ਮਾਨ-ਕੇਜਰੀਵਾਲ ਮੁਲਾਕਾਤ ਲਈ ਤਿਹਾੜ ਜੇਲ੍ਹ, ਦਿੱਲੀ ਤੇ ਪੰਜਾਬ ਪੁਲੀਸ ਅਧਿਕਾਰੀਆਂ ਵਿਚਾਲੇ ਮੀਟਿੰਗ

ਮਾਨ-ਕੇਜਰੀਵਾਲ ਮੁਲਾਕਾਤ ਲਈ ਤਿਹਾੜ ਜੇਲ੍ਹ, ਦਿੱਲੀ ਤੇ ਪੰਜਾਬ ਪੁਲੀਸ ਅਧਿਕਾਰੀਆਂ ਵਿਚਾਲੇ ਮੀਟਿੰਗ

ਨਵੀਂ ਦਿੱਲੀ, 12 ਅਪਰੈਲ- ਕੌਮੀ ਰਾਜਧਾਨੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਭਾਵੀ ਮੁਲਾਕਾਤ ਦੌਰਾਨ ਸੁਰੱਖਿਆ ਸਬੰਧੀ ਜੇਲ੍ਹ, ਦਿੱਲੀ ਅਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਵਿਚਾਲੇ ਅੱਜ ਜੇਲ੍ਹ ਵਿੱਚ ਗੱਲਬਾਤ ਹੋਈ। ਮੀਟਿੰਗ ਸਵੇਰੇ 11 ਵਜੇ ਤਿਹਾੜ ਸਥਿਤ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਦੇ ਦਫ਼ਤਰ ਵਿੱਚ ਸ਼ੁਰੂ ਹੋਈ। ਇਹ ਮੀਟਿੰਗ ਸ੍ਰੀ ਮਾਨ ਅਤੇ ਕੇਜਰੀਵਾਲ ਵਿਚਕਾਰ ਹੋਣ ਵਾਲੀ ਮੁਲਾਕਾਤ ਲਈ ਦਿੱਲੀ ਜੇਲ੍ਹ ਦੇ ਨਿਯਮਾਂ ਅਨੁਸਾਰ ਸੁਰੱਖਿਆ ਪ੍ਰਬੰਧ ਕਰਨ ਅਤੇ ਸਾਰੀਆਂ ਰਸਮਾਂ ਪੂਰੀਆਂ ਕਰਨ ਲਈ ਰੱਖੀ ਗਈ ਸੀ। ਸ੍ਰੀ ਮਾਨ ਨੇ ਤਿਹਾੜ ਜੇਲ੍ਹ ਨੰਬਰ 2 ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲਣ ਲਈ ਤਿਹਾੜ ਪ੍ਰਸ਼ਾਸਨ ਤੋਂ ਸਮਾਂ ਮੰਗਿਆ ਹੈ। ਕੇਜਰੀਵਾਲ ਹੁਣ ਰੱਦ ਕੀਤੀ ਗਈ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ ਅਤੇ 15 ਅਪਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਰਹਿਣਗੇ। ਉਨ੍ਹਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਸਮੇਤ 6 ਲੋਕਾਂ ਦੇ ਨਾਂ ਦਿੱਤੇ ਹਨ, ਜਿਨ੍ਹਾਂ ਨੂੰ ਉਹ ਜੇਲ੍ਹ ਵਿੱਚ ਮਿਲਣਾ ਚਾਹੁੰਦੇ ਹਨ।

You must be logged in to post a comment Login