ਮਾਰਕ ਕਾਰਨੀ ਬਣ ਸਕਦੇ ਹਨ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ

ਮਾਰਕ ਕਾਰਨੀ ਬਣ ਸਕਦੇ ਹਨ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ

ਵੈਨਕੂਵਰ, 9 ਮਾਰਚ- ਦੋ ਮਹੀਨਿਆਂ ਦੀ ਉਡੀਕ ਤੋਂ ਬਾਅਦ ਕੈਨੇਡਿਆਈ ਸਰਕਾਰ ਦੀ ਵਾਗਡੋਰ ਸੰਭਾਲਣ ਵਾਲੇ ਵਿਅਕਤੀ ਦੀ ਚੋਣ ਦਾ ਦਿਨ ਆ ਗਿਆ ਹੈ। ਅੱਜ ਸ਼ਾਮ ਤੱਕ ਤੈਅ ਹੋ ਜਾਏਗਾ ਕਿ ਪਾਰਟੀ ਪ੍ਰਧਾਨਗੀ ਦੀ ਦੌੜ ਵਿੱਚ ਕੁੱਦੇ ਚਾਰ ਉਮੀਦਵਾਰਾਂ ਵਿਚੋਂ ਜੇਤੂ ਤਾਜ ਕਿਸ ਦੇ ਸਿਰ ਸਜੇਗਾ ਪਰ ਸਿਆਸੀ ਪੰਡਤ ਗੈਰ-ਸਿਆਸੀ ਪਿਛੋਕੜ ਵਾਲੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਅਗਲਾ ਪ੍ਰਧਾਨ ਮੰਤਰੀ ਮੰਨਣ ਲੱਗ ਪਏ ਹਨ। ਉਂਜ ਤਾਂ ਮਾਰਕ ਕਾਰਨੀ ਵਲੋਂ ਪਾਰਟੀ ਲਈ 45 ਲੱਖ ਡਾਲਰ ਦਾ ਫੰਡ ਜੁਟਾ ਸਕਣ ਅਤੇ ਪਿਛਲੇ ਹਫਤੇ ਚਾਰੇ ਉਮੀਦਵਾਰਾਂ ਦੀ ਬਹਿਸ ਤੋਂ ਬਾਅਦ ਮਾਰਕ ਕਾਰਨੀ ਪਾਰਟੀ ਸਮਰਥਕਾਂ ਦੀ ਪਹਿਲੀ ਪਸੰਦ ਬਣ ਗਿਆ ਸੀ ਪਰ ਲੰਘੇ ਦੋ ਤਿੰਨ ਦਿਨਾਂ ਤੋਂ ਪ੍ਰਧਾਨ ਮੰਤਰੀ ਦਫਤਰ ਅੰਦਰਲੀਆਂ ਗਤੀਵਿਧੀਆਂ ਲੀਕ ਹੋਣ ਨਾਲ ਲੋਕਾਂ ਨੂੰ ਸਰਵੇਖਣ ਏਜੰਸੀਆਂ ਦੇ ਨਤੀਜਿਆਂ ’ਤੇ ਵੀ ਭਰੋਸਾ ਬੱਝਣ ਲੱਗਾ ਹੈ ਕਿ ਜਸਟਿਨ ਟਰੂਡੋ ਵਲੋਂ ਖਾਲੀ ਕੀਤੀ ਜਾਣ ਵਾਲੀ ਕੁਰਸੀ ਉੱਤੇ ਆਰਥਿਕ ਮਾਹਿਰ ਹੀ ਬਿਰਾਜਮਾਨ ਹੋਣਗੇ। ਲੋਕ ਚੇਤਿਆਂ ਵਿਚੋਂ ਉਹ ਸਮਾਂ ਉਭਰਨ ਲੱਗਾ ਹੈ, ਜਦ ਮਾਰਕ ਕਾਰਨੀ ਨੇ ਕੈਨੇਡਾ ਨੂੰ 2008 ਦੀ ਵਿਸ਼ਵ ਮੰਦੀ ਦੀ ਮਾਰ ਤੋਂ ਦੇਸ਼ ਦੀ ਆਰਥਿਕਤਾ ਨੂੰ ਬਚਾ ਲਿਆ ਸੀ। ਉਸ ਦੀ ਉਸ ਵਿਸ਼ੇਸ਼ਤਾ ਕਾਰਨ ਕੈਨੇਡਾ ਤੋਂ ਸੇਵਾਮੁਕਤ ਹੁੰਦੇ ਹੀ ਯੂਕੇ ਸਰਕਾਰ ਵਲੋਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਦੀ ਪੇਸ਼ਕਸ਼ ਆ ਗਈ ਜਿਸ ਵਿਚ ਸ਼ਾਮਲ ਹੋ ਕੇ ਉਨ੍ਹਾਂ ਉਥੇ ਵੀ ਨਾਮਣਾ ਖੱਟਿਆ।

You must be logged in to post a comment Login