹੋਏ ਸਨ, ਜਿਨ੍ਹਾਂ ’ਚੋਂ ਛੇ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ਤਿੰਨ ਲਾਸ਼ਾਂ ਸ਼ੁੱਕਰਵਾਰ ਨੂੰ ਅਤੇ ਤਿੰਨ ਸ਼ਨਿਚਰਵਾਰ ਨੂੰ ਬਰਾਮਦ ਹੋਈਆਂ ਹਨ। ਸ਼ੁੱਕਰਵਾਰ ਨੂੰ ਬਰਾਮਦ ਹੋਈਆਂ ਲਾਸ਼ਾਂ ਬਿਰਧ ਔਰਤ, ਉਸ ਦੀਆਂ ਦੋ ਧੀਆਂ ਅਤੇ ਤਿੰਨ ਪੋਤੇ-ਪੋਤੀਆਂ ਦੀਆਂ ਦੱਸੀਆਂ ਜਾ ਰਹੀਆਂ ਹਨ। ਲਾਪਤਾ ਹੋਏ ਸਾਰੇ ਵਿਅਕਤੀ ਮੈਤੇਈ ਭਾਈਚਾਰੇ ਨਾਲ ਸਬੰਧਤ ਸਨ। ਲਾਸ਼ਾਂ ਬਰਾਮਦ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਬੀਤੀ ਰਾਤ ਸੀਨੀਅਰ ਮੰਤਰੀਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਸੂਬੇ ਵਿੱਚ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਗੁੱਸੇ ’ਚ ਆਈ ਭੀੜ ਨੇ ਕਈ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਅਤੇ ਹੋਰ ਸਰਕਾਰੀ ਅਦਾਰਿਆਂ ’ਤੇ ਹਮਲਾ ਕੀਤਾ। ਇਸ ਬਾਰੇ ਸੂਚਨਾ ਮਿਲਣ ਮਗਰੋਂ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

You must be logged in to post a comment Login