ਮਹਿਲਾ ਕਾਂਸਟੇਬਲ ਦੀ ਹੱਤਿਆ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ

ਮਹਿਲਾ ਕਾਂਸਟੇਬਲ ਦੀ ਹੱਤਿਆ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ

ਫ਼ਿਰੋਜ਼ਪੁਰ, 29 ਜਨਵਰੀ- ਇਥੇ ਸਵੈਟ ਟੀਮ ਵਿਚ ਤਾਇਨਾਤ ਕਾਂਸਟੇਬਲ ਗੁਰਸੇਵਕ ਸਿੰਘ ਨੇ ਇੱਕ ਮਹਿਲਾ ਕਾਂਸਟੇਬਲ ਦੀ ਹੱਤਿਆ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਹ ਘਟਨਾ ਦੇਰ ਰਾਤ ਛਾਉਣੀ ਸਥਿਤ ਸ਼ੇਰ ਸ਼ਾਹ ਵਾਲੀ ਚੌਂਕ ਵਿਚ ਵਾਪਰੀ ਹੈ। ਜਾਣਕਾਰੀ ਮੁਤਾਬਿਕ ਥਾਣਾ ਛਾਉਣੀ ਵਿਚ ਸੀਸੀਟੀਐਨਐਸ ਵਿੰਗ ਵਿਚ ਤਾਇਨਾਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇਰ ਰਾਤ ਆਪਣੀ ਡਿਊਟੀ ਖ਼ਤਮ ਕਰ ਕੇ ਪੁਲੀਸ ਲਾਈਨ ਸਥਿਤ ਆਪਣੇ ਪਿਤਾ ਦੇ ਸਰਕਾਰੀ ਕੁਆਟਰ ਵਿਚ ਵਾਪਸ ਆ ਰਹੀ ਸੀ। ਜਦੋਂ ਉਹ ਸ਼ੇਰ ਸ਼ਾਹ ਵਾਲੀ ਚੌਂਕ ਵਿਚ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਮੌਜੂਦ ਕਾਰ ਸਵਾਰ ਗੁਰਸੇਵਕ ਸਿੰਘ ਨੇ ਐਕਟਿਵਾ ਤੇ ਆ ਰਹੀ ਅਮਨਦੀਪ ਨੂੰ ਜਬਰਦਸਤੀ ਰੋਕ ਲਿਆ। ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਝਗੜਾ ਹੋ ਗਿਆ ਤੇ ਗੁਰਸੇਵਕ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਅਮਨਦੀਪ ਨੂੰ ਪੰਜ ਗੋਲੀਆਂ ਮਾਰ ਦਿੱਤੀਆਂ। ਇਸ ਮਗਰੋਂ ਗੁਰਸੇਵਕ ਫ਼ਰਾਰ ਹੋ ਗਿਆ ਤੇ ਇਥੋਂ ਤੀਹ ਕਿਲੋਮੀਟਰ ਦੂਰ ਤਲਵੰਡੀ ਭਾਈ ਦੇ ਨਜ਼ਦੀਕ ਉਸਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਡੀਐਸਪੀ ਸੰਦੀਪ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਦੋਹਾਂ ਦਰਮਿਆਨ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ। ਮ੍ਰਿਤਕ ਅਮਨਦੀਪ ਕੌਰ ਦੇ ਪਿਤਾ ਵੀ ਪੁਲੀਸ ਮੁਲਾਜ਼ਮ ਦੱਸੇ ਜਾਂਦੇ ਹਨ।

You must be logged in to post a comment Login