ਮਨੁੱਖੀ ਹੱਕਾਂ ਬਾਰੇ ਯੂਐੱਨ ਕੌਂਸਲ ਦੀ ਵੋਟਿੰਗ ਵਿੱਚੋਂ ਵੀ ਭਾਰਤ ਰਿਹਾ ਗ਼ੈਰਹਾਜ਼ਰ

ਮਨੁੱਖੀ ਹੱਕਾਂ ਬਾਰੇ ਯੂਐੱਨ ਕੌਂਸਲ ਦੀ ਵੋਟਿੰਗ ਵਿੱਚੋਂ ਵੀ ਭਾਰਤ ਰਿਹਾ ਗ਼ੈਰਹਾਜ਼ਰ

ਜਨੇਵਾ/ਸੰਯੁਕਤ ਰਾਸ਼ਟਰ, 5 ਮਾਰਚ –ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਕੌਂਸਲ ਦੀ ਮੀਟਿੰਗ ’ਚ ਰੂਸ ਵੱਲੋਂ ਯੂਕਰੇਨ ’ਚ ਕੀਤੇ ਜਾ ਰਹੇ ਮਾਨਵੀ ਜ਼ੁਲਮਾਂ ਦੀ ਜਾਂਚ ਲਈ ਨਿਰਪੱਖ ਕੌਮਾਂਤਰੀ ਕਮਿਸ਼ਨ ਬਣਾਉਣ ਦਾ ਫ਼ੈਸਲਾ ਲਿਆ ਗਿਆ। 47 ਮੈਂਬਰੀ ਕੌਂਸਲ ਵੱਲੋਂ ਪਾਏ ਗਏ ਮਤੇ ਦੀ ਵੋਟਿੰਗ ਦੌਰਾਨ ਭਾਰਤ ਗ਼ੈਰਹਾਜ਼ਰ ਰਿਹਾ। ਮਤੇ ’ਚ ਯੂਕਰੇਨ ’ਚ ਮਨੁੱਖੀ ਹੱਕਾਂ ਦੇ ਹਾਲਾਤ ਦਾ ਜ਼ਿਕਰ ਸੀ। ਮਤੇ ਦੇ ਪੱਖ ’ਚ 32 ਵੋਟਾਂ ਪਈਆਂ ਜਦਕਿ ਰੂਸ ਅਤੇ ਇਰੀਟ੍ਰੀਆ ਨੇ ਇਸ ਦਾ ਵਿਰੋਧ ਕੀਤਾ ਅਤੇ ਭਾਰਤ, ਚੀਨ, ਪਾਕਿਸਤਾਨ, ਸੂਡਾਨ ਤੇ ਵੈਨੇਜ਼ੁਏਲਾ ਸਮੇਤ 13 ਹੋਰ ਗ਼ੈਰਹਾਜ਼ਰ ਰਹੇ। ਇਸ ਤੋਂ ਪਹਿਲਾਂ ਭਾਰਤ 15 ਮੈਂਬਰੀ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਅਤੇ 193 ਮੈਂਬਰੀ ਜਨਰਲ ਅਸੈਂਬਲੀ ਦੇ ਰੂਸ ਖ਼ਿਲਾਫ਼ ਦੋ ਮਤਿਆਂ ’ਚੋਂ ਗ਼ੈਰਹਾਜ਼ਰ ਰਿਹਾ ਸੀ। ਕੌਂਸਲ ਨੇ ਟਵੀਟ ਕਰਕੇ ਕਿਹਾ ਕਿ ਰੂਸ ਵੱਲੋਂ ਯੂਕਰੇਨ ’ਚ ਮਨੁੱਖੀ ਹੱਕਾਂ ਦੇ ਘਾਣ ਦੀ ਨਿਖੇਧੀ ਕਰਦਿਆਂ ਫੌਰੀ ਜਾਂਚ ਕਮਿਸ਼ਨ ਬਣਾਉਣ ਦਾ ਫ਼ੈਸਲਾ ਲਿਆ ਹੈ। ਮਤੇ ਦੇ ਪੱਖ ’ਚ ਫਰਾਂਸ, ਜਰਮਨੀ, ਜਪਾਨ, ਨੇਪਾਲ, ਯੂਏਈ, ਯੂਕੇ ਅਤੇ ਅਮਰੀਕਾ ਨੇ ਵੋਟਿੰਗ ਕੀਤੀ। ਮਨੁੱਖੀ ਹੱਕਾਂ ਬਾਰੇ ਕੌਂਸਲ ਦੇ ਮੁਖੀ ਵੱਲੋਂ ਜਾਂਚ ਕਮਿਸ਼ਨ ਲਈ ਤਿੰਨ ਮਨੁੱਖੀ ਹੱਕਾਂ ਦੇ ਮਾਹਿਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਜਿਨ੍ਹਾਂ ਦੀ ਮਿਆਦ ਇਕ ਸਾਲ ਦੀ ਹੋਵੇਗੀ। ਕਮਿਸ਼ਨ ਮਨੁੱਖੀ ਹੱਕਾਂ ਦੇ ਘਾਣ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਮੁਲਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣ ਦੀ ਕੋਸ਼ਿਸ਼ ਕਰੇਗਾ। ਮਤੇ ਦੌਰਾਨ ਰੂਸ ਨੂੰ ਫੌਰੀ ਮਨੁੱਖੀ ਹੱਕਾਂ ਦਾ ਘਾਣ ਰੋਕਣ ਲਈ ਆਖਦਿਆਂ ਯੂਕਰੇਨ ’ਚ ਕੌਮਾਂਤਰੀ ਮਾਨਵੀ ਕਾਨੂੰਨਾਂ ਦੀ ਉਲੰਘਣਾ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਰੂਸੀ ਫ਼ੌਜ ਨੂੰ ਯੂਕਰੇਨ ’ਚੋਂ ਤੁਰੰਤ ਹਟਾਉਣ ਦਾ ਸੱਦਾ ਵੀ ਦਿੱਤਾ।

You must be logged in to post a comment Login