ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ

ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ

ਨਵੀਂ ਦਿੱਲੀ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਦੇਸ਼ ਦੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਲੰਮੀ ਬਿਮਾਰੀ ਮਗਰੋਂ ਅੱਜ ਦੇਹਾਂਤ ਹੋ ਗਿਆ। ਉਹ 77 ਸਾਲਾ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅੰਜੂ, ਪੁੱਤਰ ਅੰਗਦ ਤੇ ਧੀ ਨੇਹਾ ਹਨ। ਬੇਦੀ ਦਾ ਜਨਮ 1946 ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ। ਖੱਬੂ ਸਪਿੰਨਰ ਬੇਦੀ ਨੇ ਭਾਰਤ ਲਈ 67 ਟੈਸਟ ਮੈਚ ਖੇਡੇ ਤੇ 266 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਪਾਰੀ ਵਿੱਚ 14 ਵਾਰ ਪੰਜ ਵਿਕਟਾਂ ਅਤੇ ਮੈਚ ਵਿੱਚ ਇੱਕ ਵਾਰ 10 ਵਿਕਟਾਂ ਹਾਸਲ ਕੀਤੀਆਂ। ਉਹ 22 ਟੈਸਟ ਮੈਚਾਂ ਵਿੱਚ ਭਾਰਤੀ ਟੀਮ ਦੇ ਕਪਤਾਨ ਵੀ ਰਹੇ। ਉਹ ਭਾਰਤੀ ਕ੍ਰਿਕਟ ਦੇ ਸਪਿੰਨਰਾਂ ਦੀ ਉਸ ਸੁਨਹਿਰੀ ਚੌਕੜੀ ਦਾ ਹਿੱਸਾ ਸਨ ਜਨਿ੍ਹਾਂ ਵਿੱਚ ਉਨ੍ਹਾਂ ਤੋਂ ਇਲਾਵਾ ਇਰਾਪੱਲੀ ਪ੍ਰਸੰਨਾ, ਭਾਗਵਤ ਚੰਦਰਸ਼ੇਖਰ ਤੇ ਸ੍ਰੀਨਿਵਾਸ ਵੈਂਕਟਰਾਘਵਨ ਸ਼ਾਮਲ ਸਨ। ਉਹ 1966 ਤੇ 1978 ਵਿਚਾਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਭਾਰਤੀ ਗੇਂਦਬਾਜ਼ੀ ਦਾ ਅਹਿਮ ਹਿੱਸਾ ਰਹੇ। ਬੇਦੀ 1990 ’ਚ ਨਿਊਜ਼ੀਲੈਂਡ ਤੇ ਇੰਗਲੈਂਡ ਦੌਰੇ ਦੌਰਾਨ ਕੁਝ ਸਮੇਂ ਲਈ ਭਾਰਤੀ ਕ੍ਰਿਕਟ ਟੀਮ ਦੇ ਮੈਨੇਜਰ ਵੀ ਰਹੇ। ਉਹ ਕੌਮੀ ਚੋਣਕਾਰ ਹੋਣ ਦੇ ਨਾਲ ਨਾਲ ਮਨਿੰਦਰ ਸਿੰਘ ਤੇ ਮੁਰਲੀ ਕਾਰਤਿਕ ਜਿਹੇ ਕਈ ਸ਼ਾਨਦਾਰ ਸਪਿੰਨਰਾਂ ਦੇ ਗੁਰੂ ਵੀ ਸਨ। ਬਿਸ਼ਨ ਸਿੰਘ ਬੇਦੀ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 1560 ਵਿਕਟਾਂ ਹਾਸਲ ਕੀਤੀਆਂ ਜੋ ਕਿਸੇ ਵੀ ਹੋਰ ਭਾਰਤੀ ਖਿਡਾਰੀ ਨਾਲੋਂ ਵੱਧ ਹਨ। ਉਨ੍ਹਾਂ ਦਿੱਲੀ ਲਈ ਘਰੇਲੂ ਕ੍ਰਿਕਟ ਵੀ ਖੇਡਿਆ। ਉਨ੍ਹਾਂ ਨੂੰ 1970 ਵਿੱਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। -ਪੀਟੀਆਈ/ਏਐੱਨਆਈ

ਪ੍ਰਧਾਨ ਮੰਤਰੀ ਤੇ ਹੋਰਾਂ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਖੱਬੇ ਹੱਥ ਦੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਹ ਕ੍ਰਿਕਟਰਾਂ ਦੀਆਂ ਭਵਿੱਖੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਮੰਨੇ ਪ੍ਰਮੰਨੇ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਨਾਲ ਡੂੰਘਾ ਦੁੱਖ ਹੋਇਆ। ਖੇਡ ਪ੍ਰਤੀ ਉਨ੍ਹਾਂ ਦਾ ਜਨੂੰਨ ਅਟੁੱਟ ਸੀ ਅਤੇ ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਭਾਰਤ ਨੂੰ ਯਾਦਗਾਰ ਜਿੱਤਾਂ ਦਿਵਾਈਆਂ। ਉਹ ਕ੍ਰਿਕਟਰਾਂ ਦੀ ਭਵਿੱਖੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ।’ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ‘ਸਾਬਕਾ ਭਾਰਤੀ ਕਪਤਾਨ ਤੇ ਸਪਿੰਨਰ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਹੋ ਗਿਆ ਹੈ। ਇਸ ਬਹੁਤ ਦੁੱਖ ਭਰੀ ਖ਼ਬਰ ਹੈ। ਇਹ ਭਾਰਤ ਲਈ ਵੱਡਾ ਘਾਟਾ ਹੈ। ਉਨ੍ਹਾਂ ਹਿਮਾਚਲ ਵਿੱਚ ਕਈ ਕੈਂਪ ਸ਼ੁਰੂ ਕੀਤੇ। ਮੈਂ ਤੇ ਸਾਰਾ ਕ੍ਰਿਕਟ ਪਰਿਵਾਰ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹਾ ਹੈ।’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਕਸ ’ਤੇ ਲਿਖਿਆ, ‘ਮਹਾਨ ਸਪਿੰਨਰ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਬੇਦੀ ਜੀ ਕ੍ਰਿਕਟ ’ਚ ਪਾਏ ਯੋਗਦਾਨ ਕਾਰਨ ਹੀ ਨਹੀਂ ਬਲਕਿ ਆਪਣੀ ਕ੍ਰਿਸ਼ਮਈ ਗੇਂਦਬਾਜ਼ੀ ਕਾਰਨ ਵੀ ਸਾਡੀਆਂ ਯਾਦਾਂ ਵਿਚ ਵਸੇ ਰਹਿਣਗੇ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਨਾਲ ਮੇਰੀ ਹਮਦਰਦੀ ਹੈ।’ ਇਸੇ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕ੍ਰਿਕਟਰਾਂ ਤੇ ਹੋਰਾਂ ਵੱਲੋਂ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ

ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਤੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਵੱਖ ਵੱਖ ਕ੍ਰਿਕਟਰਾਂ ਤੇ ਹੋਰ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੇ ਐਕਸ ’ਤੇ ਲਿਖਿਆ, ‘ਬਿਸ਼ਨ ਸਿੰਘ ਬੇਦੀ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਕ੍ਰਿਕਟ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।’ ਟੈਸਟ ਕ੍ਰਿਕਟ ਵਿੱਚ 489 ਵਿਕਟਾਂ ਨਾਲ ਆਧੁਨਿਕ ਸਮੇਂ ਦੇ ਸਭ ਤੋਂ ਮਹਾਨ ਖਿਡਾਰੀਆਂ ’ਚ ਸ਼ੁਮਾਰ ਆਰ ਅਸ਼ਵਨਿ ਨੇ ਕਿਹਾ, ‘ਮਹਾਨ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਮਹਾਨ ਕ੍ਰਿਕਟਰ ਹੋਣ ਤੋਂ ਇਲਾਵਾ ਉਹ ਮਿਲਣਸਾਰ ਵਿਅਕਤੀ ਸਨ ਅਤੇ ਨਵੇਂ ਕ੍ਰਿਕਟਰਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਸਨ।’ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ‘ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਬਿਸ਼ਨ ਸਿੰਘ ਬੇਦੀ ਜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਰੱਬ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ।’ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਐਕਸ ’ਤੇ ਲਿਖਿਆ, ‘ਭਾਰਤੀ ਕ੍ਰਿਕਟ ਨੇ ਅੱਜ ਮਹਾਨ ਵਿਅਕਤੀ ਗੁਆ ਲਿਆ ਹੈ। ਬੇਦੀ ਸਰ ਨੇ ਕ੍ਰਿਕਟ ਦੇ ਇੱਕ ਦੌਰ ਦੀ ਨੁਮਾਇੰਦਗੀ ਕੀਤੀ ਅਤੇ ਆਪਣੀ ਕਲਾਤਮਕ ਸਪਿੰਨ ਗੇਂਦਬਾਜ਼ੀ ਤੇ ਆਪਣੇ ਸ਼ਾਨਦਾਰ ਚਰਿੱਤਰ ਦੀਆਂ ਪੈੜਾਂ ਪਿੱਛੇ ਛੱਡ ਗਏ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ।’ ਬੀਸੀਸੀਆਈ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ ਨੇ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਸਾਬਕਾ ਆਲ ਰਾਊਂਡਰ ਇਰਫਾਨ ਪਠਾਨ, ਭਾਰਤੀ ਵਿਕਟਕੀਪਰ ਤੇ ਬੱਲੇਬਾਜ਼ ਦਿਨੇਸ਼ ਕਾਰਤਿਕ, ਬੱਲੇਬਾਜ਼ ਸ਼ਿਖਰ ਧਵਨ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਤੇ ਪੰਜਾਬ ਕਿ੍ਰਕਟ ਐਸੋਸੀਏਸ਼ਨ ਨੇ ਵੀ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ

ਸਪਿੰਨਰਾਂ ਦੇ ਸੁਨਹਿਰੀ ਦੌਰ ਦਾ ਅੰਤ ਹੋਇਆ: ਭਗਵੰਤ ਮਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਇਸ ਮਹਾਨ ਸਪਿੰਨਰ ਦੇ ਦੇਹਾਂਤ ਨੂੰ ਕ੍ਰਿਕਟ ਪ੍ਰੇਮੀਆਂ ਲਈ ਵੱਡਾ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਆਪਣੇ ਸਾਥੀ ਚਾਰ ਸਪਿੰਨਰਾਂ ਨਾਲ ਮਿਲ ਕੇ ਕੀਤੀ ਸ਼ਾਨਦਾਰ ਗੇਂਦਬਾਜ਼ੀ ਲਈ ਬੇਦੀ ਨੂੰ ‘ਸਰਦਾਰ ਆਫ਼ ਸਪਿੰਨ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਵਿਸ਼ਵ ਕ੍ਰਿਕਟ ਵਿੱਚ ਭਾਰਤੀ ਸਪਿੰਨਰਾਂ ਦੇ ਸੁਨਹਿਰੀ ਦੌਰ ਦਾ ਅੰਤ ਹੈ। ਉਨ੍ਹਾਂ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ, ਸਨੇਹੀਆਂ ਤੇ ਸਕੇ-ਸਬੰਧੀਆਂ ਤੇ ਕ੍ਰਿਕਟ ਪ੍ਰੇਮੀਆਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।

You must be logged in to post a comment Login