ਮਾਨ ਵੱਲੋਂ ‘ਪੰਜਾਬ ਜਲ ਯੋਜਨਾ’ ਨੂੰ ਹਰੀ ਝੰਡੀ

ਮਾਨ ਵੱਲੋਂ ‘ਪੰਜਾਬ ਜਲ ਯੋਜਨਾ’ ਨੂੰ ਹਰੀ ਝੰਡੀ

ਚੰਡੀਗੜ੍ਹ, 21 ਜੂਨ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਾਣੀ ਦੀ ਬੂੰਦ-ਬੂੰਦ ਬਚਾਉਣ ਲਈ ਅੱਜ ‘ਪੰਜਾਬ ਜਲ ਯੋਜਨਾ’ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਯੋਜਨਾ 14 ਨੁਕਾਤੀ ਐਕਸ਼ਨ ਪਲਾਨ ’ਤੇ ਅਧਾਰਿਤ ਹੈ। ਮੁੱਖ ਮੰਤਰੀ ਨੇ ਸਾਂਝੀ ਸੂਬਾਈ ਜਲ ਯੋਜਨਾ ਬਾਰੇ ਮੀਟਿੰਗ ’ਚ ਇਸ ਨਵੀਂ ਯੋਜਨਾ ਦੇ ਤਕਨੀਕੀ ਪਹਿਲੂਆਂ ’ਤੇ ਚਰਚਾ ਕੀਤੀ। ਯੋਜਨਾ ਦਾ ਮੁੱਖ ਮਕਸਦ ਜ਼ਮੀਨੀ ਪਾਣੀ ਬਚਾਉਣਾ, ਨਹਿਰੀ ਪਾਣੀ ਦੀ ਵਰਤੋਂ ਵਧਾਉਣਾ ਅਤੇ ਪਾਣੀ ਦੇ ਭੰਡਾਰਨ ਲਈ ਯੋਗ ਪ੍ਰਬੰਧ ਕਰਨਾ ਹੈ। ਮੁੱਖ ਮੰਤਰੀ ਨੇ ਜ਼ਮੀਨੀ ਪਾਣੀ ਦੇ ਪੱਧਰ ’ਚ ਸਾਲਾਨਾ ਔਸਤਨ 0.7 ਮੀਟਰ ਦੀ ਗਿਰਾਵਟ ’ਤੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਸਿੰਜਾਈ ਤਕਨੀਕਾਂ ਵਿੱਚ ਸੁਧਾਰ ਸਮੇਂ ਦੀ ਲੋੜ ਹੈ ਅਤੇ ਮਸਨੂਈ ਤੌਰ ਉੱਤੇ ਧਰਤੀ ਹੇਠ ਪਾਣੀ ਜੀਰਣ ਵਿੱਚ ਵਾਧੇ ਰਾਹੀਂ ਇਸ ਮੰਤਵ ਦੀ ਪੂਰਤੀ ਕੀਤੀ ਜਾ ਸਕਦੀ ਹੈ। ਮੀਟਿੰਗ ’ਚ ਬੰਦ ਪਏ 63 ਹਜ਼ਾਰ ਕਿਲੋਮੀਟਰ ਰਜਵਾਹਿਆਂ ਅਤੇ 79 ਨਹਿਰਾਂ ਦੀ ਸੁਰਜੀਤੀ ਵੀ ਚਰਚਾ ਦਾ ਹਿੱਸਾ ਰਹੀ। ਨਵੀਂ ਯੋਜਨਾ ਤਹਿਤ ਕਰੀਬ 15,79,379 ਹੈਕਟੇਅਰ ਰਕਬੇ ਨੂੰ ਸਿੰਜਾਈ ਦੀਆਂ ਨਵੀਆਂ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਤੁਪਕਾ ਸਿੰਜਾਈ, ਸਪਰਿੰਕਲਰ ਸਿੰਜਾਈ ਅਤੇ ਹੋਰ ਮੰਤਵਾਂ ਅਧੀਨ ਲਿਆਉਣ ਦਾ ਟੀਚਾ ਹੈ। ਜਲ ਯੋਜਨਾ ਤਹਿਤ ਵਾਧੂ ਨਹਿਰੀ ਪਾਣੀ ਨੂੰ ਰਜਵਾਹਿਆਂ ਅਤੇ ਨਹਿਰਾਂ ਲਾਗਲੇ ਛੱਪੜਾਂ ਵਿੱਚ ਪਾਏ ਜਾਣ ਦੀ ਯੋਜਨਾ ਹੈ ਅਤੇ ਇਨ੍ਹਾਂ ਛੱਪੜਾਂ ਦਾ ਪਾਣੀ ਲਿਫ਼ਟ ਸਿੰਜਾਈ ਪ੍ਰਣਾਲੀ ਰਾਹੀਂ ਖੇਤਾਂ ਵਿੱਚ ਲਿਜਾਇਆ ਜਾਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਚੈੱਕ ਡੈਮ ਤੇ ਨਵੇਂ ਤਲਾਬਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਸਵੈ-ਟਿਕਾਊ ਵਾਟਰ ਈਕੋ-ਸਿਸਟਮ ਵਿਕਸਤ ਕਰਨ ਲਈ ਵਾਟਰ ਯੂਜ਼ਰ ਐਸੋਸੀਏਸ਼ਨਾਂ ਦਾ ਗਠਨ ਕਰ ਕੇ ਭਾਗੀਦਾਰੀ ਸਿੰਜਾਈ ਪ੍ਰਬੰਧਨ ਦੀ ਵਕਾਲਤ ਕੀਤੀ। ਨਹਿਰੀ ਪਾਣੀ ਉਦਯੋਗਾਂ ਨੂੰ ਵੀ ਸਪਲਾਈ ਕੀਤਾ ਜਾਣਾ ਹੈ।

You must be logged in to post a comment Login