ਮਾਸਕੋ ’ਚ ਸੰਗੀਤ ਸਮਾਗਮ ਵਾਲੀ ਥਾਂ ’ਤੇ ਦਹਿਸ਼ਤੀ ਹਮਲਾ, 143 ਮੌਤਾਂ

ਮਾਸਕੋ ’ਚ ਸੰਗੀਤ ਸਮਾਗਮ ਵਾਲੀ ਥਾਂ ’ਤੇ ਦਹਿਸ਼ਤੀ ਹਮਲਾ, 143 ਮੌਤਾਂ

ਮਾਸਕੋ, 24 ਮਾਰਚ- ਰੂਸ ਦੀ ਰਾਜਧਾਨੀ ਮਾਸਕੋ ਦੇ ਇਕ ਕੰਸਰਟ ਹਾਲ (ਸੰਗੀਤ ਪ੍ਰੋਗਰਾਮ ਵਾਲ ਥਾਂ) ’ਤੇ ਕੁਝ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ’ਚ 143 ਵਿਅਕਤੀ ਮਾਰੇ ਗਏ ਹਨ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਚਾਰ ਹਮਲਾਵਰਾਂ ਸਮੇਤ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮਲੇ ਮਗਰੋਂ ਕ੍ਰੋਕਸ ਸਿਟੀ ਹਾਲ ਨੂੰ ਅੱਗ ਲੱਗ ਗਈ। ਰੂਸੀ ਏਜੰਸੀਆਂ ਨੂੰ ਸ਼ੱਕ ਹੈ ਕਿ ਹਮਲੇ ਪਿੱਛੇ ਯੂਕਰੇਨ ਦਾ ਹੱਥ ਹੈ ਹਾਲਾਂਕਿ ਇਸਲਾਮਿਕ ਸਟੇਟ ਦੇ ਅਤਿਵਾਦੀ ਗੁੱਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਂਜ ਇਕ ਅਮਰੀਕੀ ਖ਼ੁਫ਼ੀਆ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਮਲੇ ਪਿੱਛੇ ਜਹਾਦੀ ਗੁੱਟ ਹੀ ਜ਼ਿੰਮੇਵਾਰ ਹੈ। ਰੂਸ ’ਚ ਇਹ ਪਿਛਲੇ ਦੋ ਦਹਾਕਿਆਂ ’ਚ ਹੋਇਆ ਸਭ ਤੋਂ ਭਿਆਨਕ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਰੂਸੀ ਜਾਂਚ ਕਮੇਟੀ ਨੇ ਕਿਹਾ ਕਿ ਚਾਰ ਹਮਲਾਵਰ ਪੱਛਮੀ ਰੂਸ ਦੇ ਬ੍ਰਿਯਾਂਸਕ ਖ਼ਿੱਤੇ ’ਚ ਛੁਪ ਗਏ ਸਨ ਜੋ ਯੂਕਰੇਨ ਦੀ ਸਰਹੱਦ ਤੋਂ ਬਹੁਤੀ ਦੂਰ ਨਹੀਂ ਹੈ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਫੜੇ ਗਏ ਵਿਅਕਤੀ ਸਰਹੱਦ ਪਾਰ ਕਰਕੇ ਯੂਕਰੇਨ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ’ਚ ਸਨ ਜਿਥੇ ਉਨ੍ਹਾਂ ਦੇ ਸੰਪਰਕ ਹਨ। ਰੂਸੀ ਫੈਡਰਲ ਸੁਰੱਖਿਆ ਸੇਵਾ ਐੱਫਐੱਸਬੀ ਦੇ ਮੁਖੀ ਨੇ ਗ੍ਰਿਫ਼ਤਾਰੀਆਂ ਬਾਰੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਜਾਣਕਾਰੀ ਦਿੱਤੀ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਪੂਤਿਨ ਨੇ ਰਾਸ਼ਟਰਪਤੀ ਚੋਣਾਂ ’ਚ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਹਮਲੇ ਦੇ ਥੋੜੀ ਦੇਰ ਬਾਅਦ ਹੀ ਕੁਝ ਰੂਸੀ ਕਾਨੂੰਨਸਾਜ਼ਾਂ ਨੇ ਯੂਕਰੇਨ ਵੱਲ ਉਂਗਲ ਚੁੱਕੀ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਦੇ ਸਲਾਹਕਾਰ ਮਿਖਾਈਲੋ ਪੋਡੋਲਯਾਕ ਨੇ ਹਮਲੇ ’ਚ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

You must be logged in to post a comment Login