ਮਨੀਪੁਰ: ਸੁਰੱਖਿਆ ਕਰਮੀਆਂ ਦੇ ਭੇਸ ’ਚ ਆਏ ਬਾਗੀਆਂ ਵੱਲੋਂ ਤਿੰਨ ਦੀ ਹੱਤਿਆ

ਇੰਫਾਲ, 9 ਜੂਨ- ਹਿੰਸਾ ਪ੍ਰਭਾਵਿਤ ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਇੱਕ ਪਿੰਡ ’ਚ ਅੱਜ ਸੁਰੱਖਿਆ ਕਰਮੀ ਬਣ ਕੇ ਆਏ ਬਾਗੀਆਂ ਨੇ ਕੁਝ ਲੋਕਾਂ ਨੂੰ ਤਲਾਸ਼ੀ ਮੁਹਿੰਮ ਦੇ ਬਹਾਨੇ ਘਰਾਂ ’ਚੋਂ ਬਾਹਰ ਬੁਲਾ ਕੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ। ਇਸ ਘਟਨਾ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕਾਂਗਪੋਕੀ ਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਦੀ ਹੱਦ ’ਤੇ ਸਥਿਤ ਖੋਕੇਨ ਪਿੰਡ ’ਚ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਇਹ ਬਾਗੀ ਮੈਤੇਈ ਭਾਈਚਾਰੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ ਗਸ਼ਤ ’ਤੇ ਨਿਕਲੇ ਸੁਰੱਖਿਆ ਕਰਮੀ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮੌਕੇ ’ਤੇ ਪਹੁੰਚੇ ਪਰ ਉਦੋਂ ਤੱਕ ਬਾਗੀ ਉੱਥੋਂ ਭੱਜ ਗਏ। ਅਸਾਮ ਰਾਈਫਲਜ਼ ਨੇ ਤਿੰਨੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਸ ਮਗਰੋਂ ਮਨੀਪੁਰ ਪੁਲੀਸ, ਅਸਾਮ ਰਾਈਫਲਜ਼ ਤੇ ਫੌਜ ਦੀ ਸਾਂਝੀ ਟੀਮ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਵੀ ਚਲਾਈ।

You must be logged in to post a comment Login