ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

ਨਵੀਂ ਦਿੱਲੀ, 9 ਜੂਨ- ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਤੇਜ਼ ਕਰਦਿਆਂ ਦਿੱਲੀ ਪੁਲੀਸ ਇੱਕ ਮਹਿਲਾ ਪਹਿਲਵਾਨ ਨੂੰ ਉਸ ਦੇ ਦਫ਼ਤਰ ਲੈ ਗਈ ਤਾਂ ਜੋ ਉਨ੍ਹਾਂ ਘਟਨਾਵਾਂ ਦਾ ਦ੍ਰਿਸ਼ ਮੁੜ ਰਚਿਆ ਜਾ ਸਕੇ ਜਿਨ੍ਹਾਂ ਤਹਿਤ ਜਿਨਸੀ ਛੇੜਛਾੜ ਦੀ ਘਟਨਾ ਹੋਈ ਸੀ। ਬ੍ਰਿਜ ਭੂਸ਼ਨ ਦੀ ਸਰਕਾਰੀ ਰਿਹਾਇਸ਼ ’ਚ ਹੀ ਡਬਲਿਊਐੱਫਆਈ ਦਾ ਦਫ਼ਤਰ ਵੀ ਹੈ।

ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇੱਕ ਮਹਿਲਾ ਪੁਲੀਸ ਮੁਲਾਜ਼ਮ ਨਾਲ ਪਹਿਲਵਾਨ ਨੂੰ ਤਕਰੀਬਨ 1.30 ਵਜੇ ਡਬਲਿਊਐੱਫਆਈ ਦੇ ਦਫਤਰ ਲਿਜਾਇਆ ਗਿਆ। ਉਨ੍ਹਾਂ ਕਿਹਾ, ‘ਉਹ ਤਕਰੀਬਨ ਅੱਧਾ ਘੰਟਾ ਉੱਥੇ ਰੁਕੇ। ਉਨ੍ਹਾਂ ਪਹਿਲਵਾਨ ਨੂੰ ਉਹ ਘਟਨਾਵਾਂ ਨੂੰ ਦੁਹਰਾਉਣ ਅਤੇ ਉਹ ਥਾਵਾਂ ਯਾਦ ਕਰਨ ਲਈ ਕਿਹਾ ਜਿੱਥੇ ਛੇੜਛਾੜ ਹੋਈ ਸੀ।’ ਪੁਲੀਸ ਦੇ ਜਾਂਦਿਆਂ ਹੀ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਪਹਿਲਵਾਨ ਵਿਨੇਸ਼ ਫੋਗਾਟ ਨੇ ਟਵੀਟ ਕਰਕੇ ਉਨ੍ਹਾਂ ਮੀਡੀਆ ਰਿਪੋਰਟਾਂ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਪਹਿਲਵਾਨ ਸਮਝੌਤੇ ਲਈ ਡਬਲਿਊਐੱਫਆਈ ਦੇ ਦਫ਼ਤਰ ਪਹੁੰਚੇ ਹਨ। ਉਨ੍ਹਾਂ ਕਿਹਾ, ‘ਇਹ ਬ੍ਰਿਜਭੂਸ਼ਨ ਦੀ ਤਾਕਤ ਹੈ। ਉਹ ਆਪਣੇ ਜ਼ੋਰ, ਸਿਆਸੀ ਤਾਕਤ ਤੇ ਝੂਠ ਦੇ ਦਮ ’ਤੇ ਮਹਿਲਾ ਪਹਿਲਵਾਨਾਂ ਨੂੰ ਪ੍ਰੇਸ਼ਾਨ ਕਰਨ ’ਚ ਲੱਗਾ ਹੋਇਆ ਹੈ। ਇਸ ਲਈ ਉਸ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ। ਪੁਲੀਸ ਸਾਨੂੰ ਤੋੜਨ ਦੀ ਥਾਂ ਉਸ ਨੂੰ ਗ੍ਰਿਫ਼ਤਾਰ ਕਰੇ ਤਾਂ ਇਨਸਾਫ ਦੀ ਉਮੀਦ ਹੈ, ਨਹੀਂ ਤਾਂ ਨਹੀਂ ਹੈ।’ ਉਸ ਨੇ ਅੱਗੇ ਲਿਖਿਆ, ‘ਮਹਿਲਾ ਪਹਿਲਵਾਨ ਪੁਲੀਸ ਜਾਂਚ ਲਈ ਘਟਨਾ ਸਥਾਨ ’ਤੇ ਗਈ ਸੀ ਪਰ ਮੀਡੀਆ ’ਚ ਚਲਾਇਆ ਗਿਆ ਕਿ ਉਹ ਸਮਝੌਤਾ ਕਰਨ ਗਈ ਹੈ।’ ਬਜਰੰਗ ਪੂਨੀਆ ਨੇ ਵੀ ਇਹੀ ਟਵੀਟ ਕੀਤਾ ਹੈ। ਇਸੇ ਦੌਰਾਨ ਦਿੱਲੀ ਕਾਂਗਰਸ ਨੇ ਕਿਹਾ ਹੈ ਕਿ ਉਹ ਮਹਿਲਾ ਪਹਿਲਵਾਨਾਂ ਦੇ ਹੱਕ ’ਚ 11 ਜੂਨ ਨੂੰ ਚੌਪਾਲ ਮੀਟਿੰਗਾਂ ਕਰੇਗੀ।

You must be logged in to post a comment Login