ਮਹਾਰਾਣੀ ਐਲਿਜਾਬੈਥ ਦੋਇਮ ਦੀ ਮ੍ਰਿਤਕ ਦੇਹ ਸਕਾਟਿਸ਼ ਰਾਜਧਾਨੀ ਲਿਆਂਦੀ ਗਈ 

ਮਹਾਰਾਣੀ ਐਲਿਜਾਬੈਥ ਦੋਇਮ ਦੀ ਮ੍ਰਿਤਕ ਦੇਹ ਸਕਾਟਿਸ਼ ਰਾਜਧਾਨੀ ਲਿਆਂਦੀ ਗਈ 
ਐਡਿਨਬਰਾ (ਮਨਦੀਪ ਖੁਰਮੀ ਹਿੰਮਤਪੁਰਾ)- ਮਹਾਰਾਣੀ ਐਲਿਜਾਬੈਥ ਦੋਇਮ ਦੇ ਅੰਤਿਮ ਦਰਸ਼ਨਾਂ ਲਈ ਲੋਕਾਂ ਵੱਲੋਂ ਸੜਕਾਂ ਦੇ ਕਿਨਾਰਿਆਂ ‘ਤੇ ਖੜ੍ਹ ਕੇ ਘੰਟਿਆਂ ਬੱਧੀ ਇੰਤਜ਼ਾਰ ਕੀਤਾ ਗਿਆ। ਬਾਲਮੋਰਲ ਮਹਿਲ ਤੋਂ ਸਕਾਟਲੈਂਡ ਦੀ ਰਾਜਧਾਨੀ ਸਥਿਤ ਹੋਲੀਰੂਡਹਾਊਸ ਤੱਕ ਤਾਬੂਤ ਲਿਜਾਣ ਲਈ ਸੜਕੀ ਰਸਤੇ ਦੀ ਚੋਣ ਕੀਤੀ ਗਈ ਸੀ। ਮੋਟਰਵੇਅ ‘ਤੇ ਰੁਕੇ ਹੋਏ ਟ੍ਰੈਫਿਕ ਦੌਰਾਨ ਲੋਕਾਂ ਵੱਲੋਂ ਮਹਾਰਾਣੀ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕੀਤੇ। ਆਮ ਨਿਰਧਾਰਤ ਗਤੀ ਨਾਲੋਂ ਬਹੁਤ ਹੀ ਘੱਟ ਸਪੀਡ ‘ਤੇ ਜਾਂਦੀਆਂ ਗੱਡੀਆਂ ਦੇ ਵਹੀਰ ਨਾਲ ਮਹਾਰਾਣੀ ਦਾ ਮ੍ਰਿਤਕ ਸਰੀਰ ਐਡਿਨਬਰਾ ਲਿਜਾਇਆ ਗਿਆ ਹੈ। ਹੋਲੀਰੂਡਹਾਊਸ ਵਿਖੇ ਰੱਖਣ ਉਪਰੰਤ ਇਤਿਹਾਸਕ ਸੇਂਟ ਗਾਈਲਸ ਕੈਥੇਡ੍ਰਲ ਵਿਖੇ ਵੀ 24 ਘੰਟੇ ਲਈ ਰੱਖਿਆ ਜਾਵੇਗਾ। ਦਰਸ਼ਨਾਂ ਦੇ ਚਾਹਵਾਨ ਲੋਕਾਂ ਨੂੰ ਵਿਸ਼ੇਸ਼ ਹਦਾਇਤਾਂ ਬੇਨਤੀਆਂ ਵੀ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਨੂੰ ਆਪਣੇ ਨਾਲ ਲਿਆਉਣ ਅਤੇ ਨਾ ਲਿਆਉਣ ਵਾਲੀਆਂ ਚੀਜਾਂ ਦੀ ਲਿਸਟ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ। ਐਡਿਨਬਰਾ ਦੇ ਬਹੁਤ ਸਾਰੇ ਰਸਤੇ ਬੰਦ ਕਰਨ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧ ਬੇਹੱਦ ਸਖਤ ਕੀਤੇ ਗਏ ਹਨ। ਲੋਕਾਂ ਵੱਲੋਂ ਮਹਾਰਾਣੀ ਦੀ ਯਾਦ ਵਿੱਚ ਹੋਲੀਰੂਡਹਾਊਸ ਦੇ ਬਾਹਰ ਫੁੱਲ ਭੇਂਟ ਕਰਕੇ ਸਤਿਕਾਰ ਦਾ ਇਜਹਾਰ ਕੀਤਾ ਜਾ ਰਿਹਾ ਹੈ।

You must be logged in to post a comment Login