ਮਰਹੂਮ ਮੂਸੇਵਾਲਾ ਦੇ ਪਿਤਾ ਦੇ ਬੋਲ- ਮੈਨੂੰ ਰੱਬ ’ਤੇ ਭਰੋਸਾ ਹੈ ਕਿ ਇਨਸਾਫ ਮਿਲੇਗਾ

ਮਰਹੂਮ ਮੂਸੇਵਾਲਾ ਦੇ ਪਿਤਾ ਦੇ ਬੋਲ- ਮੈਨੂੰ ਰੱਬ ’ਤੇ ਭਰੋਸਾ ਹੈ ਕਿ ਇਨਸਾਫ ਮਿਲੇਗਾ

ਮਾਨਸਾ – ਇਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਕਰ ਰਹੇ ਬਲਕੌਰ ਸਿੰਘ ਨੇ ਆਪਣੇ ਕੁੜਤੇ ’ਤੇ ਲਿਖਿਆ ਹੈ-‘ਸਿੱਧੂ ਮੂਸੇਵਾਲਾ ਤੂੰ ਮਸ਼ਹੂਰ ਹੋਇਆ ਤਾਂ ਅੱਜ ਸਾਡੀਆਂ ਅੱਖੀਆਂ ਤੋਂ ਦੂਰ ਹੋਇਆ।’ ਅੱਜ ਆਪਣੇ ਜੱਦੀ ਪਿੰਡ ਮੂਸਾ ਵਿਖੇ ਆਪਣੇ ਪੁੱਤਰ ਦੇ ਫੈਨਜ਼ ਨਾਲ ਮੁਲਾਕਾਤ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਰੱਬ ਦੇ ਦਰਬਾਰ ’ਤੇ ਪੂਰਾ ਭਰੋਸਾ ਹੈ, ਉੱਥੋਂ ਉਨ੍ਹਾਂ ਨੂੰ ਨਿਸ਼ਚਿਤ ਤੌਰ ’ਤੇ ਨਿਆਂ ਮਿਲੇਗਾ। ਦੱਸ ਦਈਏ ਕਿ ਬਲਕੌਰ ਸਿੰਘ ਹਰ ਐਤਵਾਰ ਆਪਣੇ ਪਿੰਡ ’ਚ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਵੱਲੋਂ ਬਣਾਈ ਕੋਠੀ ’ਚ ਆਪਣੇ ਚਹੇਤਿਆਂ ਨੂੰ ਮਿਲਦੇ ਹਨ। ਇਸ ਦਿਨ ਸਿੱਧੂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮਿਲਣ ਆਉਂਦੇ ਹਨ। ਬਲਕੌਰ ਸਿੰਘ ਕਹਿੰਦੇ ਰਹੇ ਹਨ ਕਿ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਮਿਲਣਾ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਨੂੰ ਅੰਤ ਤਕ ਲਿਜਾਣ ਦਾ ਹੌਸਲਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕੇ ਦੀ ਜਾਨ ਲੈਣ ਵਾਲਾ ਗੈਂਗਸਟਰ ਪੁਲਸ ਹਿਰਾਸਤ ’ਚ ਕਾਲੀਆਂ ਐਨਕਾਂ ਲਗਾ ਕੇ ਸ਼ਰੇਆਮ ਘੁੰਮ ਰਿਹਾ ਹੈ। ਪੁਲਸ ਇਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਦੀ ਸੁਰੱਖਿਆ ’ਚ ਲੱਗੀ ਹੋਈ ਹੈ।ਇਸ ਤੋਂ ਪਹਿਲਾਂ ਪਿਛਲੇ ਦਿਨੀਂ ਆਪਣੇ ਪੁੱਤਰ ਦੇ ਕਾਤਲਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਸ ਦੀ ਜਾਂਚ ’ਤੇ ਭਰੋਸਾ ਨਹੀਂ ਹੈ। ਮੇਰੇ ਪੁੱਤਰ ਦੇ ਕਤਲ ’ਚ ਕੁਝ ਸਿਆਸਤੀ ਅਤੇ ਗਾਇਕ ਵੀ ਸ਼ਾਮਲ ਹਨ ਪਰ ਇਸ ਸਭ ਨੂੰ ਗੈਂਗਵਾਰ ਵਜੋਂ ਦਿਖਾਇਆ ਜਾ ਰਿਹਾ ਹੈ। ਐੱਨ. ਆਈ. ਏ. ਦੀ ਜਾਂਚ ’ਤੇ ਭਰੋਸਾ ਪ੍ਰਗਟਾਉਂਦਿਆਂ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਜਾਂਚ ਚੰਗੀ ਤਰ੍ਹਾਂ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

You must be logged in to post a comment Login