ਚੰਡੀਗੜ੍ਹ 31 ਜਨਵਰੀ – ਮਹਿਲਾ ਕਿਸਾਨ ਯੂਨੀਅਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਰਾਜਸੀ ਪਾਰਟੀ ਦਾ ਸਮਰਥਨ ਨਾ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਕਿਸਾਨ-ਮਜ਼ਦੂਰ ਵਿਰੋਧੀ ਭਾਜਪਾ ਅਤੇ ਕਾਂਗਰਸ ਦਾ ਵਿਰੋਧ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਇੱਥੇ ਜਾਰੀ ਇਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਮਹਿਲਾ ਕਿਸਾਨ ਯੂਨੀਅਨ ਨੇ ਗੈਰ-ਸਿਆਸੀ ਤੌਰ ਉਤੇ ਵਿਚਰਦਿਆਂ ਕਿਸੇ ਇਕ ਰਾਜਸੀ ਪਾਰਟੀ ਦੀ ਹਮਾਇਤ ਕਰਨ ਦੀ ਬਜਾਏ ਬਿਹਤਰ ਉਮੀਦਵਾਰਾਂ ਨੂੰ ਵੋਟਾਂ ਪਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਮੁੱਦਈ ਵਿਧਾਇਕਾਂ ਜਾਂ ਨੇਤਾਵਾਂ ਵੱਲੋਂ ਕਿਸਾਨ ਅੰਦੋਲਨ ਦੌਰਾਨ ਨਿਭਾਈ ਭੂਮਿਕਾ, ਸੰਘਰਸ਼ਸ਼ੀਲ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੰਵੇਦਨਾ, ਕਿਸਾਨਾਂ-ਮਜ਼ਦੂਰਾਂ ਦੀ ਭਲਾਈ ਖਾਤਰ ਪਿਛਲੇ ਪੰਜ ਸਾਲ ਦੌਰਾਨ ਕੀਤੇ ਕੰਮਾਂ ਸਮੇਤ ਉਸ ਦੀ ਈਮਾਨਦਾਰ ਅਤੇ ਲੋਕ ਪੱਖੀ ਛਵੀ ਨੂੰ ਦੇਖਦਿਆਂ ਉਸ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਣ।
ਬੀਬੀ ਰਾਜਵਿੰਦਰ ਕੌਰ ਰਾਜੂ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਲਿਖਤੀ ਸਮਝੌਤਾ ਕਰਨ ਦੇ ਬਾਵਜੂਦ ਵੀ ਮੰਗਾਂ ਨਾ ਮੰਨਣ ਕਾਰਨ ਭਾਜਪਾ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ। ਇਸੇ ਤਰ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਮੁੱਚੇ ਕਿਸਾਨ-ਮਜ਼ਦੂਰਾਂ ਦੀ ਕਰਜ਼ਾ ਮੁਆਫੀ ਸਮੇਤ ਗੁਲਾਬੀ ਸੁੰਡੀ ਅਤੇ ਕੁਦਰਤੀ ਆਫ਼ਤਾਂ ਦਾ ਮੁਆਵਜ਼ਾ ਨਾ ਦੇਣ ਸਮੇਤ ਹੋਰ ਭਖਦੀਆਂ ਕਿਸਾਨੀ ਮੰਗਾਂ ਤੋਂ ਟਾਲਾ ਵੱਟਣ ਦੇ ਵਿਰੋਧ ਵਿੱਚ ਕਾਂਗਰਸੀ ਉਮੀਦਵਾਰਾਂ ਦੀ ਕੋਈ ਹਮਾਇਤ ਨਹੀਂ ਕੀਤੀ ਜਾਵੇਗੀ।
ਮਹਿਲਾ ਕਿਸਾਨ ਨੇਤਾ ਨੇ ਸਮੂਹ ਰਾਜਸੀ ਪਾਰਟੀਆਂ ਅਤੇ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਆਖਿਆ ਕਿ ਜੇਕਰ ਉਹ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹਨ ਤਾਂ ਉਹ ਰਾਜ ਵਿੱਚ ਮੁਫ਼ਤਖੋਰੀ, ਨਸ਼ਿਆਂ ਅਤੇ ਨੋਟਾਂ ਦੇ ਲਾਲਚਾਂ ਰਾਹੀਂ ਵੋਟਾਂ ਖ਼ਰੀਦਣ ਵਾਲੀ ਘਟੀਆ ਰਾਜਨੀਤੀ ਤੋਂ ਤੌਬਾ ਕਰਨ।
ਮਹਿਲਾ ਕਿਸਾਨ ਯੂਨੀਅਨ ਦੀ ਨੇਤਾ ਨੇ ਮੋਦੀ ਸਰਕਾਰ ਵੱਲੋਂ ਆਮ ਲੋਕਾਂ ਦੀ ਜਸੂਸੀ ਕਰਨ ਲਈ ਇਜ਼ਰਾਈਲ ਤੋਂ ਪੈਗਾਸਿਸ ਸਪਾਈਵੇਅਰ ਖ਼ਰੀਦਣ ਬਾਰੇ ਨਿਊਯਾਰਕ ਟਾਈਮਜ਼ ਅਖ਼ਬਾਰ ਦੇ ਤਾਜ਼ਾ ਖੁਲਾਸਿਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਭਾਜਪਾ ਸਰਕਾਰ ਨੇ ਸੰਸਦ ਅਤੇ ਸੁਪਰੀਮ ਕੋਰਟ ਸਮੇਤ ਦੇਸ਼ ਦੇ ਲੋਕਾਂ ਤੋਂ ਸੱਚਾਈ ਨੂੰ ਛੁਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਜਾਸੂਸੀ ਉਪਕਰਣ ਖਰੀਦਣ ਲਈ ਦਹਾਕਿਆਂ ਤੋਂ ਫਲਸਤੀਨ ਪ੍ਰਤੀ ਅਪਣਾਈ ਜਾ ਰਹੀ ਨਿਰਪੱਖ ਭਾਰਤੀ ਵਿਦੇਸ਼ ਨੀਤੀ ਨੂੰ ਪੁੱਠਾ ਗੇੜਾ ਦਿੰਦਿਆਂ ਯੂਐੱਨਓ ਵਿਚ ਫਲਸਤੀਨੀ ਪੱਖ ਦਾ ਵਿਰੋਧ ਕਰਦਿਆਂ ਇਜ਼ਰਾਈਲ ਦੇ ਹੱਕ ਵਿੱਚ ਵੋਟਿੰਗ ਕਰਵਾਈ।
ਬੀਬੀ ਰਾਜਵਿੰਦਰ ਕੌਰ ਰਾਜੂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਮਿਸ਼ਨ ਯੂਪੀ‘ ਬਾਰੇ ਦਿੱਤੇ ਸੱਦੇ ਦਾ ਪੂਰਾ ਸਮਰਥਨ ਕਰਦਿਆਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਵਿਰੋਧੀ ਭਾਜਪਾ ਨੂੰ ਚੋਣਾਂ ਵਿੱਚ ਸਬਕ ਸਿਖਾਉਣ ਖਾਤਰ ਉੱਤਰ ਪ੍ਰਦੇਸ਼ ਦੇ ਸਮੂਹ ਕਿਸਾਨ ਸੰਗਠਨ ਘਰ-ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨ।
You must be logged in to post a comment Login