ਮਹਿਲਾ ਕਾਂਸਟੇਬਲ ਨੇ ਹਵਾਈ ਅੱਡੇ ’ਤੇ ਕੰਗਨਾ ਰਣੌਤ ਦੇ ਥੱਪੜ ਮਾਰਿਆ

ਮਹਿਲਾ ਕਾਂਸਟੇਬਲ ਨੇ ਹਵਾਈ ਅੱਡੇ ’ਤੇ ਕੰਗਨਾ ਰਣੌਤ ਦੇ ਥੱਪੜ ਮਾਰਿਆ

ਚੰਡੀਗੜ੍ਹ, 7 ਜੂਨ- ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਨਵੀਂ ਸੰਸਦ ਮੈਂਬਰ ਚੁਣੀ ਕੰਗਨਾ ਰਣੌਤ ਦੇ ਅੱਜ ਇਥੇ ਚੰਡੀਗੜ੍ਹ ਹਵਾਈ ਅੱਡੇ ’ਤੇ ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਨੇ ਕਥਿਤ ਤੌਰ ’ਤੇ ਥੱਪੜ ਮਾਰਿਆ। ਮਹਿਲਾ ਕਾਂਸਟੇਬਲ, ਜਿਸ ਦਾ ਅਜੇ ਤੱਕ ਅਧਿਕਾਰਤ ਤੌਰ ’ਤੇ ਨਾਮ ਨਹੀਂ ਦੱਸਿਆ ਗਿਆ, ਕੰਗਨਾ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਤੋਂ ਖਫ਼ਾ ਦੱਸੀ ਜਾਂਦੀ ਹੈ। ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰਕੇ ਉਸ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਕੇੇਂਦਰੀ ਸਨਅਤੀ ਸੁਰੱਖਿਆ ਫੋਰਸ (ਸੀਆਈਐੱਸਐੱਫ) ਦੀ ਮਹਿਲਾ ਕਾਂਸਟੇਬਲ ਨੇ ਹਵਾਈ ਅੱਡੇ ’ਤੇ ਸਕਿਉਰਿਟੀ ਚੈੱਕ (ਜਾਮਾ ਤਲਾਸ਼ੀ) ਦੌਰਾਨ ਕੰਗਨਾ ’ਤੇ ਕਥਿਤ ਹਮਲਾ ਕੀਤਾ। ਸੀਆਈਐੱਸਐੇੱਫ ਨੇ ਇਸ ਪੂਰੀ ਘਟਨਾ ਦੀ ‘ਕੋਰਟ ਆਫ ਇਨਕੁਆਇਰੀ’ ਦੇ ਹੁਕਮ ਦਿੱਤੇ ਹਨ। ਨੀਮ ਫੌਜੀ ਬਲ ਕੋਲ ਹਵਾਈ ਅੱਡਿਆਂ ’ਤੇ ਸੁਰੱਖਿਆ ਮੁਹੱਈਆ ਕਰਵਾਉਣ ਦਾ ਜ਼ਿੰਮਾ ਹੈ। ਅਦਾਕਾਰ ਨਾਲ ਮੌਜੂਦ ਉਸ ਦੇ ਇਕ ਸਹਾਇਕ ਨੇ ਕਿਹਾ, ‘‘ਕੰਗਨਾ ਦੇ ਥੱਪੜ ਮਾਰਿਆ ਗਿਆ।’’ ਸਹਾਇਕ ਨੇ ਕਿਹਾ, ‘‘ਇੰਜ ਜਾਪਦਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਖਾਲਿਸਤਾਨ ਨੂੰ ਲੈ ਕੇ ਕੀਤੀ ਟਿੱਪਣੀ ਲਈ ਅਦਾਕਾਰ ਦੇ ਥੱਪੜ ਮਾਰਿਆ ਗਿਆ ਹੈ, ਪਰ ਸਾਨੂੰ ਇਸ ਪੂਰੀ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ।’ ਕੰਗਨਾ ਨੇ ਹਾਲੀਆ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਆਪਣੇ ਨੇੜਲੇ ਵਿਰੋਧੀ ਨੂੰ 74,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਚੋਣ ਜਿੱਤੀ ਹੈ। ਇਸ ਦੌਰਾਨ ਅਦਾਕਾਰ ਨੇ ਦਿੱਲੀ ਪੁੱਜਣ ’ਤੇ ਇਕ ਵੀਡੀਓ ਸੁਨੇਹੇ ਵਿਚ ਦਾਅਵਾ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਸਕਿਉਰਿਟੀ ਚੈੱਕ ਦੌਰਾਨ ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਨੇ ਉਸ ਦੇ ਮੂੰਹ ’ਤੇ ਥੱਪੜ ਮਾਰਿਆ ਤੇ ਬਦਸਲੂਕੀ ਕੀਤੀ। ਕੰਗਨਾ ਨੇ ‘ਪੰਜਾਬ ਵਿਚ ਅਚਾਨਕ ਦਹਿਸ਼ਤ ਤੇ ਹਿੰਸਾ ਦਾ ਉਭਾਰ’ ਸਿਰਲੇਖ ਵਾਲਾ ਵੀਡੀਓ ਬਿਆਨ ਐਕਸ ’ਤੇ ਪੋਸਟ ਕਰਦਿਆਂ ਕਿਹਾ, ‘‘ਮੈਂ ਸੁਰੱਖਿਅਤ ਤੇ ਠੀਕ ਹਾਂ, ਪਰ ਪੰਜਾਬ ਵਿਚ ਅਤਿਵਾਦ ਵਧਣ ਨੂੰ ਲੈ ਕੇ ਫਿਕਰਮੰਦ ਹਾਂ…ਅਸੀਂ ਇਸ ਨਾਲ ਕਿਵੇਂ ਨਜਿੱਠਾਂਗੇ?’’ ਰਣੌਤ ਨੇ ਕਿਹਾ ਕਿ ਉਸ ਨੂੰ ਮੀਡੀਆ ਤੇ ਉਸ ਦੇ ਚਾਹੁਣ ਵਾਲਿਆਂ ਦੇ ਬਹੁਤ ਸਾਰੇ ਫੋਨ ਆ ਰਹੇ ਹਨ। ਕੰਗਨਾ ਨੇ ਵੀਡੀਓ ਬਿਆਨ ਵਿਚ ਕਿਹਾ ਮਹਿਲਾ ਕਾਂਸਟੇਬਲ ਇਕ ਸਾਈਡ ਤੋਂ ਉਸ ਕੋਲ ਆਈ, ‘ਉਸ ਨੇ ਮੇਰੇ ਮੂੰਹ ’ਤੇ ਥੱਪੜ ਮਾਰਿਆ ਤੇ ਮੈਨੂੰ ਚੰਗਾ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਇਹ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤ ਕਰਦੀ ਹੈ।’’

You must be logged in to post a comment Login